ਨਵੀਂ ਦਿੱਲੀ : ਜਾਨਲੇਵਾ ਕੋਰੋਨਾ ਵਾਇਰਸ ਦਾ ਸੰਕਰਮਣ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਸੰਕਰਮਿਤ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਬੀਤੇ ਬੁੱਧਵਾਰ ਰਾਜਧਾਨੀ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੇ ਹਸਤਪਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਹਸਪਤਾਲ ਦੇ ਪੀਆਰਓ ਦਿਨੇਸ਼ ਨਾਰਾਇਣ ਨੇ ਕਿਹਾ ਕਿ ਉਕਤ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਸੀ ਜਾਂ ਨਹੀਂ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਰੀਜ਼ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਅਨੁਸਾਰ ਪੀੜਤ ਵਿਅਕਤੀ ਦੀ ਉਮਰ 35 ਸਾਲ ਸੀ। ਮ੍ਰਿਤਕ ਹਾਲ ਹੀ ਵਿੱਚ ਆਸਟਰੇਲੀਆ ਦੇ ਸਿਡਨੀ ਤੋਂ ਵਾਪਸ ਭਾਰਤ ਪਰਤਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿਛਲੇ ਇਕ ਸਾਲ ਤੋਂ ਸਿਡਨੀ ਵਿਚ ਰਹਿ ਰਿਹਾ ਸੀ।
ਨੋਡਲ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ 9 ਵਜੇ ਦੇ ਕਰੀਬ ਆਈਜੀਆਈ ਏਅਰਪੋਰਟ ਤੋਂ ਇੱਕ ਸ਼ੱਕੀ ਕੋਰੋਨਾ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਸਿਰ ‘ਚ ਦਰਦ ਦੀ ਸ਼ਿਕਾਇਤ ਸੀ ਜਿਸ ਕਾਰਨ ਉਸ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ।
- Advertisement -
ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) 170 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 159 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ।
ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਲ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 2 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।