ਮਾਰੂਥਲੀ ਟਿੱਡੀ ਦਲ: ਵਿਸ਼ਵ ਅਤੇ ਭਾਰਤ ਵਿੱਚ ਮੌਜੂਦਾ ਹਾਲਾਤ

TeamGlobalPunjab
10 Min Read

-ਕਮਲਜੀਤ ਸਿੰਘ ਸੂਰੀ

ਟਿੱਡੀ ਦਲ, ਘਾਹ ਦੇ ਟਿੱਡਿਆਂ ਦੀਆਂ ਉਹ ਪ੍ਰਜਾਤੀਆਂ ਹਨ, ਜਿਨ੍ਹਾਂ ਨੇ ਕੁਦਰਤੀ ਵਿਕਾਸ ਦੌਰਾਨ ਆਪਣੇ ਜੀਵਨ ਚੱਕਰ ਵਿੱਚ ਕੁੱਝ ਖਾਸ ਹਾਲਤਾਂ ਵਿੱਚ ਝੁੰਡ/ਦਲ (ਸਵਾਰਮ) ਦੇ ਰੂਪ ਵਿੱਚ ਉਡ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਬਨਸਪਤੀ ਨੂੰ ਖਾਣਾ ਸ਼ੁਰੂ ਕਰ ਦਿੱਤਾ। ਭਾਰਤ ਵਿੱਚ ਇਸ ਟਿੱਡੀ ਦਲ ਦੀਆਂ ਪਾਈਆਂ ਜਾਣ ਵਾਲੀਆਂ ਚਾਰ ਪ੍ਰਜਾਤੀਆਂ ਵਿੱਚੋਂ ਮਾਰੂਥਲੀ ਟਿੱਡੀ ਦਲ ਜਿਸ ਦਾ ਕੁਝ ਹਮਲਾ ਹੁਣ ਪੰਜਾਬ ਚ’ ਰਾਜਸਥਾਨ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲਿਆਂ ਵਿੱਚ ਦੇਖਣ ਵਿੱਚ ਆਇਆ ਹੈ, ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲੀ ਪ੍ਰਜਾਤੀ ਹੈ। ਟਿੱਡੀ ਦਲ ਦੇ ਬਾਲਗਾਂ ਦੇ ਝੁੰਡ ਹਵਾ ਵਿੱਚ ਸਵਾਰਮ ਕਰਨ ਅਤੇ ਨਾਬਾਲਗ ਪੱਟੀਨੁਮਾ ਝੁੰਡਾਂ/ਦਸਤਿਆਂ ਵਿੱਚ ਜ਼ਮੀਨ ਤੇ ਚੱਲਣ ਵਿੱਚ ਸਮਰੱਥ ਹੁੰਦੇ ਹਨ। ਇਹ ਕੁਦਰਤੀ ਬਨਸਪਤੀ/ਹਰਿਆਵਲ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਕਰਦੇ ਹਨ।

