ਨਵੀਂ ਦਿੱਲੀ: ਦੇਸ਼ ਦੇ ਸਾਬਕਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਹਿਲੀ ਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕਾਰਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਭੁਵਨੇਸ਼ਵਰ ਦੀ ਜੀਐਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਹੁਦਾ ਛੱਡਿਆ ਸੀ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ‘Gen-Z’ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੁਤਾਬਕ ਨੌਜਵਾਨਾਂ ਦੇ ਸੰਕਲਪ ਅਤੇ ਉਨ੍ਹਾਂ ਦੀਆਂ ਆਸਾਂ ਦੇ ਸਾਹਮਣੇ ਸਿੱਖਿਆ ਮੰਤਰੀ ਦਾ ਅਹੁਦਾ ਵੀ ਛੋਟਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਅਹੁਦਾ ਜ਼ਰੂਰੀ ਨਹੀਂ ਸੀ।
‘ਨੌਜਵਾਨਾਂ ਨੂੰ ਸਮਝਣਾ ਜ਼ਰੂਰੀ’
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਨਵੀਂ ਪੀੜ੍ਹੀ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਭਾਰਤ ਵਿੱਚ ਲਗਭਗ ਦੋ ਕਰੋੜ ਬੱਚੇ ਜਨਮ ਲੈਂਦੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਕਰੀਬ 20 ਕਰੋੜ ਬੱਚੇ ਪੈਦਾ ਹੋਏ ਹਨ। ਇਨ੍ਹਾਂ ਨੌਜਵਾਨਾਂ ਦੇ ਆਪਣੇ ਸੁਪਨੇ ਹਨ ਅਤੇ ਉਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਗੇ।
ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਨੌਜਵਾਨਾਂ ਨੇ ਹੀ ਬਦਲਾਅ ਦੀ ਅਗਵਾਈ ਕੀਤੀ ਅਤੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੇ ਸਮੇਂ ਦੇ ਨੌਜਵਾਨ ਵੀ ਅੱਜ ਦੀ Gen-Z ਵਾਂਗ ਹੀ ਬਦਲਾਅ ਦੀ ਤਾਕਤ ਸਨ।
PM ਮੋਦੀ ਨਾਲ ਕੀਤੀ ਸੀ ਗੱਲ
ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨਣ ਲਈ ਮਨਜ਼ੂਰੀ ਮੰਗੀ ਸੀ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਸਹਿਮਤ ਹੋਏ ਅਤੇ ਬਾਅਦ ਵਿੱਚ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦਿੱਤਾ।
ਸਮਾਗਮ ਦੌਰਾਨ ਬੀਜੂ ਜਨਤਾ ਦਲ ਦੇ ਕਾਰਕੁਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ’ਤੇ ਪ੍ਰਧਾਨ ਨੇ ਕਿਹਾ ਕਿ ਉਹ ਇਸ ਤੋਂ ਪਰੇਸ਼ਾਨ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਕਿਸਾਨ ਦਾ ਪੁੱਤ ਹਾਂ।’ ਉਨ੍ਹਾਂ ਇਹ ਵੀ ਕਿਹਾ ਕਿ ਓਡੀਸ਼ਾ ਦੇ ਸਾਢੇ ਚਾਰ ਕਰੋੜ ਲੋਕਾਂ ਦਾ ਸਿਰ ਉਨ੍ਹਾਂ ਨੇ ਕਦੇ ਸ਼ਰਮ ਨਾਲ ਨਹੀਂ ਝੁਕਣ ਦਿੱਤਾ ਅਤੇ ਜਦੋਂ ਤੱਕ ਜ਼ਿੰਦਾ ਹਨ, ਲੋਕਾਂ ਦੇ ਭਰੋਸੇ ਨੂੰ ਨਹੀਂ ਤੋੜਨਗੇ।
ਕਦੇ ਖੁਦ ਵੀ ਪੇਪਰ ਲੀਕ ਖ਼ਿਲਾਫ਼ ਕੀਤਾ ਸੀ ਪ੍ਰਦਰਸ਼ਨ
ਧਰਮਿੰਦਰ ਪ੍ਰਧਾਨ ਦੇ ਸਿਆਸੀ ਸਫ਼ਰ ਨਾਲ ਪੇਪਰ ਲੀਕ ਵਿਰੋਧ ਦਾ ਪੁਰਾਣਾ ਸਬੰਧ ਵੀ ਰਿਹਾ ਹੈ। 1997 ਵਿੱਚ ਓਡੀਸ਼ਾ ਵਿੱਚ ਪੇਪਰ ਲੀਕ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ ਵਿੱਚ ਉਹ ਵੀ ਸ਼ਾਮਲ ਹੋਏ ਸਨ। ਕਰੀਬ 1,500 ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਅਤੇ ਪ੍ਰਧਾਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।

