ਨਿਊਜ਼ ਡੈਸਕ : ਅਮਰੀਕਾ ‘ਤੇ ਡੈਨਮਾਰਕ ਮੀਡੀਆ ਨੇ ਇੱਕ ਰਿਪੋਰਟ ‘ਚ ਖੁਲਾਸਾ ਕਰਦੇ ਹੋਏ ਵੱਡਾ ਦੋਸ਼ ਲਾਇਆ ਹੈ। ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਡੋਨਲਡ ਟਰੰਪ ਦੇ ਰਾਜ ਦੌਰਾਨ ਯੂਰੋਪੀ ਦੇਸ਼ਾਂ ਨਾਲ ਅਮਰੀਕਾ ਦੇ ਵਿਗੜੇ ਰਿਸ਼ਤਿਆਂ ਨੂੰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਸੁਧਾਰਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੈਨਮਾਰਕ ਦੀ ਡਿਫੈਂਸ ਇੰਟੈਲੀਜੈਂਸ ਸਰਵਿਸ ਨੇ ਅਮਰੀਕੀ ਨੈਸ਼ਨਲ ਸਕਿਓਰਿਟੀ ਏਜੰਸੀ (NSA) ਨੂੰ ਓਪਨ ਇੰਟਰਨੈੱਟ ਐਕਸਸ ਮੁਹੱਈਆ ਕਰਵਾਇਆ ਸੀ। ਅਮਰੀਕਾ ਨੇ ਇਸ ਨੂੰ ਜਰਮਨੀ, ਫਰਾਂਸ, ਨਾਰਵੇ ਤੇ ਸਵੀਡਨ ਦੇ ਆਗੂਆਂ ਤੇ ਅਧਿਕਾਰੀਆਂ ਦੀ ਜਾਸੂਸੀ ਲਈ ਵਰਤਿਆ ਸੀ। ਜਿਸ ਲਈ ਡੈਨਮਾਰਕ ਦੀ ਇਨਫਰਮੇਸ਼ਨ ਕੇਬਲ ਦੀ ਵਰਤੋਂ ਕੀਤੀ ਗਈ ਸੀ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਜਾਸੂਸੀ ਕੀਤੀ ਗਈ, ਉਸ ਸੂਚੀ ‘ਚ ਜਰਮਨੀ ਦੀ ਚਾਂਸਲਰ ਐਂਜਿਲਾ ਮਰਕੇਲ ਦਾ ਵੀ ਨਾਮ ਸ਼ਾਮਲ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਜਾਸੂਸੀ 2012 ਤੋਂ ਲੈ ਕੇ 2014 ਤੱਕ ਕੀਤੀ ਗਈ ਸੀ।