ਨਿਊਜ਼ ਡੈਸਕ: ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਦੂਜਾ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਪੁਸ਼ਟੀ ਐੱਨਆਈਏ ਨੇ ਕੀਤੀ ਹੈ। ਏਜੰਸੀ ਨੂੰ ਦਾਊਦ ਦੇ ਕਰੀਬੀ ਰਿਸ਼ਤੇਦਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਦਾਊਦ ਨੇ ਦੁਬਾਰਾ ਵਿਆਹ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਦਾਊਦ ਨੇ ਆਪਣੀ ਪਹਿਲੀ ਪਤਨੀ ਮਹਿਜਬੀਨ ਨੂੰ ਤਲਾਕ ਨਹੀਂ ਦਿੱਤਾ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਹਮਣੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਪੁੱਤਰ ਨੇ ਸਤੰਬਰ 2022 ਨੂੰ ਦਿੱਤੇ ਬਿਆਨ ‘ਚ ਇਹ ਵੱਡਾ ਖੁਲਾਸਾ ਕੀਤਾ ਹੈ। ਅਸਲ ‘ਚ ਜਾਂਚ ਏਜੰਸੀ ਨੇ ਹਾਲ ਹੀ ‘ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਅੱਤਵਾਦੀ ਨੈੱਟਵਰਕ ਦਾ ਖੁਲਾਸਾ ਕਰਦੇ ਹੋਏ ਮੁੰਬਈ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। NIA ਨੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
NIA ਨੇ ਸਤੰਬਰ 2022 ‘ਚ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀਸ਼ਾਹ ਦਾ ਬਿਆਨ ਦਰਜ ਕੀਤਾ ਸੀ। ਅਲੀਸ਼ਾਹ ਨੇ ਬਿਆਨ ‘ਚ ਕਿਹਾ ਹੈ ਕਿ ਦੂਜੀ ਵਾਰ ਵਿਆਹ ਕਰਨ ਤੋਂ ਬਾਅਦ ਦਾਊਦ ਇਬਰਾਹਿਮ ਦੁਨੀਆ ਨੂੰ ਦੱਸ ਰਿਹਾ ਹੈ ਕਿ ਉਸ ਨੇ ਆਪਣੀ ਪਹਿਲੀ ਪਤਨੀ ਮਹਿਜਬੀਨ ਨੂੰ ਤਲਾਕ ਦੇ ਦਿੱਤਾ ਹੈ ਪਰ ਅਲੀਸ਼ਾਹ ਦੇ ਕਥਨ ਅਨੁਸਾਰ ਅਜਿਹਾ ਬਿਲਕੁਲ ਨਹੀਂ ਹੈ। ਦੂਜੀ ਪਤਨੀ ਕਿੱਥੋਂ ਦੀ ਹੈ ਅਤੇ ਦਾਊਦ ਨਾਲ ਉਸ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।