ਟਿੱਡੀ ਦਲ ਆਪਣੇ ਜੀਵਨ ਚੱਕਰ ਵਿੱਚ ਤਿੰਨ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ: ਆਂਡਾ, ਨਾਬਾਲਗ ਅਤੇ ਬਾਲਗ ਅਵਸਥਾ। ਮਾਦਾ ਸਿੱਲ੍ਹੀ ਰੇਤਲੀ ਜ਼ਮੀਨ ਵਿੱਚ 7 ਤੋਂ 10 ਦਿਨ ਦੇ ਵਕੇ ਤੇ ਫਲੀਨੁਮਾ ਕੋਸ਼ ਵਿੱਚ ਆਂਡੇ ਦਿੰਦੀ ਹੈ। ਝੁੰਡਾਂ ਵਿੱਚ ਹਰੇਕ ਮਾਦਾ ਆਮ ਤੌਰ ਤੇ 2 ਤੋਂ 3 ਆਂਡਿਆਂ ਦੇ ਕੋਸ਼ ਦਿੰਦੀ ਹੈ ਅਤੇ ਹਰੇਕ ਕੋਸ਼ ਵਿੱਚ 60 ਤੋਂ 80 ਆਂਡੇ ਹੁੰਦੇ ਹਨ। ਆਂਡਿਆਂ ਦੇ ਸਹੀ ਵਿਕਾਸ ਲਈ 32 ਤੋਂ 35 ਸੈਂਟੀਗਰੇਡ ਤਾਪਮਾਨ ਅਨੁਕੂਲ ਹੁੰਦਾ ਹੈ। ਇਸ ਤਾਪਮਾਨ ਤੇ ਆਂਡਿਆਂ ਤੋਂ ਨਾਬਾਲਗ ਨਿਕਲਣ ਵਿੱਚ 10 ਤੋਂ 12 ਦਿਨ ਲੱਗਦੇ ਹਨ। ਨਾਬਾਲਗ ਆਂਡਿਆਂ ਤੋਂ ਨਿਕਲਣ ਤੋਂ ਬਾਅਦ ਝੁੰਡਾਂ ਵਿੱਚ ਰਹਿੰਦੇ ਹਨ ਅਤੇ ਲਗਭਗ 3 ਹਫਤਿਆਂ ਵਿੱਚ 5 ਵਾਰ ਆਪਣੀ ਕੁੰਜ ਉਤਾਰਣ ਤੋਂ ਬਾਅਦ ਬਾਲਗ ਅਵਸਥਾ ਵਿੱਚ ਪਹੁੰਚ ਜਾਂਦੇ ਹਨ। ਨਵੇਂ ਬਣੇ ਬਾਲਗ (ਫਲੈਜਲਿੰਗ) ਉਚ ਤਾਪਮਾਨ ਅਤੇ ਨਮੀ ਦੀਆਂ ਹਾਲਤਾਂ ਵਿੱਚ 3 ਹਫਤਿਆਂ ਵਿੱਚ ਠੰਢੀਆਂ ਅਤੇ ਖੁਸ਼ਕ ਹਾਲਤਾਂ ਵਿੱਚ 8 ਮਹੀਨਿਆਂ ਤੱਕ ਜਿਨਸੀ ਤੌਰ ‘ਤੇ ਪਰਿਪੱਕ ਹੋ ਜਾਂਦੇ ਹਨ। ਨਰ ਅਤੇ ਮਾਦਾ ਮਾਰੂਥਲੀ ਟਿੱਡੇ ਦੇ ਸਰੀਰ ਦੀ ਲੰਬਾਈ ਕ੍ਰਮਵਾਰ 35 ਤੋਂ 50 ਮਿਲੀਮੀਟਰ ਅਤੇ 45 ਤੋਂ 55 ਮਿਲੀਮੀਟਰ ਹੁੰਦੀ ਹੈ। ਇਸ ਦੇ ਖੰਭ ਰੰਗਹੀਨ ਅਤੇ ਪੇਟ ਤੋਂ ਕਾਫੀ ਵੱਡੇ ਹੁੰਦੇ ਹਨ। ਜਬਾੜੇ ਗੂੜੇ ਜਾਮਣੀ ਤੋਂ ਕਾਲੇ ਰੰਗ ਦੇ ਹੁੰਦੇ ਹਨ।

ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਟਿੱਡੀ ਦਲ ਬਹੁਤ ਸਾਰੇ ਮੁਲਕਾਂ ਵਿੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸਾਨ ਇਹਨਾਂ ਮੁਲਕਾਂ ਚ’ ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਵਧ ਟਿੱਡੀਆਂ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕੁੱਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ ਦੇਸ਼ਾਂ ‘ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਕਾਰਨ ਕੋਈ ਦੋ ਕਰੋੜ ਲੋਕਾਂ ਦੇ ਅਨਾਜ ਅਤੇ ਰੋਜ਼ੀ ਰੋਟੀ ਦੀ ਚੁਣੌਤੀ ਪੈਦਾ ਹੋ ਗਈ ਹੈ। ਹਾਂਲਾਂਕਿ ਟਿੱਡੀਆਂ ਦਾ ਬਰਸਾਤ ਦੇ ਮੌਸਮ ਤੋਂ ਬਾਅਦ ਵਿੱਚ ਆਉਣਾ ਇੱਕ ਸਾਲਾਨਾ ਵਰਤਾਰਾ ਹੈ। ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿੱਚ ਟਿੱਡੀ ਦਲ ਦੇ ਹਾਪਰਾਂ ਦਾ ਆਉਣਾ ਇੱਕ ਨਵਾਂ ਵਰਤਾਰਾ ਹੈ ਅਤੇ ਇਹ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ। ਟਿੱਡੀਆਂ ਦੇ ਪ੍ਰਕੋਪ ਨੂੰ 2018 ਦੇ ਚੱਕਰਵਾਤ ਅਤੇ 2019 ਦੇ ਅੰਤ ਵਿੱਚ ਏਰੀਟਰੀਆ (ਅਫਰੀਕਾ), ਇਥੋਪੀਆ, ਈਰਾਨ, ਪਾਕਿਸਤਾਨ, ਸਾਉਦੀ ਅਰਬ ਅਤੇ ਯਮਨ ਵਿੱਚ ਗਰਮ ਮੌਸਮ ਅਤੇ ਤੇਜ਼ ਬਾਰਸ਼ਾਂ ਨਾਲ ਵੀ ਜੋੜਿਆ ਜਾ ਸਕਦਾ ਹੈ।

