ਲੰਦਨ: ਮਸ਼ਹੂਰ ਵੇਂਬਲੀ ਸਟੇਡੀਅਮ ਵਿੱਚ ਸ਼ਨੀਵਾਰ ਰਾਤ ਪੰਜਾਬੀ ਸੰਗੀਤ ਦੀ ਗੂੰਜ ਨੇ ਪੂਰਾ ਮਾਹੌਲ ਬਦਲ ਦਿੱਤਾ। ਜਿਵੇਂ ਹੀ ਦਿਲਜੀਤ ਦੋਸਾਂਝ ਸਟੇਜ ’ਤੇ ਪਹੁੰਚੇ, ਉਨ੍ਹਾਂ ਦੇ ਮੂੰਹੋਂ ਨਿਕਲੇ “ਪੰਜਾਬੀ ਆ ਗਏ ਵੇਂਬਲੀ ਓਏ!” ਦੇ ਸ਼ਬਦਾਂ ਨਾਲ ਹਜ਼ਾਰਾਂ ਦਰਸ਼ਕਾਂ ਵਿੱਚ ਜੋਸ਼ ਛਾ ਗਿਆ। ਵੇਂਬਲੀ ਸਟੇਡੀਅਮ ਮੁਤਾਬਕ ਦਿਲਜੀਤ ਇੱਥੇ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।
‘ਇਹ ਪਲ ਇਤਿਹਾਸ ਵਿੱਚ ਦਰਜ ਹੋਵੇਗਾ’
ਦਿਲਜੀਤ ਦੋਸਾਂਝ ਆਪਣੇ ਕਾਨਸਰਟਾਂ ਦੀ ਸ਼ੁਰੂਆਤ ਅਕਸਰ “ਪੰਜਾਬੀ ਆ ਗਏ ਓਏ” ਦੇ ਨਾਲ ਕਰਦੇ ਹਨ। ਪਰ ਵੇਂਬਲੀ ਵਿੱਚ ਇਹੀ ਗੱਲ ਇੱਕ ਖਾਸ ਅੰਦਾਜ਼ ਨਾਲ ਸੁਣਾਈ ਦਿੱਤੀ। ਆਪਣੇ ਫੈਨਜ਼ ਨੂੰ ਸੰਬੋਧਨ ਕਰਦਿਆਂ ਦਿਲਜੀਤ ਨੇ ਇਸ ਮੌਕੇ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ, “ਇਹ ਪਲ ਇਤਿਹਾਸ ਵਿੱਚ ਦਰਜ ਹੋ ਜਾਵੇਗਾ।”
ਭੰਗੜੇ ਦੀਆਂ ਧੁਨਾਂ ਨਾਲ ਸ਼ੁਰੂ ਹੋਏ ਸ਼ੋਅ ਵਿੱਚ ਦਿਲਜੀਤ ਨੇ ‘G.O.A.T.’, ‘Lover’, ‘Hass Hass’ ਅਤੇ ‘Born to Shine’ ਸਮੇਤ ਆਪਣੇ ਕਈ ਮਸ਼ਹੂਰ ਗਾਣੇ ਪੇਸ਼ ਕੀਤੇ। ਉਨ੍ਹਾਂ ਦੀ ਜ਼ਬਰਦਸਤ ਸਟੇਜ ਪਰਫਾਰਮੈਂਸ ਨੇ ਦਰਸ਼ਕਾਂ ਨੂੰ ਲਗਾਤਾਰ ਨਚਣ ਅਤੇ ਗਾਉਣ ਲਈ ਮਜਬੂਰ ਕਰ ਦਿੱਤਾ।
ਦੋ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਦਿਲਜੀਤ ਨੇ ਦੁਨੀਆ ਭਰ ਵਿੱਚ ਆਪਣੀ ਵੱਡੀ ਫੈਨ ਫਾਲੋਇੰਗ ਬਣਾਈ ਹੈ। ਉਹ ਮਿਊਜ਼ਿਕ ਚਾਰਟਸ ਵਿੱਚ ਸਿਖਰ ’ਤੇ ਰਹੇ ਹਨ ਅਤੇ ਐੱਡ ਸ਼ੀਰਨ ਵਰਗੇ ਕਲਾਕਾਰਾਂ ਨਾਲ ਵੀ ਕੰਮ ਕਰ ਚੁੱਕੇ ਹਨ। ਉਹ ਜਿਮੀ ਫੈਲਨ ਨਾਲ ਭੰਗੜਾ ਕਰ ਚੁੱਕੇ ਹਨ ਅਤੇ ਅਮਰੀਕੀ ਟਾਕ ਸ਼ੋਅ ਹੋਸਟ ਨੇ ਉਨ੍ਹਾਂ ਨੂੰ “ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਕਲਾਕਾਰ” ਵੀ ਕਿਹਾ ਹੈ।
