ਨਵਜੋਤ ਸਿੱਧੂ ਦੀ ਟਵਿੱਟਰ ‘ਤੇ ਸਿੱਧੀ ਸਿਆਸਤ ਜਾਂ ਚੁੱਕੇ ਜਾ ਰਹੇ ਨੇ ਅਸਲ ਮੁੱਦੇ ? ਕੀਤੇ ਹੋਰ ਟਵੀਟ

TeamGlobalPunjab
3 Min Read

ਚੰਡੀਗੜ੍ਹ: ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਨਵਜੋਤ ਸਿੱਧੂ ਹਰ ਰੋਜ਼ ਟਵਿੱਟਰ ‘ਤੇ ਕੁੱਝ ਅਜਿਹਾ ਟਵੀਟ ਕਰਦੇ ਹਨ ਕਿ ਲੋਕ ਉਨ੍ਹਾਂ ਗੱਲਾਂ ‘ਤੇ ਵਿਚਾਰ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਨਵਜੋਤ ਸਿੰਘ ਸਿੱਧੂ ਨੇ ਹੁਣ ਟਵੀਟ ਕਰਦਿਆਂ ਲੋਕਤੰਤਰ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਲਿਖਿਆ ਕਿ, ‘ਲੋਕਤੰਤਰ ਦਾ ਮਤਲਬ ਹੈ ਕਿ ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ। ਉਨ੍ਹਾਂ ਸਰਕਾਰ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰੀ ਸਿੱਖਿਆ ਫੇਲ੍ਹ ਹੋਈ ਤਾਂ ਹੀ ਪ੍ਰਾਈਵੇਟ ਸਿੱਖਿਆ ਦਾਖਲ ਹੋਈ।

ਸਿੱਧੂ ਨੇ ਸਿਹਤ ਸਬੰਧੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ, ਜਦੋਂ ਸਰਕਾਰੀ ਸਿਹਤ ਪ੍ਰਬੰਧ ਕਾਮਯਾਬ ਨਹੀਂ ਹੋਏ ਤਾਂ ਲੋਕਾਂ ਨੇ ਬੀਮੇ ਕਰਵਾਏ। ਪਾਣੀ ਜਦੋਂ ਪੀਣ ਯੋਗ ਨਹੀਂ ਰਿਹਾ ਤਾਂ ਲੋਕਾਂ ਨੇ ਆਰ.ਓ ਜਾਂ ਵਾਟਰ ਫਿਲਟਰ ਲਗਾਏ। ਇਹ ਸਵਾਲ ਸਿੱਧੂ ਦੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ‘ਤੇ ਸਨ, ਕਿ ਹੁਣ ਤੱਕ ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਕੀ ਕੁੱਝ ਦਿੱਤਾ।

ਇੱਕ ਹੋਰ ਟਵੀਟ ‘ਚ ਨਵਜੋਤ ਸਿੱਧੂ ਨੇ ਲਿਖਿਆ ਕਿ ਸਾਨੂੰ ਰਤਾ ਰੁਕ ਕੇ, ਕੁੱਝ ਨਵਾਂ ਸੋਚਣਾ ਪਵੇਗਾ ਅਤੇ ਨਵੀਂ ਲੀਹ ‘ਤੇ ਚੱਲਣਾ ਪਵੇਗਾ ਅਤੇ ਜੇਕਰ ਹੁਣ ਨਹੀਂ ਤਾਂ ਕਦੋਂ? ਨਵਜੋਤ ਸਿੰਘ ਸਿੱਧੂ ਨੇ ਅੱਗੇ ਲਿਖਿਆ ਕਿ ਸਾਨੂੰ ਸਰਬੱਤ ਦੇ ਭਲੇ ਲਈ ਕਲਿਆਣਕਾਰੀ ਰਾਜ ਮੁੜ ਸੁਰਜਿਤ ਕਰਨਾ ਹੀ ਪਵੇਗਾ।

ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਨਵਜੋਤ ਸਿੱਧੂ ਦੀ ਕਾਰਗੁਜਾਰੀ ‘ਤੇ ਜ਼ਰਾ ਵੀ ਖੁਸ਼ ਨਹੀਂ ਹੈ। ਇਸ ਸਬੰਧੀ ਹਾਈਕਮਾਂਡ ਵੀ ਜਾਣੂ ਹੈ। ਹੁਣ ਤਾਂ ਸਿੱਧੂ ਦੇ ਖਿਲਾਫ਼ ਇੱਕ ਰਿਪੋਰਟ ਵੀ ਤਿਆਰ ਕੀਤੀ ਜਾਂ ਰਹੀ ਹੈ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਤਵ ਨੂੰ ਭੇਜੀ ਜਾਵੇਗੀ। ਕਾਂਗਰਸੀ ਵਿਧਾਇਕ ਅਤੇ ਕੈਬਿਨੇਟ ਮੰਤਰੀ ਸਣੇ ਮੁੱਖ ਮੰਤਰੀ ਵੀ ਸਿੱਧੂ ਦੇ ਇਨ੍ਹਾਂ ਹਮਲਿਆਂ ਤੋਂ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ ਵੀ ਦੇ ਚੁੱਕੇ ਹਨ।

Share This Article
Leave a Comment