- Advertisement -

ਗਲੋਬਲ ਸਥਿਤੀ: ਵਿਸ਼ਵ ਪੱਧਰ ਤੇ ਟਿੱਡੀ ਦਲ ਦੀਆਂ ਪਰੋਕੋਪੀ ਗਤੀਵਿਧੀਆਂ ਤਿੰਨ ਸਥਾਨਾਂ ਤੇ ਪਾਈਆਂ ਜਾਂਦੀਆਂ ਹਨ – ਹੋਰਨ ਆਫ ਅਫਰੀਕਾ (ਈਥੋਪੀਆ, ਸੋਮਾਲੀਆ, ਕੀਨੀਆ, ਯੁਗਾਂਡਾ ਅਤੇ ਦੱਖਣੀ ਸੁਡਾਨ), ਰੈਡ ਸੀ (ਲਾਲ ਸਾਗਰ) ਦੇ ਦੋਵੇਂ ਪਾਸੇ (ਸੁਡਾਨ, ਮਿਸਰ ਦੀ ਸਰਹੱਦ, ਯਮਨ ਅਤੇ ਦੱਖਣ-ਪੱਛਮੀ ਸਾਉਦੀ ਅਰਬ) ਅਤੇ ਦੱਖਣ-ਪੱਛਮੀ ਏਸ਼ੀਆ। ਦੱਖਣੀ ਇਰਾਨ ਵਿੱਚ ਭਾਰੀ ਬਾਰਿਸ਼ ਅਤੇ ਪੱਛਮੀ ਖੇਤਰ ਵਿੱਚ ਮੌਜੂਦਾ ਖੁਸ਼ਕ ਹਾਲਾਤ ਟਿੱਡੀ ਦਲ ਦੇ ਵਾਧੇ ਵਾਸਤੇ ਬਹੁਤ ਅਨੁਕੂਲ ਹਨ। ਮੌਜੂਦਾ ਸਾਲ ਦੇ ਸ਼ੁਰੂਆਤੀ ਹਫਤਿਆਂ ਦੌਰਾਨ ਇਥੋਪੀਆ ਅਤੇ ਸੋਮਾਲੀਆ ਵਿੱਚ ਟਿੱਡੀ ਦਲ ਦੇ ਵੱਡੇ ਝੁੰਡਾਂ ਨੂੰ ਵੇਖਿਆ ਗਿਆ ਅਤੇ ਇਹ ਟਿੱਡੀ ਦਲ ਉਥੋਂ ਕੀਨੀਆ, ਯੁਗਾਂਡਾ ਅਤੇ ਸੁਡਾਨ ਵੱਲ ਨੂੰ ਵਧੇ। ਇਸ ਤੋਂ ਇਲਾਵਾ ਇਹ ਟਿੱਡੀ ਦਲ ਯਮਨ, ਸਾਉਦੀ ਅਰਬ, ਇਰਾਨ, ਪਾਕਿਸਤਾਨ ਅਤੇ ਭਾਰਤ ਦੇ ਇਲਾਕਿਆਂ ਵਿੱਚ ਫੈਲ ਗਏ। ਦੱਖਣ-ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਦੇ ਕੁੱਝ ਹਿੱਸਿਆਂ ਵਿੱਚ ਹਲਕੇ ਮੀਂਹ ਅਤੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਘੱਟ ਤਾਪਮਾਨ ਇਸਦੇ ਸੰਭਾਵੀ ਹਮਲੇ ਵਿੱਚ ਸਹਾਈ ਹੋਏ।

