ਬਸੰਤ ਪੰਚਮੀ – ਸਾਂਝੇ ਪੰਜਾਬ ਦਾ ਰਵਾਇਤੀ ਤਿਉਹਾਰ

TeamGlobalPunjab
5 Min Read

-ਅਵਤਾਰ ਸਿੰਘ

ਬਸੰਤ ਰੁੱਤ ਸਾਲ ਦੀਆਂ ਰੁੱਤਾਂ ‘ਚੋਂ ਸਭ ਤੋਂ ਵਧੀਆ ਰੁੱਤ ਬਸੰਤ ਦੀ ਹੈ। ਇਸ ਰੁੱਤ ਵਿੱਚ ਸਭ ਤੋਂ ਵੱਧ ਪ੍ਰੋਗਰਾਮ ਉਲੀਕੇ ਜਾਂਦੇ ਹਨ, ਬੱਚਿਆਂ ਦੇ ਇਮਤਿਹਾਨ ਵੀ ਹੁੰਦੇ ਹਨ। ਬਸੰਤ ਰੁੱਤ ਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀ ਪੰਚਮੀ ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਵਿਦਿਆ, ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਰ ਨਾਲ ਮਨਾਇਆ ਜਾਂਦਾ ਹੈ।

ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ 16 ਵਾਰ ਹਰਾਇਆ ਤੇ 17ਵੀਂ ਵਾਰ ਗੌਰੀ ਫੜ ਕੇ ਨਾਲ ਲੈ ਗਿਆ ਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ। ਪ੍ਰਿਥਵੀ ਨੇ ਮੌਕਾ ਵੇਖ ਕੇ ਸਾਥੀ ਕਵੀ ਚੰਦਰਬਾਈ ਦੀ ਮਦਦ ਨਾਲ ਤੀਰ ਮਾਰ ਕੇ ਗੋਰੀ ਨੂੰ ਮਾਰ ਦਿੱਤਾ। ਬਾਅਦ ਵਿੱਚ ਇਨਾਂ ਦੋਹਾਂ ਨੇ ਇਕ ਦੂਜੇ ਦੇ ਪੇਟ ਵਿੱਚ ਇਸੇ ਦਿਨ ਛੁਰਾ ਮਾਰ ਕੇ ਆਤਮ ਬਲੀਦਾਨ ਦਿੱਤਾ।

ਕੂਕਾ ਲਹਿਰ ਦੇ ਸਤਿਗੁਰ ਨਾਮਧਾਰੀ ਰਾਮ ਸਿੰਘ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ ਜਦਕਿ ਜਨਮ 3 ਫਰਵਰੀ 1816 ਬਸੰਤ ਵਾਲੇ ਦਿਨ ਦਾ ਹੈ।

- Advertisement -

ਬਸੰਤ ਪੰਚਮੀ ਵਾਲ਼ੇ ਦਿਨ ਔਰਤਾਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ।ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆ ਹਨ।

