ਆਪ ਦਾ ਸਵਾਲ: ਕੀ ਸੁਖਬੀਰ ਬਾਦਲ ਨੂੰ ਵਿਧਾਇਕਾਂ ਦੇ ਸਟੈਂਡ ਬਦਲਾਉਣ ਲਈ ਅਮਿਤ ਸ਼ਾਹ ਦਾ ਆਇਆ ਸੀ ਫੋਨ?

Prabhjot Kaur
3 Min Read

ਚੰਡੀਗੜ੍ਹ: ਸੂਬਾ ਸਰਕਾਰ ਦੇ ਹੱਕ ਵਿੱਚ ਭਰੋਸੇ ਦੇ ਪ੍ਰਸਤਾਵ ਦਾ ਸਮਰਥਨ ਕਰਨ ਦੇ ਆਪਣੇ ਸ਼ੁਰੂਆਤੀ ਸਟੈਂਡ ਤੋਂ ਪਿੱਛੇ ਹਟਣ ਅਤੇ ਪਲਟਣ ਲਈ ਅਕਾਲੀ ਦਲ ਦੀ ਨਿੰਦਾ ਕਰਦਿਆਂ, ਆਮ ਆਦਮੀ ਪਾਰਟੀ ਨੇ ਕਿਹਾ ਕਿ ਅਕਾਲੀ ਵਿਧਾਇਕਾਂ ਦੇ ਦੋਹਰੇ ਚਿਹਰੇ ਪੰਜਾਬ ਦੇ ਲੋਕਾਂ ਸਾਹਮਣੇ ਇੱਕ ਵਾਰ ਫਿਰ ਬੇਨਕਾਬ ਹੋ ਗਏ ਹਨ।

ਮਨਪ੍ਰੀਤ ਸਿੰਘ ਇਆਲੀ ਨੂੰ ਸਵਾਲ ਕਰਦਿਆਂ ‘ਆਪ’ ਬੁਲਾਰੇ ਨੇ ਕਿਹਾ ਕਿ ਉਹ ਹੁਣ ਆਪਣੇ ਸਟੈਂਡ ਤੋਂ ਪਿੱਛੇ ਕਿਉਂ ਹਟ ਗਏ ਹਨ। ਕੀ ਉਨ੍ਹਾਂ ਨੂੰ ਭਾਜਪਾ ਦੇ ਆਪ੍ਰੇਸ਼ਨ ਲੋਟਸ ਵਿਰੁੱਧ ‘ਸੱਚ’ ਦਾ ਸਮਰਥਨ ਦੇਣ ਕਾਰਨ ਅਕਾਲੀ ਲੀਡਰਸ਼ਿਪ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ? ਬੁਲਾਰੇ ਨੇ ਕਿਹਾ ਕਿ ਮਤਾ ਪਾਸ ਹੋਣ ਸਮੇਂ ਅਕਾਲੀ-ਬਸਪਾ ਵਿਧਾਇਕ ਵਿਧਾਨ ਸਭਾ ਵਿੱਚ ਚੁੱਪ ਰਹੇ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਦੇ ਖਿਲਾਫ ਸਪੀਕਰ ਨੂੰ ਪੱਤਰ ਲਿਖਿਆ। ਉਨ੍ਹਾਂ ਦੇ ਦੋਹਰੇ ਮਾਪਦੰਡ ਸਭ ਦੇ ਸਾਹਮਣੇ ਹਨ।

‘ਆਪ’ ਬੁਲਾਰੇ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਫ਼ੋਨ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਆਪਣਾ ਸਟੈਂਡ ਬਦਲਣ ਲਈ ਮਜ਼ਬੂਰ ਕੀਤਾ ਸੀ।