ਸ਼ੋਅ ਤੋਂ ਪਹਿਲਾਂ ਦਿਲਜੀਤ ਨੇ ਬੈਕਸਟੇਜ ਬੀਬੀਸੀ ਨਾਲ ਗੱਲਬਾਤ ਦੌਰਾਨ ਵੇਂਬਲੀ ਵਿੱਚ ਪਰਫਾਰਮ ਕਰਨ ਦੇ ਮੌਕੇ ਨੂੰ ਆਪਣੇ ਲਈ “ਇੱਕ ਸੁਪਨਾ” ਦੱਸਿਆ।
ਦੁਪਹਿਰ ਤੋਂ ਹੀ ਫੈਨਜ਼ ਵਿੱਚ ਉਤਸ਼ਾਹ
ਕਾਨਸਰਟ ਵਿੱਚ ਪਹੁੰਚੀ ਭੀੜ ਵਿੱਚ ਜ਼ਿਆਦਾਤਰ ਲੋਕ ਦੱਖਣੀ ਏਸ਼ੀਆਈ ਸਨ, ਹਾਲਾਂਕਿ ਇੱਥੇ ਹੋਰ ਲੋਕ ਵੀ ਮੌਜੂਦ ਸਨ। ਫੈਨਜ਼ ਦੁਪਹਿਰ ਤੋਂ ਹੀ ਸਟੇਡੀਅਮ ਦੇ ਬਾਹਰ ਪਹੁੰਚਣ ਲੱਗੇ ਸਨ ਤਾਂ ਜੋ ਉਨ੍ਹਾਂ ਨੂੰ ਚੰਗੀ ਜਗ੍ਹਾ ਮਿਲ ਸਕੇ।
ਇੱਕ ਫੈਨ ਨੇ ਦਿਲਜੀਤ ਦੀ ਤੁਲਨਾ ਮਾਈਕਲ ਜੈਕਸਨ ਅਤੇ ਮੈਡੋਨਾ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਦਿਲਜੀਤ ਉਸੇ ਪੱਧਰ ਦੇ ਕਲਾਕਾਰ ਹਨ। ਇੱਕ ਹੋਰ ਫੈਨ ਨੇ ਉਨ੍ਹਾਂ ਨੂੰ ਹੈਂਡਸਮ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਦੱਸਿਆ।
ਰਾਤ 8 ਵਜੇ ਤੋਂ ਕੁਝ ਸਮੇਂ ਬਾਅਦ ਜਦੋਂ ਦਿਲਜੀਤ ਰਵਾਇਤੀ ਪਹਿਰਾਵੇ ਵਿੱਚ ਸਟੇਜ ’ਤੇ ਆਏ ਤਾਂ ਸਟੇਡੀਅਮ ਤਾੜੀਆਂ ਅਤੇ ਚੀਕਾਂ ਨਾਲ ਗੂੰਜ ਉੱਠਿਆ। ਅਗਲੇ ਸਵਾ ਦੋ ਘੰਟਿਆਂ ਤੱਕ ਉਨ੍ਹਾਂ ਨੇ ਪੰਜਾਬੀ ਸੰਗੀਤ, ਰੈਪ ਅਤੇ ਹਿੱਪ-ਹੌਪ ਦਾ ਸ਼ਾਨਦਾਰ ਮੇਲ ਪੇਸ਼ ਕੀਤਾ।
ਫੈਨਜ਼ ਨਾਲ ਖਾਸ ਕਨੈਕਸ਼ਨ
ਕਾਨਸਰਟ ਦੌਰਾਨ ਦਰਸ਼ਕਾਂ ਨੇ ਮੋਬਾਈਲ ਲਾਈਟਾਂ ਲਹਿਰਾਈਆਂ, ਗਾਣੇ ਗਾਏ ਅਤੇ ਖੂਬ ਡਾਂਸ ਕੀਤਾ। ਕਈ ਮੌਕਿਆਂ ’ਤੇ ਸਟੇਜ ਦੇ ਨੇੜੇ ਦਾ ਮਾਹੌਲ ਪੰਜਾਬੀ ਵਿਆਹ ਵਰਗਾ ਨਜ਼ਰ ਆਇਆ, ਜਿੱਥੇ ਫੈਨਜ਼ ਦਿਲਜੀਤ ਦੇ ਡਾਂਸ ਮੂਵਜ਼ ਦੀ ਨਕਲ ਕਰਦੇ ਦਿਖੇ।