ਭਾਰਤ ਵਿੱਚ ਸਥਿਤੀ: ਭਾਰਤ ਵਿੱਚ ਟਿੱਡੀ ਦਲ ਦੀ ਪਲੇਗ ਸਾਲ 1962-63 ਤੱਕ ਹੀ ਵੇਖੀ ਗਈ ਹੈ ਜਦ ਕਿ ਆਖਰੀ ਵਾਰ ਇਸ ਦੇ ਪੂਰਨ ਸਵਾਰਮ 1978 ਅਤੇ 1993 ਅਤੇ ਛੋਟੇ ਸਵਾਰਮ 2010 ਵਿੱਚ ਵੇਖਣ ਵਿੱਚ ਆਏ ਹਨ। ਟਿੱਡੀ ਦਲ ਚੇਤਾਵਨੀ ਸੰਗਠਨ (ਐਲ. ਡਬਲਯੂ. ਓ.) ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਨਿਰਧਾਰਤ ਰੇਗਿਸਤਾਨ ਖੇਤਰ ਵਿੱਚ ਇਸ ਦਾ ਨਿਯਮਿਤ ਸਰਵੇਖਣ ਕਰਦਾ ਹੈ ਤਾਂ ਜੋ ਟਿੱਡੀ ਦਲ ਦੀ ਮੌਜੂਦਗੀ ਦੀ ਨਿਗਰਾਨੀ ਕੀਤੀ ਜਾ ਸਕੇ। ਜੇ ਟਿੱਡੀਆਂ ਦੀ ਗਿਣਤੀ 10,000 ਬਾਲਗ ਟਿੱਡੀਆਂ ਪ੍ਰਤੀ ਹੈਕਟੇਅਰ ਜਾਂ 5 ਤੋਂ 6 ਟਿੱਡੀਆਂ ਪ੍ਰਤੀ ਝਾੜੀ (ਇਕਨਾਮਿਕ ਥਰੈਸ਼ਹੋਲਡ ਲੈਵਲ) ਹੋਵੇ ਤਾਂ ਇਸ ਨੂੰ ਨਿਯੰਤਰਣ ਦੀ ਲੋੜ ਹੁੰਦੀ ਹੈ।

26 ਸਾਲਾਂ ਬਾਅਦ, 2019 ਵਿਚ ਰਾਜਸਥਾਨ ਦੇ ਜੈਸਲਮੈਰ ਜ਼ਿਲ੍ਹੇ ਵਿੱਚ ਇਸ ਮਾਰੂਥਲੀ ਟਿੱਡੇ ਦੇ ਪੂਰਣ ਵਿਕਸਿਤ ਬਾਲਗ ਛੋਟੇ ਤੋਂ ਮਧਿਅਮ ਸਾਈਜ਼ ਦੇ ਝੁੰਡਾਂ ਜਾਂ ਖਿੰਡਵੇ ਰੂਪ ਵਿੱਚ ਦੇਖਣ ਵਿੱਚ ਆਏ ਸਨ। ਸਾਲ 1997 ਵਿੱਚ ਵੀ ਇਸ ਟਿੱਡੇ ਦੇ ਕੁੱਝ ਛੋਟੇ ਦਲ ਦੇਖੇ ਗਏ ਸਨ। ਦਸੰਬਰ 2019 ਦੇ ਮਹੀਨੇ ਦੌਰਾਨ ਗੁਜਰਾਤ ਵਿੱਚ ਟਿੱਡੀ ਦਲ ਦੇ ਹਮਲੇ ਨੇ ਸਰ੍ਹੋਂ ਅਤੇ ਜ਼ੀਰੇ ਦੀ ਫ਼ਸਲ ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਜਨਵਰੀ-ਫ਼ਰਵਰੀ ਦੇ ਮਹੀਨੇ ਦੌਰਾਨ ਰਾਸਥਾਨ ਵਿੱਚ ਟਿੱਡੀ ਦਲ ਦੇ ਛੋਟੇ ਅਤੇ ਦਰਮਿਆਨੇ ਸਮੂਹ ਵੇਖੇ ਗਏ। ਜੋ ਕਿ ਸਮੇਂ ਰਹਿੰਦੇ ਖਤਮ ਕਰ ਦਿੱਤੇ ਗਏ। ਇਨ੍ਹਾਂ ਟਿੱਡਿਆਂ ਦੀ ਕੁੱਝ ਅਬਾਦੀ ਉਤਰ ਵਿੱਚ ਸੂਰਤਗੜ੍ਹ, ਦੱਖਣ-ਪੂਰਬ ਵਿੱਚ ਜਲੌਰ ਅਤੇ ਦੱਖਣ ਵਿੱਚ ਗੁਜਰਾਤ ਅਤੇ ਰਣ ਆਫ ਕੱਛ ਚਲੀ ਗਈ ਜਿੱਥੇ ਕਿ ਇਨ੍ਹਾਂ ਦੀ ਮੁਕੰਮਲ ਰੋਕਥਾਮ ਕਰ ਲਈ ਗਈ ਸੀ। ਸਰਹੱਦ ਪਾਰੋਂ ਵੀ ਟਿੱਡੀਆਂ ਦੀ ਆਮਦ ਨੂੰ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ ਗਿਆ ਸੀ। ਪੰਜਾਬ ਵਿੱਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਸੀ ਪ੍ਰੰਤੂ ਸਰਦੀਆਂ ਤੋਂ ਬਾਅਦ ਤਾਪਮਾਨ ਵਿੱਚ ਵਾਧੇ ਅਤੇ ਫ਼ਸਲਾਂ/ ਬਨਸਪਤੀ ਦੀ ਵੱਡੀ ਸੰਭਾਵਨਾ ਦੇ ਮੱਦੇ ਨਜ਼ਰ ਸਰਹੱਦ ਪਾਰੋਂ ਸਾਨੂੰ ਤਾਜ਼ਾ ਟਿੱਡੀਆਂ ਦੇ ਹਮਲਿਆਂ ਤੋਂ ਬਚਨ ਦੀ ਲੋੜ ਹੈ। ਹਾਲਾਂਕਿ ਗੁਆਂਢੀ ਮੁਲਕ ਪਾਕਿਸਤਾਨ ਨੇ ਟਿੱਡੀ ਦੱਲ ਨੂੰ ਕੌਮੀ ਆਪਦਾ ਐਲਾਨਿਆ ਹੈ ਪਰ ਭਾਰਤ ਨੇ ਇਸ ਟਿੱਡੀ ਦਲ ਦੇ ਫੈਲਣ ਅਤੇ ਅੱਗੇ ਵਧਣ ਦੀ ਸਫਲਤਾਪੂਰਵਕ ਰੋਕਥਾਮ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਐਫ. ਏ. ਓ. ਨੇ ਭਾਰਤ ਦੇ ਟਿੱਡੀ ਦਲ ਦੇ ਰੋਕਥਾਮ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।

