ਦਿੱਲੀ PG ਹਾਦਸਾ: ਹੁਣ ਤੱਕ 6 ਗ੍ਰਿਫ਼ਤਾਰ, ਜਾਂਚ ’ਚ ਸਾਹਮਣੇ ਆਈਆਂ ਕਈ ਅਹਿਮ ਗੱਲਾਂ

Global Team
3 Min Read

ਨਵੀਂ ਦਿੱਲੀ: ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ 6 ਸਤੰਬਰ ਨੂੰ ਵਾਪਰੇ PG ਹਾਦਸੇ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋਈ ਸੀ, ਜਦਕਿ 5 ਲੋਕ ਜ਼ਖ਼ਮੀ ਹੋਏ ਸਨ। ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬੁੱਧਵਾਰ ਨੂੰ ਪੁਲਿਸ ਨੇ PG ਚਲਾ ਰਹੇ ਬਿਜ਼ਨਸ ਪਾਰਟਨਰ ਸ਼ੁਭਮ ਤਿਆਗੀ ਅਤੇ ਸੁਧਾਂਸ਼ੂ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਨੇ ਅਗਸਤ 2025 ਵਿੱਚ ਇਹ ਇਮਾਰਤ ਲੀਜ਼ ’ਤੇ ਲਈ ਸੀ।

ਇਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਲੇਬਰ ਠੇਕੇਦਾਰ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਕਾਬੂ ਕੀਤਾ ਸੀ। ਇਸ ਤੋਂ ਪਹਿਲਾਂ PG ਮਾਲਕ ਹਰਿਰਾਮ ਬੰਸਲ, ਉਸ ਦੀ ਪਤਨੀ ਉਰਮਿਲਾ ਅਤੇ ਪੁੱਤਰ ਮਹੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਲੀਜ਼ ’ਤੇ PG ਚਲਾਉਣ ਦਾ ਮਾਮਲਾ

ਪੁਲਿਸ ਰਿਮਾਂਡ ਦੌਰਾਨ ਮਹੇਸ਼ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਸ਼ੁਭਮ ਅਤੇ ਸੁਧਾਂਸ਼ੂ ਨੇ ਉਨ੍ਹਾਂ ਦੀ ਇਮਾਰਤ ਲੀਜ਼ ’ਤੇ ਲੈ ਕੇ PG ਚਲਾਉਣਾ ਸ਼ੁਰੂ ਕੀਤਾ ਸੀ। ਪੁਲਿਸ ਹੁਣ ਇਮਾਰਤ ਦੀ ਹਾਲਤ ਅਤੇ ਹਾਦਸੇ ਤੋਂ ਪਹਿਲਾਂ ਹੋ ਰਹੇ ਨਿਰਮਾਣ ਕਾਰਜ ਦੀ ਵੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ਵਿੱਚ ਪਾਣੀ ਭਰਨ ਅਤੇ ਸੀਲਨ ਦੀ ਸਮੱਸਿਆ ਦੂਰ ਕਰਨ ਲਈ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪਾਣੀ ਕੱਢਣ ਤੋਂ ਬਾਅਦ ਨਿਰਮਾਣ ਦੌਰਾਨ ਪਾਵਰ ਟਰੋਵਲ ਮਸ਼ੀਨ ਵੀ ਚਲਾਈ ਜਾ ਰਹੀ ਸੀ। ਜਾਂਚ ਵਿੱਚ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਸ਼ੀਨ ਕਾਰਨ ਪੈਦਾ ਹੋਈ ਕੰਪਨ ਅਤੇ ਪਹਿਲਾਂ ਤੋਂ ਕਮਜ਼ੋਰ ਢਾਂਚੇ ਨੇ ਇਮਾਰਤ ਦੇ ਡਿੱਗਣ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ।

ਨਾਲ ਲੱਗੀਆਂ ਇਮਾਰਤਾਂ ’ਤੇ ਵੀ MCD ਦੀ ਕਾਰਵਾਈ

ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ ਨੇ ਨਾਲ ਲੱਗੀਆਂ ਇਮਾਰਤਾਂ ਦਾ ਸਰਵੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਇੱਕ ਖ਼ਤਰਨਾਕ ਐਲਾਨੀ ਇਮਾਰਤ ਨੂੰ ਢਾਹ ਦਿੱਤਾ ਗਿਆ। ਇਸ ਇਮਾਰਤ ਵਿੱਚ ਗਰਲਜ਼ PG ਚੱਲ ਰਿਹਾ ਸੀ, ਜਿਸ ਨੂੰ ਹਾਦਸੇ ਤੋਂ ਬਾਅਦ ਖਾਲੀ ਕਰਵਾ ਦਿੱਤਾ ਗਿਆ ਸੀ।

ਇਸੇ ਦੌਰਾਨ ਕੁਝ ਵਿਦਿਆਰਥਣਾਂ ਵੱਲੋਂ ਬਣਾਈ ਗਈ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਮਰੇ ਦੀਆਂ ਕੰਧਾਂ ਅਤੇ ਛੱਤ ’ਤੇ ਦਰਾਰਾਂ ਦਿਖਾਈ ਦੇ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਸੇ ਇਲਾਕੇ ਦੇ ਗਰਲਜ਼ PG ਦੀ ਵੀਡੀਓ ਹੈ। ਦੋ ਵਿਦਿਆਰਥਣਾਂ ਅਰਨਿਕਾ ਅਤੇ ਮਾਨਸੀ ਨੇ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਇਹ ਵੀਡੀਓ ਬਣਾਈ ਸੀ। ਵੀਡੀਓ ਵਿੱਚ ਅਰਨਿਕਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਮਾਰਤ ਡਿੱਗਣ ਵਾਲੀ ਲੱਗ ਰਹੀ ਹੈ।

ਸੁਪਰੀਮ ਕੋਰਟ ਵਿੱਚ ਵੀ ਪਹੁੰਚਿਆ ਮਾਮਲਾ

ਸਤਿਆ ਨਿਕੇਤਨ PG ਹਾਦਸੇ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਅਦਾਲਤ ਨੇ ਸੰਕੇਤ ਦਿੱਤਾ ਹੈ ਕਿ ਮਾਮਲੇ ਨੂੰ ਸਿਰਫ਼ ਦਿੱਲੀ ਤੱਕ ਸੀਮਤ ਨਾ ਰੱਖ ਕੇ ਦੇਸ਼ ਭਰ ਵਿੱਚ ਜਰਜਰ ਅਤੇ ਗੈਰ-ਕਾਨੂੰਨੀ ਇਮਾਰਤਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ।

ਉੱਧਰ, MCD ਦੇ ਸਰਵੇ ਦੌਰਾਨ ਪਹਿਲੇ ਹੀ ਦਿਨ 1120 PGs ਦੀ ਜਾਂਚ ਵਿੱਚ 52 ਇਮਾਰਤਾਂ ਖਸਤਾ ਹਾਲਤ ਵਿੱਚ ਮਿਲੀਆਂ ਹਨ। ਹਾਦਸੇ ਤੋਂ ਬਾਅਦ ਦਿੱਲੀ ਵਿੱਚ PG ਅਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਹੋਰ ਗੰਭੀਰ ਹੋ ਗਏ ਹਨ।

Share This Article
Leave a Comment