ਵੱਡੇ ਸਟੇਡੀਅਮ ਵਿੱਚ ਪਰਫਾਰਮ ਕਰਨ ਦੇ ਬਾਵਜੂਦ ਦਿਲਜੀਤ ਨੇ ਫੈਨਜ਼ ਨਾਲ ਆਪਣਾ ਨਿੱਜੀ ਕਨੈਕਸ਼ਨ ਕਾਇਮ ਰੱਖਿਆ। ਉਨ੍ਹਾਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਇੱਕ ਬਜ਼ੁਰਗ ਮਹਿਲਾ ਤੱਕ ਕਈ ਫੈਨਜ਼ ਨੂੰ ਸਟੇਜ ’ਤੇ ਬੁਲਾਇਆ, ਸੈਲਫ਼ੀਆਂ ਖਿੱਚੀਆਂ ਅਤੇ ਤੋਹਫ਼ੇ ਦਿੱਤੇ।
ਉਨ੍ਹਾਂ ਨੇ ਸਟੇਡੀਅਮ ਦੀਆਂ ਪਿਛਲੀਆਂ ਕਤਾਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਹ ਵੀ ਉਨ੍ਹਾਂ ਨਾਲ “ਦਿਲ ਨਾਲ ਜੁੜੇ ਹੋਏ” ਹਨ।
ਨਵੰਬਰ ’ਚ ਅਹਿਮਦਾਬਾਦ ’ਚ ਪਰਫਾਰਮੈਂਸ
ਭਾਰਤ ਵਿੱਚ ਬੈਠੇ ਦਿਲਜੀਤ ਦੇ ਫੈਨਜ਼ ਲਈ ਵੀ ਸ਼ੋਅ ਦੌਰਾਨ ਵੱਡਾ ਐਲਾਨ ਹੋਇਆ। ਦਿਲਜੀਤ ਨੇ ਦੱਸਿਆ ਕਿ ਉਹ ਨਵੰਬਰ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ।
ਵੇਂਬਲੀ ਕਾਨਸਰਟ ਦਾ ਅੰਤ ਭਾਵੁਕ ਪਲ ਨਾਲ ਹੋਇਆ, ਜਦੋਂ ਦਿਲਜੀਤ ਨੇ ‘ਮੈਂ ਹੂੰ ਪੰਜਾਬ’ ਗਾਣਾ ਪੇਸ਼ ਕੀਤਾ। ਇਸ ਦੌਰਾਨ ਸ਼ਾਨਦਾਰ ਆਤਿਸ਼ਬਾਜ਼ੀ ਨੇ ਰਾਤ ਨੂੰ ਹੋਰ ਯਾਦਗਾਰ ਬਣਾ ਦਿੱਤਾ।
ਕਾਨਸਰਟ ਵਿੱਚ ਸ਼ਾਮਲ ਅਮਿਤ ਅਤੇ ਰਾਣੀ ਨੇ ਬੀਬੀਸੀ ਨੂੰ ਕਿਹਾ ਕਿ ਸ਼ੋਅ ਦੀ ਐਨਰਜੀ ਅਤੇ ਵਾਈਬ ਬੇਮਿਸਾਲ ਸੀ। ਉਨ੍ਹਾਂ ਮੁਤਾਬਕ ਉਹ ਯੂਕੇ ਵਿੱਚ ਦਿਲਜੀਤ ਦੇ ਕਈ ਸ਼ੋਅ ਦੇਖ ਚੁੱਕੇ ਹਨ, ਪਰ ਵੇਂਬਲੀ ਦਾ ਇਹ ਪ੍ਰੋਗਰਾਮ ਬਿਲਕੁਲ ਵੱਖਰਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਨਮਾਨ ਦਾ ਪਲ ਨਹੀਂ ਸੀ, ਸਗੋਂ ਪੰਜਾਬੀ ਸੱਭਿਆਚਾਰ ਨੂੰ ਮਨਾਉਣ ਦਾ ਵੀ ਇੱਕ ਖਾਸ ਮੌਕਾ ਸੀ।