ਮੌਜੂਦਾ ਦੌਰ ਵਿੱਚ ਟਿੱਡੀ ਦਲ ਦੱਖਣੀ ਪੂਰਬ ਇਰਾਨ, ਦੱਖਣ ਪਛੱਮੀ ਪਾਕਿਸਤਾਨ ਅਤੇ ਹਾਰਨ ਆਫ ਅਫਰੀਕਾ ਵਿੱਚ ਬਸੰਤ ਪ੍ਰਜਨਨ ਕਰ ਰਿਹਾ ਹੈ। ਇਸ ਵਿੱਚੋਂ ਨਿਕਲੇ ਟਿੱਡੀ ਦਲ ਦੇ ਹਾਪਰ ਵਧੇਰੇ ਤਾਕਤਵਰ ਹੋਣਗੇ ਜੋ ਇਸ ਸਾਲ ਜੂਨ ਤੱਕ ਮੌਨਸੂਨ ਦੇ ਆਗਮਨ ਨਾਲ ਭਾਰਤ ਦਾ ਲਗਭਗ 2 ਲੱਖ ਵਰਗ ਕਿਲੋਮੀਟਰ ਰਕਬੇ ਦਾ ਉਜਾੜਾ ਕਰਨ ਦੀ ਸਮਰਥਾ ਰੱਖਣਗੇ। ਜੂਨ ਵਿੱਚ ਵੱਡੇ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਨੂੰ ਹੋਰ ਬਹਿਤਰ ਉਪਰਾਲੇ ਕਰਨ ਦੀ ਲੋੜ ਹੈ। ਕਿਸਾਨ ਵੀਰਾਂ ਦੀ ਜਾਣਕਾਰੀ ਹਿੱਤ ਦੱਸਣਾ ਜਰੂਰੀ ਹੈ ਕਿ ਮੌਜੂਦਾ ਟਿੱਡੀ ਦਲ ਦੇ ਕੁੱਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਫ਼ਸਲਾਂ ਆਦਿ ਦਾ ਆਰਥਿਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ। ਰਾਜਸਥਾਨ ਵੱਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ ਤੇ ਕਾਬੁ ਪਾ ਲਿਆ ਗਿਆ ਹੈ। ਸਰਹੱਦ ਦੇ ਉਸ ਪਾਰੋਂ ਕਿਸੇ ਨਵੇਂ ਟਿੱਡੀ ਦਲ ਦੇ ਸਮੂਹ ਦੀ ਆਮਦ ਉਪਰ ਟਿੱਡੀ ਦਲ ਚੇਤਾਵਨੀ ਸੰਗਠਨ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਪੀ ਏ ਯੂ ਦੇ ਸਾਇੰਸਦਾਨਾਂ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ।

