ਭਾਰਤ-ਚੀਨ ਵਿਚਕਾਰ ਰੱਖਿਆ ਵਿਚੋਲੇ ਵਜੋਂ ਰੱਖਿਆ ਮੰਤਰੀ ਰਾਜਨਾਥ ਸਿੰਘ 3 ਦਿਨਾਂ ਦੌਰੇ ਲਈ ਰੂਸ ਰਵਾਨਾ

TeamGlobalPunjab
2 Min Read

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੇ 3 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਹਨ। ਆਪਣੇ ਇਸ ਦੌਰੇ ਦੌਰਾਨ ਉਹ ਭਾਰਤ ਅਤੇ ਰੂਸ ਵਿਚਕਾਰ ਰੱਖਿਆ ਤੇ ਰਣਨੀਤਿਕ ਸਾਂਝੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ‘ਚ ਆਯੋਜਿਤ ਵਿਜੈ ਡੇਅ ਪਰੇਡ ‘ਚ ਵੀ ਹਿੱਸਾ ਲੈਣਗੇ। ਇਹ ਪਰੇਡ ਦੂਸਰੇ ਵਿਸ਼ਵ ਯੁੱਧ ਵਿੱਚ ਜਰਮਨੀ ‘ਤੇ ਸੋਵੀਅਤ ਸੰਘ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ‘ਚ ਆਯੋਜਿਤ ਹੋਵੇਗੀ। ਇੱਥੇ ਦੱਸ ਦਈਏ ਕਿ ਰੱਖਿਆ ਮੰਤਰੀ ਦੀ ਇਹ ਯਾਤਰਾ ਐਨ ਉਸ ਸਮੇਂ ਹੋ ਰਹੀ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਐੇੱਲਏਸੀ ‘ਤੇ ਤਣਾਅ ਕਾਫੀ ਵਧਿਆ ਹੋਇਆ ਹੈ।

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 23 ਜੂਨ ਨੂੰ ‘ਰੂਸ-ਭਾਰਤ-ਚੀਨ’ ਦੇ ਤਿਕੋਣੀ ਵਿਦੇਸ਼ ਮੰਤਰੀ ਵਾਰਤਾ ਦੀ ਮੇਜ਼ਬਾਨੀ ਕਰਨ ਵਾਲੇ ਹਨ। ਅਜਿਹੇ ‘ਚ ਦੇਖਿਆ ਜਾ ਸਕਦਾ ਹੈ ਕਿ ਮਾਸਕੋ ਭਾਰਤ ਅਤੇ ਚੀਨ ਵਿਚਾਲੇ ਵਧੇ ਤਣਾਅ ਦੇ ਦੌਰਾਨ ਇਕ ਵੱਡੇ ਖਿਡਾਰੀ ਦੇ ਰੂਪ ‘ਚ ਉਭਰ ਰਿਹਾ ਹੈ ਅਤੇ ਵਿਚੋਲਗੀ ਕਰਨ ਦੀ ਕੋਸ਼ਿਸ਼ ‘ਚ ਲੱਗਾ ਹੋਇਆ ਹੈ।

ਇਸ ਤੋਂ ਪਹਿਲਾਂ 6 ਜੂਨ ਨੂੰ ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਨੂੰ ਐਲਏਸੀ ‘ਤੇ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ। ਸਰਹੱਦੀ ਵਿਵਾਦ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਵਿਦੇਸ਼ ਸਕੱਤਰ ਅਤੇ ਵਿਦੇਸ਼ੀ ਰਾਜਦੂਤ ਦਰਮਿਆਨ ਇਹ ਸਿਰਫ ਇਕ ਜਨਤਕ ਮੀਟਿੰਗ ਸੀ। ਇਸ ਤੋਂ ਇਲਾਵਾ ਮੰਗਲਵਾਰ ਨੂੰ ਹੋਣ ਵਾਲੀ ਤਿਕੋਣੀ ਵਿਦੇਸ਼ ਮੰਤਰੀ ਵਾਰਤਾ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਰਾਜ ਦੇ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਪਹਿਲੀ ਮੁਲਾਕਾਤ ਹੋਵੇਗੀ।

 

- Advertisement -

Share this Article
Leave a comment