ਕੋਵਿਡ-19 : ਪੁਲੀਸ ਨੇ ਜਿਸ ਚੋਰ ਨੂੰ ਫੜਿਆ ਉਹੀ ਨਿਕਲਿਆ ਕੋਰੋਨਾ ਸੰਕਰਮਿਤ, 24 ਪੁਲੀਸ ਮੁਲਾਜ਼ਮ ਤੇ ਕੋਰਟ ਸਟਾਫ ਕੁਆਰੰਟੀਨ

TeamGlobalPunjab
2 Min Read

ਮੁੰਬਈ :  ਦੇਸ਼ ਵਿਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੇਸ਼ ਦੇ ਡਾਕਟਰ, ਸਿਹਤ ਕਰਮਚਾਰੀ ਤੇ ਪੁਲੀਸ ਮੁਲਾਜ਼ਮ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕੋਰੋਨਾ ਵਿਰੁੱਧ ਲੜਾਈ ‘ਚ ਦਿਨ ਰਾਤ ਲੱਗੇ ਹੋਏ ਹਨ। ਅਜਿਹੀ ਹੀ ਇੱਕ ਘਟਨਾ ਮੁੰਬਈ ਤੋਂ ਸਾਹਮਣੇ ਆਈ ਹੈ। ਦਰਅਸਲ ਮੁੰਬਈ ਪੁਲੀਸ ਨੇ ਜਿਸ ਚੋਰ ਨੂੰ ਗ੍ਰਿਫਤਾਰ ਕੀਤਾ ਸੀ ਉਹੀ ਕੋਰੋਨਾ ਸੰਕਰਮਿਤ ਨਿਕਲਿਆ ਹੈ। ਮੁੰਬਈ ਦੇ ਗੋਰੋਗਾਂਵ ਵੈਸਟ ਦੇ ਬਾਂਗੁਰਨਗਰ ਦੀ ਪੁਲੀਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਚੋਰ ਕੋਰੋਨਾ ਪਾਜ਼ਿਟਿਵ ਨਿਕਲਿਆ। ਜਿਸ ਕਾਰਨ 24 ਪੁਲੀਸ ਮੁਲਾਜ਼ਮਾਂ ਅਤੇ ਮੈਜਿਸਟਰੇਟ ਕੋਰਟ ਦੇ ਦੋ ਸਟਾਫ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਇੱਕ 22 ਸਾਲ ਦੇ ਨੌਜਵਾਨ ਨੂੰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਕਿਸੇ ਨੂੰ ਇਹ ਨਹੀਂ ਪਤਾ ਸੀ ਉਹ ਕੋਰੋਨਾ ਪਾਜ਼ਿਟਿਵ ਹੈ। ਉਸ ਤੋਂ ਬਾਅਦ ਪੁਲੀਸ ਵੱਲੋਂ ਉਕਤ ਚੋਰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਜੇਲ੍ਹ ਸੁਪਰਡੈਂਟ ਨੇ ਚੋਰ ਦਾ ਕੋਵਿਡ-19 ਟੈਸਟ ਨਾ ਹੋਣ ਕਰਕੇ ਉਸ ਨੂੰ ਜੇਲ੍ਹ ਅੰਦਰ ਰੱਖਣ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੀ ਮੈਡੀਕਲ ਕਰਵਾਈ ਗਈ ਜਿਸ ‘ਚ ਉਹ ਕੋਰੋਨਾ ਸੰਕਰਮਿਤ ਪਾਇਆ ਗਿਆ। ਇਸ ਤੋਂ ਬਾਅਦ ਚੋਰ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਘਰ ਵਿਚ ਕੁਆਰੰਟਾਈਨ ਰਹਿਣ ਲਈ ਕਿਹਾ ਗਿਆ। ਪੁਲੀਸ ਵੱਲੋਂ ਉਕਤ ਚੋਰ ਦੇ ਬਾਕੀ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਉਹ ਵੀ ਕੋਰੋਨਾ ਪਾਜੀਟਿਵ ਹੋ ਸਕਦੇ ਹਨ।

ਦੇਸ਼ ਦਾ ਮਹਾਂਰਾਸ਼ਟਰ ਸੂਬਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਮਹਾਂਰਾਸ਼ਟਰ ‘ਚ ਹੁਣ ਤੱਕ ਕੋਰੋਨਾ ਦੇ 8200 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 342 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੇ 29 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ  ਹੈ ਤੇ 940 ਲੋਕਾਂ ਦੀ ਮੌਤ ਹੋਈ ਹੈ।

Share this Article
Leave a comment