ਸਲਾਹ: ਕਿਸਾਨ ਵੀਰਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੀੜੇ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ਚ’ ਜਾਂ ਦਰਖਤਾਂ ਓੁਪਰ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ ਏ ਯੂ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ। ਆਮ ਤੌਰ ਤੇ ਟਿੱਡੀ ਦਲ ਦੀ ਰਸਾਇਣਿਕ ਰੋਕਥਾਮ ਦਾ ਕੰਮ ਕੇਂਦਰ ਸਰਕਾਰ ਦੇ ਪੱਧਰ ਤੇ ਪੌਦ ਸੁਰੱਖਿਆ, ਸੰਗਰੋਧ ਅਤੇ ਭੰਡਾਰਣ ਨਿਰਦੇਸ਼ਾਲੇ ਦੇ ਟਿੱਡੀ ਦਲ ਚੇਤਾਵਨੀ ਸੰਗਠਨ ਵੱਲੋਂ ਕੀਤਾ ਜਾਂਦਾ ਹੈ।
ਰੋਕਥਾਮ: ਪੱਟੀ ਨੁਮਾ ਝੁੰਡਾਂ ਵਿੱਚ ਚੱਲ ਰਹੇ ਨਾਬਾਲਗਾਂ ਨੂੰ ਕੁਚਲ ਦਿਓ ਜਾਂ ਅੱਗ ਲਗਾ ਦਿਓ ਜਾਂ ਖੇਤ ਦੁਆਲੇ ਖਾਈ (2 ਫੁੱਟ ਣ 2 ਫੁੱਟ) ਪੁੱਟੀ ਜਾਵੇ ਤਾਂ ਜੋ ਟਿੱਡੀ ਨੂੰ ਖੇਤ ਵਿੱਚ ਵੱੜਣ ਤੋਂ ਰੋਕਿਆ ਜਾ ਸਕੇ ਅਤੇ ਇਨ੍ਹਾਂ ਨੂੰ ਖਾਈ ਵਿੱਚ ਡਿਗਣ ਉਪਰੰਤ ਪਾਣੀ ਵਿੱਚ ਡੁਬੋ ਕੇ, ਕੁਚਲ ਕੇ, ਅੱਗ ਲਾ ਕੇ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਅਸਮਾਨ ਵਿੱਚ ਟਿੱਡੀ ਦਲ ਉਡਦਾ ਨਜ਼ਰ ਆਉਣ ਤੇ ਇਸ ਨੂੰ ਜ਼ਮੀਨ ਤੇ ਉਤਰਣ ਤੋਂ ਰੋਕਣ ਲਈ ਇਸ ਦੇ ਥੱਲ੍ਹੇ ਡਰੱਮ ਖੜਕਾਓ ਜਾਂ ਅੱਗ ਦੀ ਮਸ਼ਾਲ ਜਲਾਓ। ਜੇ ਸਵਾਰਮ ਕਿਸੇ ਜਗ੍ਹਾ ਤੇ ਟਿੱਕ ਕੇ ਬੈਠ ਜਾਵੇ ਤਾਂ ਇਸ ਨੂੰ ਪਾਵਰ ਵੈਕਿਊਮ ਯੰਤਰ ਨਾਲ ਫੜਿਆ ਜਾ ਸਕਦਾ ਹੈ। ਜੇਕਰ ਸਵਾਰਮ ਕਿਸੇ ਝਾੜੀ ਉਪਰ ਟਿੱਕ ਜਾਵੇ ਤਾਂ ਉਸ ਨੂੰ ਅੱਗ ਲਗਾ ਦਿਓ।

- Advertisement -

ਸੰਪਰਕ: 98159-02788

Share this Article
Leave a comment