ਉਨ੍ਹਾਂ ਵਿੱਚੋਂ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ।ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ।ਪੰਚਮੀ ਦਾ ਅਰਥ ਹੈ, ਸ਼ੁਕਲ ਪੱਖ ਦਾ ਪੰਜਵਾਂ ਦਿਨ।ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਦਿਖਾਈ ਦਿੰਦੇ ਹਨ, ਖੇਤਾਂ ਵਿੱਚ ਪੀਲੀ-ਪੀਲੀ ਸਰੋਂ ਦੇ ਫੁੱਲ ਮਦਮਸਤ ਕਰ ਦਿੰਦੇ ਹਨ, ਬਾਗ-ਬਗੀਚੇ ਮਹਿਕ ਉਠਦੇ ਹਨ,ਖੇਤ-ਬੰਨੇ ਮਦਹੋਸ਼ ਕਰ ਦੇਣ ਵਾਲ਼ੀਆਂ ਹਵਾਵਾਂ ਨਾਲ਼ ਗਲਤਾਨ ਹੋ ਉਠਦੇ ਹਨ, ਹਰ ਪਾਸੇ ਤਿਤਲੀਆਂ ਉਡਦੀਆਂ ਦਿਖਾਈ ਦਿੰਦੀਆਂ ਹਨ, ਕਣਕ ਤੇ ਜੌਂ ਦੀਆਂ ਬੱਲੀਆਂ ਖਿੜਨ ਲੱਗਦੀਆਂ ਹਨ,ਅੰਬੀਆਂ ਨੂੰ ਬੂਰ ਪੈਣ ਲਗਦਾ ਹੈ, ਠੰਢ ਤੋਂ ਨਿਜਾਤ ਮਿਲਦੀ ਹੈ, ਸਰੀਰਾਂ ਤੋਂ ਸਰਦ ਰੁੱਤ ਵਾਲ਼ੇ ਕੱਪੜੇ ਘਟ ਜਾਂਦੇ ਹਨ।ਬਸੰਤ ਰੁੱਤ ਵਿੱਚ ਹਰ ਪਾਸੇ ਹਰਿਆਲੀ ਤੇ ਖੁਸ਼ਹਾਲੀ ਦਾ ਵਾਤਾਵਰਣ ਛਾਇਆ ਰਹਿੰਦਾ ਹੈ। ਸੋ, ਵਿਦਿਆਰਥੀਆਂ ਲਈ ਇਹ ਦਿਨ ਪੜਾਈ ਦੇ ਆਰੰਭ ਲਈ ਉੱਤਮ ਮੰਨੇ ਜਾਂਦੇ ਹਨ। ਬਸੰਤ ਰੁੱਤ ਵਿੱਚ ਜਿੱਥੇ ਸਾਰੀ ਕੁਦਰਤ ਪੀਲ਼ੇ ਰੰਗ ਵਿੱਚ ਰੰਗੀ ਜਾਪਦੀ ਹੈ, ਉੱਥੇ ਲੋਕੀਂ ਬਸੰਤ ਪੰਚਮੀ ਤੇ ਪੀਲ਼ੇ ਰੰਗ ਦੇ ਵਸਤਰ ਪਾਉਂਦੇ ਹਨ, ਪੀਲ਼ੇ ਚੌਲ਼ ਜਾਂ ਹੋਰ ਖਾਣ-ਪੀਣ ਦੀਆਂ ਪੀਲ਼ੀਆਂ ਵਸਤਾਂ ਬਣਾਉਦੇ ਹਨ। ਬਸੰਤ ਰੁੱਤ ਦਾ ਤਿਉਹਾਰ ਪੰਜਾਬ ਵਿੱਚ ਛੇਹਰਾਟੇ, ਅੰਮ੍ਰਿਤਸਰ ਤੇ ਪਟਿਆਲੇ ਦਾ ਪ੍ਰਸਿੱਧ ਹੈ। ਮਹਾਰਾਜਾ ਰਣਜੀਤ ਸਿੰਘ ਨੇ ਬਸੰਤ ਪੰਚਮੀ ਵਾਲ਼ੇ ਦਿਨ ਇਕ ਦਰਬਾਰ ਲਾਇਆ ਜਿਸ ਵਿੱਚ ਸਾਰਿਆਂ ਨੇ ਪੀਲੇ ਕੱਪੜੇ ਪਾਏ ਸਨ ਤੇ ਪੀਲੇ ਕੱਪੜਿਆਂ ਵਿੱਚ ਫੌਜ ਨੇ ਕਰਤੱਬ ਵਿਖਾਏ ਸਨ। ਪਤੰਗਬਾਜ਼ੀ: ਅੱਜ ਕੱਲ੍ਹ ਜਿਆਦਾਤਰ ਪਤੰਗਬਾਜ਼ੀ ਲੋਹੜੀ ਵਾਲੇ ਦਿਨ ਕੀਤੀ ਜਾਂਦੀ ਹੈ। ਅਸਲ ਵਿੱਚ ਪਤੰਗਬਾਜ਼ੀ ਅੰਮ੍ਰਿਤਸਰ, ਕਸੂਰ ਤੇ ਲਾਹੌਰ ਵਿੱਚ ਜਿਆਦਾ ਕੀਤੀ ਜਾਂਦੀ ਸੀ ਤੇ ਹੁਣ ਇਸ ਦਾ ਖੇਤਰ ਵੱਧ ਗਿਆ ਹੈ। ਬੰਗਾਲ ਵਿੱਚ ਲੱਡੂ ਬੂੰਦੀ, ਬਿਹਾਰ ਵਿੱਚ ਖੀਰ, ਪੰਜਾਬ ਵਿੱਚ ਸਰੋਂ ਦਾ ਸਾਗ ਤੇ ਮਿੱਠੇ ਚੌਲ ਬਣਾਏ ਜਾਂਦੇ ਹਨ। ਮੰਨਿਆ ਜਾਂਦਾ ਪਤੰਗਬਾਜ਼ੀ ਦੀ ਸ਼ੁਰੂਆਤ ਈਸਾ ਪੂਰਵ ਤੀਜੀ ਸ਼ਤਾਬਦੀ ਵਿੱਚ ਹੋਈ। ਪਰ ਲੋਕਾਂ ਦਾ ਮੰਨਣਾ ਹੈ ਕਿ ਇਕ ਚੀਨ ਵਾਸੀ ਨੇ ਆਪਣੀ ਟੋਪੀ ਨੂੰ ਧਾਗਾ ਬੰਨ੍ਹ ਕੇ ਉਡਾਇਆ ਸੀ। ਲਗਭਗ 3000 ਸਾਲ ਪਹਿਲਾਂ ਪਹਿਲੀ ਪਤੰਗ ਪੱਤਿਆਂ ਦੀ ਬਣਾਈ ਗਈ।