ਉਨ੍ਹਾਂ ਕਿਹਾ ਕਿ ‘ਆਪ’ ਦੇ 91 ਵਿਧਾਇਕਾਂ ਨੇ ਮਤੇ ਦੀ ਹਮਾਇਤ ‘ਚ ਹਾਂ ‘ਚ ਵੋਟ ਪਾਈ ਅਤੇ ਮਨਪ੍ਰੀਤ ਇਆਲੀ ਨੇ ਨਾ ‘ਹਾਂ’ ‘ਚ ਅਤੇ ਨਾ ਹੀ ਨਾਂਹ ‘ਚ ਵੋਟ ਪਾਈ। ਜਦੋਂ ਸਪੀਕਰ ਵੱਲੋਂ ਦੁਬਾਰਾ ਪੁੱਛਿਆ ਗਿਆ ਕਿ ਕੀ ਉਹ ਨਾਂਹ ਦੇ ਹੱਕ ਵਿੱਚ ਹਨ ਤਾਂ ਕੋਈ ਜਵਾਬ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਦੀਆਂ ਵੋਟਾਂ ਦੀ ਹਾਂ ਦੇ ਹੱਕ ਗਿਣਤੀ ਹੋਈ।

- Advertisement -

ਬੁਲਾਰੇ ਨੇ ਕਿਹਾ ਕਿ ਵਿਧੀ ਅਨੁਸਾਰ, ਕਿਸੇ ਵੀ ਵਿਧਾਇਕ ਦੁਆਰਾ ਇਤਰਾਜ਼ ਨਾਂਹ ਹੋਣ ਦੀ ਸੂਰਤ ਵਿੱਚ ਇਸਨੂੰ ਪ੍ਰਸਤਾਵ ਦੇ ਪੱਖ ਵਿੱਚ ਹਾਂ ਮੰਨਿਆ ਜਾਂਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਆਪ ਨੇ ਕਿਹਾ ਕਿ ਬਾਦਲ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਧਾਇਕ ਨੂੰ ਸਵਾਲ ਕਰਨ ਕਿ ਉਹ ਇਸ ਪ੍ਰਸਤਾਵ ਦੇ ਖਿਲਾਫ ਖੁੱਲ੍ਹ ਕੇ ਕਿਉਂ ਨਹੀਂ ਬੋਲੇ। ਆਖ਼ਰ ਮਨਪ੍ਰੀਤ ਇਆਲੀ ਦਾ ਇਰਾਦਾ ਕੀ ਸੀ। ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਮਤੇ ਦੀ ਹਿਮਾਇਤ ਕਰਨ ਤੋਂ ਬਾਅਦ ਇਆਲੀ ਕਿਸ ਦੀ ਧਮਕੀ ‘ਤੇ ਪਲਟੇ ਅਤੇ ਫਿਰ ਕਾਹਲੀ ‘ਚ ਸਫ਼ਾਈ ਦੇ ਰਹੇ ਸਨ।

ਇੱਥੋਂ ਤੱਕ ਕਿ ਬਾਦਲ ਨੂੰ ਵੀ ਆਪਣੇ ਵਿਧਾਇਕ ਬਾਰੇ ਸਪੱਸ਼ਟੀਕਰਨ ਦੇਣ ਲਈ ਟਵੀਟ ਵੀ ਕਰਨਾ ਪਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਵਿੱਚ ਸਭ ਕੁਝ ਠੀਕ ਨਹੀਂ ਹੈ ਅਤੇ ਆਪਸੀ ਕਲੇਸ਼ ਸਾਫ਼ ਨਜ਼ਰ ਆ ਰਿਹਾ ਹੈ।

‘ਆਪ’ ਬੁਲਾਰੇ ਨੇ ਇਹ ਵੀ ਕਿਹਾ ਕਿ ਕੀ ਬਾਦਲ ਮੁੜ ਭਾਜਪਾ ਨਾਲ ਹੱਥ ਮਿਲਾਉਣਾ ਚਾਹੁੰਦੇ ਹਨ ਕਿਉਂਕਿ ਅਜਿਹੀਆਂ ਅਟਕਲਾਂ ਹਨ ਕਿ ਸੁਖਬੀਰ ਬਾਦਲ ਦੀ ਕੁਝ ਦਿਨ ਪਹਿਲਾਂ ਅਮਿਤ ਸ਼ਾਹ ਨਾਲ ਇੱਕ ਗੁਪਤ ਮੀਟਿੰਗ ਹੋਈ ਸੀ।

Share this Article
Leave a comment