ਨਵੀ ਦਿੱਲੀ : ਭਾਰਤ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਤਗਮਾ ਜਿੱਤ ਲਿਆ ਹੈ।
ਭਾਰਤ ਨੇ ਕਾਮਨਵੇਲਥ ਗੇਮਜ਼ 2026 ਵਿੱਚ ਝੰਡੂ ਕੁਮਾਰ ਰਾਹੀਂ ਆਪਣਾ ਖਾਤਾ ਖੋਲ੍ਹਿਆ। ਉਨ੍ਹਾਂ ਨੇ ਗਲਾਸਗੋ ਦੇ ਐੱਸ.ਈ.ਸੀ. ਆਰਮਾਡਿਲੋ ਵਿੱਚ ਪੁਰਸ਼ ਹੈਵੀਵੇਟ ਪੈਰਾ ਪਾਵਰਲਿਫਟਿੰਗ ਈਵੈਂਟ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਗਰੁੱਪ ਬੀ ਵਿੱਚ ਹਿੱਸਾ ਲੈਂਦੇ ਹੋਏ ਬਿਹਾਰ ਦੇ 28 ਸਾਲਾ ਭਾਰਤੀ ਪੈਰਾ ਪਾਵਰਲਿਫਟਰ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 190 ਕਿਲੋਗ੍ਰਾਮ ਦਾ ਸਰਵੋਤਮ ਲਿਫਟ ਕੀਤਾ ਅਤੇ 130.9 ਅੰਕਾਂ ਨਾਲ ਆਪਣਾ ਮੁਕਾਬਲਾ ਪੂਰਾ ਕੀਤਾ। ਕਾਮਨਵੇਲਥ ਗੇਮਜ਼ ਵਿੱਚ ਪੈਰਾ ਪਾਵਰਲਿਫਟਿੰਗ ਤਗਮੇ ਦਾ ਫੈਸਲਾ ਸਿਰਫ਼ ਚੁੱਕੇ ਗਏ ਭਾਰ ਦੇ ਆਧਾਰ ‘ਤੇ ਨਹੀਂ, ਸਗੋਂ ਬੌਡੀਵੇਟ ਕੋਐਫੀਸ਼ੈਂਟ ਫਾਰਮੂਲੇ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।
ਵੱਖ-ਵੱਖ ਬੌਡੀਵੇਟ ਕਲਾਸ ਦੇ ਐਥਲੀਟ ਲਾਈਟਵੇਟ ਅਤੇ ਹੈਵੀਵੇਟ ਕੈਟੇਗਰੀ ਵਿੱਚ ਇਕੱਠੇ ਮੁਕਾਬਲਾ ਕਰਦੇ ਹਨ ਅਤੇ ਰੈਂਕਿੰਗ ਐਥਲੀਟ ਦੇ ਬੌਡੀਵੇਟ ਅਤੇ ਸਭ ਤੋਂ ਵਧੀਆ ਸਫਲ ਲਿਫਟ ਨੂੰ ਮਿਲਾ ਕੇ ਤੈਅ ਕੀਤੀ ਜਾਂਦੀ ਹੈ। ਝੰਡੂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 181 ਕਿਲੋਗ੍ਰਾਮ ਭਾਰ ਸਫਲਤਾਪੂਰਵਕ ਚੁੱਕਿਆ ਅਤੇ ਫਿਰ ਇਸਨੂੰ ਵਧਾ ਕੇ 190 ਕਿਲੋਗ੍ਰਾਮ ਕਰ ਦਿੱਤਾ। ਉਨ੍ਹਾਂ ਨੇ ਆਪਣੀ ਆਖਰੀ ਲਿਫਟ ਵਿੱਚ 196 ਕਿਲੋਗ੍ਰਾਮ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋ ਸਕੇ।
ਨਾਇਜੀਰੀਆ ਦੇ ਰਿਲੂਵਾਨ ਇਦਰੀਸ ਨੇ 208 ਕਿਲੋਗ੍ਰਾਮ ਭਾਰ ਚੁੱਕ ਕੇ ਅਤੇ 132.8 ਅੰਕਾਂ ਨਾਲ ਸੋਨੇ ਦਾ ਤਗਮਾ ਹਾਸਲ ਕੀਤਾ, ਜਦੋਂ ਕਿ ਇੰਗਲੈਂਡ ਦੇ ਮੈਥਿਊ ਹਾਰਡਿੰਗ ਨੇ 199 ਕਿਲੋਗ੍ਰਾਮ ਭਾਰ ਚੁੱਕ ਕੇ ਅਤੇ 131.0 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਝੰਡੂ ਦਾ ਸਕੋਰ ਕਾਂਸੀ ਦਾ ਤਗਮਾ ਅਤੇ ਗਲਾਸਗੋ 2026 ਕਾਮਨਵੇਲਥ ਗੇਮਜ਼ ਵਿੱਚ ਭਾਰਤ ਦਾ ਪਹਿਲਾ ਮੈਡਲ ਪੱਕਾ ਕਰਨ ਲਈ ਕਾਫੀ ਰਿਹਾ।
ਦੱਸ ਦਈਏ ਕਿ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਹਰਨੌਤ ਵਿੱਚ ਝੰਡੂ ਕੁਮਾਰ ਬਚਪਨ ਤੋਂ ਪੋਲੀਓ ਤੋਂ ਪ੍ਰਭਾਵਿਤ ਸਨ। ਪਰਿਵਾਰ ਦੀ ਮਦਦ ਲਈ ਉਨ੍ਹਾਂ ਨੇ ਸੜਕ ਕਿਨਾਰੇ ਪਿਤਾ ਨਾਲ ਸਬਜ਼ੀ ਵੇਚੀ ਅਤੇ ਕੋਵਿਡ ਦੌਰਾਨ ਈ-ਰਿਕਸ਼ਾ ਚਲਾ ਕੇ ਰੋਜ਼ੀ-ਰੋਟੀ ਕਮਾਈ। ਹੁਣ ਉਹੀ ਖਿਡਾਰੀ ਨੇ ਕਾਮਨਵੇਲਥ ਗੇਮਜ਼ ਵਿੱਚ ਭਾਰਤ ਲਈ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

