ਨਿਕੋਸ਼ਿਆ– ਸਾਈਪ੍ਰਸ ਦੇ ਸਰਚ ਅਮਲੇ ਨੂੰ ਐਤਵਾਰ ਨੂੰ ਜੰਗਲਾਂ ‘ਚ ਲੱਗੀ ਅੱਗ ਦੌਰਾਨ ਚਾਰ ਲੋਕਾਂ ਦੀਆਂ ਲਾਸ਼ਾਂ ਮਿੱਲੀਆਂ ਹਨ। ਗ੍ਰਹਿ ਮੰਤਰੀ ਨੇ ਪੂਰਬੀ ਮੈਡੀਟੇਰੀਅਨ ਟਾਪੂ ‘ਤੇ ਲੱਗੀ ਅੱਗ ਨੂੰ ਦੇਸ਼ ਦੇ ਇਤਿਹਾਸ ਵਿੱਚ “ਸਭ ਤੋਂ ਵਿਨਾਸ਼ਕਾਰੀ” ਕਿਹਾ ਹੈ।
ਗ੍ਰਹਿ ਮੰਤਰੀ ਨਿਕੋਸ ਨੌਰਿਸ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ ਟਰੂਡੋਸ ਪਹਾੜੀ ਲੜੀ ਦੇ ਦੱਖਣੀ ਹਿੱਸੇ ‘ਚ ਓਦੂ ਪਿੰਡ ਦੇ ਬਾਹਰ ਅਵਸ਼ੇਸ਼ ਮਿਲੇ ਹਨ। ਨੌਰਿਸ ਨੇ ਦੱਸਿਆ ਕਿ ਸਾਈਪ੍ਰਸ ਲੋਕ-ਰਾਜ ਦੀ ਸਥਾਪਨਾ ਦੇ ਬਾਅਦ ਤੋਂ ਇਸ ਦੇ ਸਭ ਤੋਂ ਖਤਰਨਾਕ ਦਾਵਾਨਲ (ਜੰਗਲ ‘ਚ ਲੱਗੀ ਅੱਗ) ਹੋਣ ਦੀ ਸ਼ੰਕਾ ਹੈ, ਇਸ ਤੋਂ ਨਾ ਸਿਰਫ ਮਾਲ ਦੀ ਸਗੋਂ ਜਾਨ ਦਾ ਵੀ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਲਾਸ਼ਾਂ 22 ਤੋਂ 29 ਸਾਲ ਦੇ ਚਾਰ ਮਿਸਰੀ ਮਜ਼ਦੂਰਾਂ ਦੀਆਂ ਹਨ ਜੋ ਸ਼ਨੀਵਾਰ ਤੋਂ ਲਾਪਤਾ ਹਨ। ਨੌਰਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਈਪ੍ਰਸ ‘ਚ ਮਿਸਰ ਦੇ ਰਾਜਦੂਤ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਵਸ਼ੇਸ਼ਾਂ ਨੂੰ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਅਰਕਪਾਸ ਪਿੰਡ ਦੇ ਬਾਹਰ ਸ਼ਨੀਵਾਰ ਦੁਪਹਿਰ ਤੋਂ ਸ਼ੁਰੂ ਹੋਈ ਇਹ ਅੱਗ ਤੇਜ਼ ਹਵਾਵਾਂ ਦੇ ਵਿਚਕਾਰ ਤੇਜ਼ੀ ਨਾਲ ਫੈਲ ਗਈ। ਅੱਗ ਕਾਰਨ ਕਈ ਘਰ ਵੀ ਤਬਾਅ ਹੋ ਗਏ ਅਤੇ 55 ਵਰਗ ਕਿਲੋਮੀਟਰ (21 ਵਰਗ ਮੀਲ) ਪਾਈਨ ਜੰਗਲ ਅਤੇ ਬਗੀਚੇ ਵੀ ਇਸਦੀ ਲਪੇਟ ‘ਚ ਆਏ ਹਨ।