ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਨਾਮਜ਼ਦ; ਸੱਚ ਸਾਹਮਣੇ ਲਿਆਉਣ ਦੀ ਲੋੜ

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦੇ ਮਾਮਲੇ ‘ਚ ਨਾਮਜ਼ਦ ਕਰਨ ਨਾਲ ਪੰਜਾਬ ਦੇ ਧਾਰਮਿਕ ਅਤੇ ਰਾਜਸੀ ਖੇਤਰਾਂ ਅੰਦਰ ਹਲਚਲ ਮੱਚ ਗਈ ਹੈ। ਇਹ ਬੇਹੱਦ ਮੰਦਭਾਗੀ ਘਟਨਾ 1 ਜੂਨ 2015 ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਨਾਲ ਜੁੜੀ ਹੋਈ ਹੈ। ਇਸ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਇੱਕ ਗੱਡੀ ਰਾਹੀਂ ਪਿੰਡ ਸਿੱਖਾਂ ਵਾਲਾ ਲੈ ਕੇ ਗਏ। ਉਸ ਤੋਂ ਤਿੰਨ-ਚਾਰ ਮਹੀਨੇ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਰਮਨਾਕ ਕਾਰਾ ਵਾਪਰਿਆ। ਇਸ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਬੀਤੀ ਸ਼ਾਮ ਬਕਾਇਦਾ ਫਰੀਦਕੋਟ ‘ਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਇਸ ਕੇਸ ‘ਚ ਕੁੱਲ 11 ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਿਹੜੇ ਕਿ ਮੁੱਖ ਤੌਰ ‘ਤੇ ਡੇਰਾ ਸਿਰਸਾ ਦੇ ਸ਼ਰਧਾਲੂ ਜਾਂ ਪ੍ਰਬੰਧਕਾਂ ਵਿੱਚ ਸ਼ਾਮਲ ਹਨ। ਇਨ੍ਹਾਂ ‘ਚ ਪੰਜ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ ਦੋ ਪਹਿਲਾਂ ਹੀ ਜ਼ਮਾਨਤ ‘ਤੇ ਹਨ। ਡੇਰਾ ਮੁਖੀ ਰਹੀਮ ਤੋਂ ਇਲਾਵਾ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਵੀ ਨਾਮਜ਼ਦ ਕੀਤੇ ਗਏ ਹਨ ਅਤੇ ਇਨ੍ਹਾਂ ਤਿੰਨਾਂ ਦੀ ਭਾਲ ਲਈ ਪੁਲਿਸ ਛਾਪੇ ਮਾਰ ਰਹੀ ਹੈ। ਡੇਰਾ ਮੁਖੀ ਰਾਮ ਰਹੀਮ ਇਸ ਵੇਲੇ ਹਰਿਆਣਾ ਦੀ ਰੋਹਤਕ ਸੁਨਾਰੀਆ ਜੇਲ੍ਹ ‘ਚ ਬੰਦ ਹੈ।

ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਸ਼ਾਂਤੀ ਨਾਲ ਰੋਸ ਪ੍ਰਗਟ ਕਰ ਰਹੀ ਸੰਗਤ ‘ਤੇ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਨਾਲ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਸ ਗੈਰ-ਮਨੁੱਖੀ ਮੰਦਭਾਗੀ ਘਟਨਾ ਦੀ ਵੱਖਰੇ ਤੌਰ ‘ਤੇ ਜਾਂਚ ਚਲ ਰਹੀ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਪੂਰਾ ਸਾਲ ਲੰਘ ਜਾਣ ਬਾਅਦ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਬੇਅਦਬੀ ਦੇ ਮਾਮਲੇ ‘ਚ ਜਾਂਚ ਦਰਜ ਹੋਈ ਹੈ।

ਜਦੋਂ ਇਹ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਤਾਂ ਉਸ ਵੇਲੇ ਪੰਜਾਬ ‘ਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਸੀ। ਇਨ੍ਹਾਂ ਘਟਨਾਵਾਂ ਨਾਲ ਦੁਨੀਆ ਭਰ ‘ਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਪੰਜਾਬ ‘ਚ ਵੱਡੀ ਪੱਧਰ ‘ਤੇ ਰੋਸ ਵਿਖਾਵੇ ਹੋਏ। ਅਕਾਲੀ ਸਰਕਾਰ ਵੇਲੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਹੋਇਆ ਅਤੇ ਜਾਂਚ ਕਮਿਸ਼ਨ ਵੀ ਬੈਠਾ ਪਰ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਹੋਈ। ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ‘ਚ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਕਟਿਹਰੇ ‘ਚ ਖੜ੍ਹਾ ਕੀਤਾ ਜਾਵੇਗਾ। ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਤਿੰਨ ਸਾਲ ਲੰਘ ਗਏ ਹਨ ਤਾਂ ਵਿਸ਼ੇਸ਼ ਜਾਂਚ ਟੀਮ ਦੇ ਦਾਅਵੇ ਅਨੁਸਾਰ ਤੱਥਾਂ ਦੇ ਅਧਾਰ ‘ਤੇ ਡੇਰਾ ਮੁਖੀ ਅਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਵਿਰੋਧੀ ਧਿਰਾਂ ਜਿੱਥੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਹਮਲੇ ਕਰਦੀਆਂ ਰਹੀਆਂ, ਉੱਥੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਵਾਲ ਉੱਠਦੇ ਰਹੇ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਹੋਰਾਂ ਨੇ ਮੁੱਖ ਮੰਤਰੀ ਤੋਂ ਬੇਅਦਬੀ ਮਾਮਲੇ ‘ਚ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਜ਼ੋਰਦਾਰ ਮੰਗ ਕੀਤੀ।

