ਜਿਨਸੀ ਸ਼ੋਸ਼ਣ ਸਬੰਧੀ ਜਾਂਚ ਦੇ ਜਨਤਕ ਖੁਲਾਸੇ ਕਾਰਨ ਮੇਰੇ ਕਰੀਅਰ ਨੂੰ ਲੱਗੀ ਵੱਡੀ ਢਾਹ : ਡੈਨੀ ਫੋਰਟਿਨ

TeamGlobalPunjab
3 Min Read

ਓਟਾਵਾ : ਕੈੈਨੇਡੀਅਨ ਫੌਜ ਦੇ ਅਧਿਕਾਰੀ ਡੈਨੀ ਫੋਰਟਿਨ ਦਾ ਕਹਿਣਾ ਹੈ ਕਿ ਸਰਕਾਰ ਦੇ ਇੱਕ ਫੈਸਲੇ ਨਾਲ ਉਸ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ। ਡੈਨੀ ਨੇ ਕਿਹਾ ਮਈ ਵਿੱਚ ਅਚਾਨਕ ਉਸ ਨੂੰ ਇਸ ਕੈਂਪੇਨ ਤੋਂ ਹਟਾਏ ਜਾਣ ਅਤੇ ਜਨਤਕ ਤੌਰ ਉੱਤੇ ਉਸ ਖਿਲਾਫ ਜਾਰੀ ਜਿਨਸੀ ਸ਼ੋਸ਼ਣ ਸਬੰਧੀ ਜਾਂਚ ਦਾ ਖੁਲਾਸਾ ਕਰਨ ਨਾਲ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

ਵੈਕਸੀਨ ਵੰਡ ਸਬੰਧੀ ਕੈਂਪੇਨ ਦੀ ਪਹਿਲਾਂ ਨਿਗਰਾਨੀ ਕਰਨ ਵਾਲੇ ਮੇਜਰ ਜਨਰਲ ਡੈਨੀ ਫੋਰਟਿਨ ਵੱਲੋਂ ਪਿਛਲੇ ਹਫਤੇ ਦਿੱਤੇ ਹਲਫੀਆ ਬਿਆਨ ਦਾ ਖੁਲਾਸਾ ਵੀਰਵਾਰ ਨੂੰ ਕੀਤਾ ਗਿਆ। ਫੋਰਟਿਨ ਨੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਤੋਂ ਉਸ ਨੂੰ ਹਟਾਏ ਜਾਣ ਦੇ ਫੈਸਲੇ ਨੂੰ ਪਲਟਣ ਲਈ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਹੈ। ਫੋਰਟਿਨ ਦੇ ਹਿਸਾਬ ਨਾਲ ਉਸ ਨੂੰ ਵੈਕਸੀਨ ਵੰਡ ਦੀ ਜਿੰਮੇਵਾਰੀ ਤੋਂ ਹਟਾਇਆ ਜਾਣਾ ਗਲਤ ਹੈ ਤੇ ਇਹ ਫੈਸਲਾ ਸਿਆਸੀ ਤੌਰ ਉੱਤੇ ਪ੍ਰੇਰਿਤ ਹੈ।

