ਕਿਸਾਨ ਲੀਡਰਾਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ, FIR ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਵੀ ਨਾਮਜ਼ਦ

TeamGlobalPunjab
1 Min Read

ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ਦੌਰਾਨ ਫੈਲੀ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੱਲੀ ਪੁਲੀਸ ਦੇ ਮੁਖੀ ਐੱਸਐੱਨ ਸ੍ਰੀਵਾਸਤਵ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਖ਼ਿਲਾਫ਼ ਹਿੰਸਾ ਸਬੰਧੀ ਕੇਸ ਦਰਜ ਹਨ ਉਨ੍ਹਾਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਅਜਿਹਾ ਕਰਨ ਲਈ ਦਿੱਲੀ ਪੁਲੀਸ ਨੂੰ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਲੀਡਰਾਂ ਨੂੰ ਆਪਣੇ ਪਾਸਪੋਰਟ ਜਮਾ ਕਰਵਾਉਣ ਲਈ ਵੀ ਕਿਹਾ ਹੈ।

ਦੂਜੇ ਪਾਸੇ ਲਾਲ ਕਿਲ੍ਹੇ ਵਿਚ ਕੇਸਰੀ ਝੰਡਾ ਲਗਾਉਣ ਅਤੇ ਹਿੰਸਾ ਫੈਲਾਉਣ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਦਰਜ ਕੀਤੀ ਗਈ ਐੱਫਆਈਆਰ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਗੈਂਗਸਟਰ ਲੱਖਾ ਸਿਧਾਣਾ ਨੂੰ ਨਾਮਜ਼ਦ ਕੀਤਾ ਹੈ। ਦਿੱਲੀ ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਸਿੱਧੂ ਨੂੰ ਐਫਆਈਆਰ ‘ਚ ਸ਼ਾਮਲ ਕੀਤਾ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਦੀਪ ਸਿੱਧੂ ਇਸ ਘਟਨਾ ਵਿਚ ਸ਼ਾਮਲ ਸੀ।

ਡਿਪਟੀ ਕਮਿਸ਼ਨਰ ਪੁਲੀਸ (ਡੀਸੀਪੀ) ਨੇ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਦਰਸ਼ਨ ਪਾਲ ਨੂੰ ਪੱਤਰ ਲਿਖ ਕੇ ਉਨ੍ਹਾਂ ਕਿਹਾ ਹੈ ਕਿ ਉਹ ਇਸ ਗੱਲ ਦਾ ਤਿੰਨ ਦਿਨ ਵਿੱਚ ਜੁਆਬ ਦੇਣ ਕਿ ਗਣਤੰਤਰ ਕਿਸਾਨ ਪਰੇਡ ਲਈ ਕੀਤੇ ਸਮਝੌਤੇ ਨੂੰ ਤੋੜਨ ਲਈ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।

Share this Article
Leave a comment