- Advertisement -

ਹੁਣ ਰਾਮ ਰਹੀਮ ਵਿਰੁੱਧ ਐਫ.ਆਈ.ਆਰ. ਦਰਜ ਕਰਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੁੱਖ ਦੋਸ਼ੀ ਵਜੋਂ ਰਾਮ ਰਹੀਮ ਨੂੰ ਕਾਨੂੰਨ ਦੇ ਘੇਰੇ ‘ਚ ਤਾਂ ਲਿਆਂਦਾ ਹੈ ਪਰ ਇਸ ਤੋਂ ਬਾਅਦ ਨਿਆਂ ਪਾਲਿਕਾ ਦਾ ਕੰਮ ਸ਼ੁਰੂ ਹੁੰਦਾ ਹੈ। ਜਿੱਥੇ ਵਿਸ਼ੇਸ਼ ਜਾਂਚ ਟੀਮ ਦਾ ਦਾਅਵਾ ਹੈ ਕਿ ਉਸ ਨੇ ਸਾਰੇ ਤੱਥ ਇਕੱਠੇ ਕਰ ਲਏ ਹਨ ਉਥੇ ਅਦਾਲਤ ‘ਚ ਇਨ੍ਹਾਂ ਸਬੂਤਾਂ ਦੀ ਪੇਸ਼ਕਾਰੀ ‘ਤੇ ਵੀ ਬਹੁਤ ਨਿਰਭਰ ਕਰੇਗੀ? ਵਿਰੋਧੀ ਧਿਰਾਂ ਇਨ੍ਹਾਂ ਘਟਨਾਵਾਂ ਲਈ ਅਕਾਲੀ ਲੀਡਰਸ਼ਿਪ ਨੂੰ ਵੀ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਇਹ ਸਾਰੇ ਮਾਮਲੇ ਜਾਂਚ ਦਾ ਵਿਸਥਾਰ ਸਾਹਮਣੇ ਆਉਣ ਬਾਅਦ ਹੀ ਪਤਾ ਲੱਗਣਗੇ। ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦਾ ਬਹੁਤ ਵੱਡਾ ਸਵਾਲ ਹੈ? ਬਹੁਤ ਸਾਰੇ ਸੁਆਲ ਰਾਮ ਰਹੀਮ ਦੀ ਪੁੱਛਗਿੱਛ ਨਾਲ ਜੁੜੇ ਹੋਏ ਹਨ। ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਕੈਪਟਨ ਸਰਕਾਰ ਵੱਲੋਂ ਡੇਰਾ ਮੁਖੀ ਵਿਰੁੱਧ ਐੱਫ.ਆਈ.ਆਰ. ਦਰਜ ਕਰਨਾ ਅਹਿਮ ਪੜਾਅ ਹੈ ਪਰ ਦੋਸ਼ੀਆਂ ਨੂੰ ਸਜ਼ਾਵਾਂ ਦੁਆਏ ਬਗੈਰ ਅਤੇ ਸੱਚ ਸਾਹਮਣੇ ਲਿਆਏ ਬਗੈਰ ਇਹ ਕਾਰਵਾਈ ਅਧੂਰੀ ਹੈ। ਪਹਿਲਾਂ ਵੀ 1984 ਦੇ ਕਤਲੇਆਮ ਸਮੇਤ ਕਈ ਅਹਿਮ ਭਾਵੁਕ ਅਤੇ ਨਾਜ਼ੁਕ ਮਾਮਲੇ ਦਹਾਕਿਆਂ ਤੋਂ ਅਦਾਲਤਾਂ ਦੀ ਘੁੰਮਣਘੇਰੀ ‘ਚ ਫਸ ਕੇ ਦਮ ਤੋੜ ਰਹੇ ਹਨ ਪਰ ਰਾਜਸੀ ਧਿਰਾਂ ਨੂੰ ਦਹਾਕਿਆਂ ਤੋਂ ਇਨ੍ਹਾਂ ਮੁੱਦਿਆਂ ਉੱਪਰ ਰਾਜਨੀਤੀ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ ਹੈ।

ਸੰਪਰਕ : 98140-02186

Share this Article
Leave a comment