ਫੋਰਟਿਨ ਨੇ ਆਖਿਆ ਕਿ ਇਸ ਨਾਲ ਉਸ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ। ਉਸ ਨੂੰ ਤਿੰਨ ਦਿਨ ਪਹਿਲਾਂ ਹੀ ਅਹੁਦੇ ਤੋਂ ਹਟਾਏ ਜਾਣ ਬਾਰੇ ਪਤਾ ਲੱਗਿਆ। ਉਸ ਦੀ ਸਾਖ਼ ਤਾਰ-ਤਾਰ ਹੋ ਰਹੀ ਹੈ। ਉਸ ਦਾ ਕਰੀਅਰ ਤਬਾਹ ਹੋ ਰਿਹਾ ਹੈ। ਉਸ ਨੇ ਆਖਿਆ ਕਿ ਵੈਕਸੀਨੇਸ਼ਨ ਦਾ ਕੰਮ ਪੂਰਾ ਹੋਣ ਉਪਰੰਤ ਉਸ ਨੂੰ ਤਰੱਕੀ ਦੀ ਪੂਰੀ ਆਸ ਸੀ ਪਰ ਹੁਣ ਉਸ ਨੂੰ ਆਪਣਾ ਕਰੀਅਰ ਖ਼ਤਮ ਹੋ ਗਿਆ ਲੱਗਦਾ ਹੈ। ਇਸ ਦੇ ਨਾਲ ਹੀ ਫੋਰਟਿਨ ਨੇ ਆਖਿਆ ਕਿ ਜਨਤਕ ਤੌਰ ਉੱਤੇ ਜਿਨਸੀ ਸ਼ੋਸ਼ਣ ਸਬੰਧੀ ਜਾਂਚ ਦਾ ਰੌਲਾ ਪੈਣ ਨਾਲ ਤਿੰਨ ਦਹਾਕਿਆਂ ਤੋਂ ਬਣਾਈ ਗਈ ਉਸ ਦੀ ਪਛਾਣ ਤੇ ਉਸ ਦੀ ਸਾਖ਼ ਮਿੱਟੀ ਵਿੱਚ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ 14 ਮਈ ਨੂੰ ਡੈਨੀ ਫੋਰਟਿਨ ਨੂੰ ਵੈਕਸੀਨ ਵੰਡ ਦੀ ਜਿੰਮੇਵਾਰੀ ਤੋਂ ਹਟਾਇਆ ਗਿਆ ਸੀ । ਉਸ ਸਮੇਂ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਦੌਰਾਨ ਇਹ ਤੈਅ ਕਰਨ ਦੀ ਕੋਸਿ਼ਸ਼ ਕਰ ਰਹੀ ਸੀ ਕਿ ਇਸ ਮਾਮਲੇ ਵਿੱਚ ਮੁਜਰਮਾਨਾ ਚਾਰਜਿਜ਼ ਲਾਏ ਜਾਣੇ ਚਾਹੀਦੇ ਹਨ ਜਾਂ ਨਹੀਂ। ਆਪਣੇ ਵਕੀਲਾਂ ਰਾਹੀਂ ਫੋਰਟਿਨ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਕਰਨ ਤੋਂ ਇਨਕਾਰ ਕਰਦੇ ਆਏ ਹਨ।

- Advertisement -

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫੋਰਟਿਨ ਦੇ ਵਕੀਲਾਂ ਵੱਲੋਂ ਪਿਛਲੇ ਮਹੀਨੇ ਫੈਡਰਲ ਅਦਾਲਤ ਵਿੱਚ ਇੱਕ ਅਰਜ਼ੀ ਪਾ ਕੇ ਪੀਐਚਏਸੀ ਤੋਂ ਫੋਰਟਿਨ ਨੂੰ ਹਟਾਏ ਜਾਣ ਦੇ ਫੈਸਲੇ ਦਾ ਨਿਆਂਇਕ ਮੁਲਾਂਕਣ ਕਰਨ ਦੀ ਮੰਗ ਵੀ ਕੀਤੀ ਸੀ। ਇੱਥੇ ਹੀ ਬੱਸ ਨਹੀਂ ਉਨ੍ਹਾਂ ਇਸ ਫੈਸਲੇ ਨੂੰ ਰੱਦ ਕਰਨ ਤੇ ਮੁੜ ਫੋਰਟਿਨ ਨੂੰ ਏਜੰਸੀ ਵਿੱਚ ਪਹਿਲਾਂ ਵਾਲੀ ਥਾਂ ਉੱਤੇ ਜਾਂ ਕਿਸੇ ਬਰਾਬਰ ਦੀ ਥਾਂ ਉੱਤੇ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ ਸੀ।

Share this Article
Leave a comment