ਪਤੰਗ ਉਡਾਉਣ ਦਾ ਰਿਕਾਰਡ ਇਕ ਜਪਾਨੀ ਵਿਅਕਤੀ ਦਾ ਹੈ ਜਿਸ ਨੇ ਇਕੋ ਡੋਰ ਨਾਲ 11,284 ਪਤੰਗਾਂ ਨੂੰ ਇਕੱਠੇ ਉਡਾਇਆ ਸੀ, 630 ਮੀਟਰ ਵੱਡੀ ਪਤੰਗ ਬਣਾਉਣ ਦਾ ਰਿਕਾਰਡ ਹੈ। ਕਿਹਾ ਜਾਂਦਾ ਸੀ ਕਿ ਪੰਤਗ ਉਡਾਉਣ ਨਾਲ ਮੌਸਮ ਦੀ ਭਵਿੱਖਬਾਣੀ,ਪੰਛੀਆਂ ਨੂੰ ਡਰਾਉਣ, ਉਡਾਈ ਜਾਂਦੀ ਹੈ। ਪਤੰਗਾਂ ਉਪਰ ਕਈ ਪ੍ਰਧਾਨ ਮੰਤਰੀ, ਵਿਸ਼ੇਸ ਵਿਅਕਤੀਆਂ,ਕਾਰਟੂਨ,ਸੰਦੇਸ਼ ਤੇ ਹੋਰ ਚਿੱਤਰ ਛਾਪੇ ਜਾਂਦੇ ਹਨ। ਇਹਨਾਂ ਦੇ ਕਈ ਨਾਂ ਹੁੰਦੇ ਹਨ ਜਿਵੇਂ ਛੱਜ, ਪਰੀ, ਅੱਖਾਂ ਵਾਲਾ, ਤਿੱਤਲੀ, ਬਾਜ, ਤਿਰੰਗਾ, ਦੋ ਰੰਗਾ ਆਦਿ। ਡੋਰ ਪੱਕੀ ਮਾਝੇ ਵਾਲੀ ਹੋਣੀ ਚਾਹੀਦੀ ਹੈ। ਚੀਨੀ ਡੋਰ ਪੰਛੀਆਂ ਤੇ ਵਿਅਕਤੀਆਂ ਨੂੰ ਜਖ਼ਮੀ ਕਰਦੀ ਹੈ। ਕਈ ਵਾਰ ਮੌਤ ਦਾ ਕਾਰਨ ਬਣਦੀ ਹੈ। ਪਾਬੰਦੀ ਦੇ ਬਾਵਜੂਦ ਡੋਰ ਚੋਰੀ ਵੇਚੀ ਜਾਂਦੀ ਹੈ।

Share this Article
Leave a comment