ਅਸਾਮ ‘ਚ ਵਾਪਰਿਆ ਵੱਡਾ ਹਾਦਸਾ,ਦੋ ਕਿਸ਼ਤੀਆਂ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਕਈ ਲਾਪਤਾ

TeamGlobalPunjab
2 Min Read

ਬੁੱਧਵਾਰ ਨੂੰ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਤੋਂ ਬਾਅਦ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਕਿਸ਼ਤੀਆਂ ਵਿੱਚ ਲੱਗਭਗ 100 ਲੋਕ ਸਵਾਰ ਸਨ।ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਉਦੋਂ ਹੋਈ ਜਦੋਂ ਨਿੱਜੀ ਕਿਸ਼ਤੀ ਮਾਂ ਕਮਲਾ ਨਿਮਤੀ ਘਾਟ ਤੋਂ ਮਾਜੁਲੀ ਵੱਲ ਜਾ ਰਹੀ ਸੀ ਅਤੇ ਸਰਕਾਰੀ ਮਾਲਕੀ ਵਾਲੀ ਕਿਸ਼ਤੀ ‘ਤ੍ਰਿਪਕਾਈ’ ਮਾਜੁਲੀ ਤੋਂ ਆ ਰਹੀ ਸੀ। ਅੰਦਰੂਨੀ ਜਲ ਆਵਾਜਾਈ (ਆਈ.ਡਬਲਿਯੂ.ਟੀ.) ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, ”ਮਾਂ ਕਮਲਾ ਕਿਸ਼ਤੀ ਪਲਟ ਕੇ ਡੁੱਬ ਗਈ। ਫਿਲਹਾਲ ਸਾਡੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ।”

ਆਈ.ਡਬਲਿਯੂ.ਟੀ. ਦੇ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ ‘ਤੇ 120 ਤੋਂ ਜ਼ਿਆਦਾ ਯਾਤਰੀ ਸਵਾਰ ਸਨ ਪਰ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਵਿਭਾਗ ਦੇ ਮਲਕੀਅਤ ਵਾਲੀ ਤ੍ਰਿਪਕਾਈ ਕਸ਼ਤੀ ਦੀ ਮਦਦ ਰਾਹੀਂ ਬਚਾ ਲਿਆ ਗਿਆ। ਜੋਰਹਾਟ ਦੇ ਡਿਪਟੀ ਕਮਿਸ਼ਨਰ ਅਸ਼ੋਕ ਬਰਮਨ ਨੇ ਦੱਸਿਆ ਕਿ ਹੁਣ ਤੱਕ 41 ਲੋਕਾਂ ਨੂੰ ਬਚਾ ਲਿਆ ਗਿਆ ਹੈ। ਰਾਸ਼ਟਰੀ ਆਫਤ ਜਵਾਬ ਬਲ (ਐੱਨ.ਡੀ.ਆਰ.ਐੱਫ.) ਅਤੇ ਐੱਸ.ਡੀ.ਆਰ.ਐੱਫ. ਦੇ ਕਰਮੀਆਂ ਨੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਕਿਸ਼ਤੀ ਹਾਦਸੇ ਦੀ ਖ਼ਬਰ ‘ਤੇ, ਰਾਜ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਅਤੇ ਤੁਰੰਤ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਜੋਰਹਾਟ ਵਿੱਚ ਨਿਮਤੀ ਨੇੜੇ ਕਿਸ਼ਤੀ ਹਾਦਸੇ ਦੀ ਪੁਸ਼ਟੀ ਕਰਦਿਆਂ ਇਸ ਨੂੰ ਇੱਕ ਦੁਖਦਾਈ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ- ਰਾਜ ਮੰਤਰੀ ਬਿਮਲ ਬੋਰਹ ਨੂੰ ਤੁਰੰਤ ਘਟਨਾ ਸਥਾਨ ‘ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਵੀ ਕੱਲ੍ਹ ਨਿਮਤੀ ਘਾਟ ਜਾਵਾਂਗਾ।

Share this Article
Leave a comment