ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ 8 ਸੂਬਿਆਂ ਨੂੰ ਚਿੱਠੀ ਲਿਖ ਕੇ ਤੁਰੰਤ ਕੰਟੇਨਮੈਂਟ ਉਪਰਾਲਿਆਂ ਨੂੰ ਲਾਗੂ ਕਰਨ ਨੂੰ ਕਿਹਾ ਹੈ, ਤਾਂਕਿ ਡੈਲਟਾ ਪਲੱਸ ਵੇਰੀਐਂਟ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਰਾਜਸਥਾਨ, ਕਰਨਾਟਕ, ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ਨੂੰ ਕੰਟੇਨਮੈਂਟ ਅਤੇ ਕਾਂਟੈਕਟ ਟ੍ਰੇਸਿੰਗ ਵਰਗੇ ਉਪਰਾਲਿਆਂ ਨੂੰ ਅਪਣਾਉਣ ਨੂੰ ਕਿਹਾ ਹੈ।
ਕੇਂਦਰੀ ਸਿਹਤ ਸਕੱਤਰ ਨੇ ਇਨ੍ਹਾਂ 8 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਡੈਲਟਾ ਪਲੱਸ ਵੇਰੀਐਂਟ ਨੂੰ ਗੰਭੀਰ ਦੱਸਦੇ ਹੋਏ ਕਿਹਾ ਹੈ ਕਿ ਇਹ ਜ਼ਿਆਦਾ ਜਲਦੀ ਫੈਲਦਾ ਹੈ।
ਸੂਬਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਤੁਰੰਤ ਹੀ ਕੰਟੇਨਮੈਂਟ ਉਪਰਾਲਿਆਂ ਨੂੰ ਅਪਣਾਇਆ ਜਾਵੇ। ਇਨ੍ਹਾਂ ਇਲਾਕਿਆਂ ਵਿੱਚ ਇਕੱਠ ਹੋਣ ‘ਤੇ ਰੋਕ ਲਗਾਈ ਜਾਵੇ, ਟੈਸਟਿੰਗ ਨੂੰ ਵਧਾਇਆ ਜਾਵੇ, ਟ੍ਰੇਸਿੰਗ ਕੀਤੀ ਜਾਵੇ ਅਤੇ ਟੀਕਾਕਰਣ ਨੂੰ ਤੇਜ ਕੀਤਾ ਜਾਵੇ।