ਆਕਲੈਂਡ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਹੁਣ ਤੱਕ 170 ਤੋਂ ਵੱਧ ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾਂ ਪਾਰ ਕਰ ਚੁੱਕੀ ਹੈ ਤੇ 2 ਲੱਖ ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਹਨ। ਜਿਸ ਦੇ ਚੱਲਦਿਆਂ ਹਰ ਇੱਕ ਦੇਸ਼ ਵੱਲੋਂ ਕੋਰੋਨਾ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਖਤ ਕਦਮ ਉਠਾਏ ਜਾ ਰਹੇ ਹਨ। ਇਸ ‘ਚ ਹੀ ਨਿਊਜੀਲੈਂਡ ਨੇ ਕੋਰੋਨਾ ਦੇ ਖੌਫ ਕਾਰਨ ਵੀਰਵਾਰ ਅੱਧੀ ਰਾਤ 12 ਵਜੇ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੀਰਵਾਰ ਅੱਧੀ ਰਾਤ 12 ਵਜੇ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਨਿਊਜ਼ੀਲੈਂਡ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ ਨਿਊਜ਼ੀਲੈਂਡ ਦੇ ਨਾਗਰਿਕ ਤੇ ਪੱਕੇ ਵਸਨੀਕਾਂ ਨੂੰ ਇਸ ‘ਚ ਛੋਟ ਦਿੱਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਨਾਗਰਿਕਾਂ ਤੇ ਪੱਕੇ ਵਸਨੀਕਾਂ ਦੇ ਪਰਿਵਾਰਕ ਮੈਂਬਰ ਇਕੱਲੇ ਦੇਸ਼ ਨਹੀਂ ਆ ਸਕਦੇ ਉਹ ਮੁੱਖ ਮੈਂਬਰ ਨਾਲ ਹੀ ਦੇਸ਼ ਆ ਸਕਦੇ ਹਨ।
ਆਸਟ੍ਰੇਲੀਆ ਦੇ ਨਾਗਰਿਕ ਤੇ ਪੱਕੇ ਵਸਨੀਕ ਜੋ ਅਸਥਾਈ ਤੌਰ ‘ਤੇ ਨਿਊਜ਼ੀਲੈਂਡ ਰਹਿ ਰਹੇ ਹਨ ਉਨ੍ਹਾਂ ਨੂੰ ਵੀ ਇਸ ‘ਚ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੈਲਥ ਵਰਕਰ ਤੇ ਜ਼ਰੂਰੀ ਸੇਵਾਵਾਂ ਵਾਲੇ ਵਰਕਰਜ਼, ਆਰਜ਼ੀ ਵੀਜ਼ੇ ਅਤੇ ਵਿਦਿਆਰਥੀ ਵੀਜ਼ੇ ਵਾਲੇ ਜਿਹੜੇ ਅੱਜਕੱਲ੍ਹ ਨਿਊਜ਼ੀਲੈਂਡ ‘ਚ ਰਹਿ ਰਹੇ ਹਨ ਉਨ੍ਹਾਂ ਦੇ ਵਿਜ਼ਟਰ ਵੀਜ਼ੇ ਵਾਲੇ ਪਾਰਟਨਰ ਨੂੰ ਵੀ ਇਸ ‘ਚ ਛੋਟ ਦਿੱਤੀ ਗਈ ਹੈ।
ਤਾਜਾ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ‘ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਪੰਜ ਆਕਲੈਂਡ, ਦੋ ਵੈਕਾਟੋ, ਦੋ ਵੈਲਿੰਗਟਨ, ਇਕ ਕੈਂਟਰਬਰੀ ਅਤੇ ਇੱਕ ਹਾਕਸ ਬੇ ਦੇ ਹਨ। ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਇਸ ਦੀ ਪੁਸ਼ਟੀ ਕੀਤੀ ਹੈ।