ਵਰਲਡ ਡੈਸਕ – ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਪਾਕਿਸਤਾਨ ਨੇ ਦੱਖਣੀ ਅਫਰੀਕਾ, ਰਵਾਂਡਾ ਤੇ ਤੰਜ਼ਾਨੀਆ ਸਣੇ 12 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ ਹੈ। ਬੀਤੇ ਐਤਵਾਰ ਨੂੰ ਦੇਸ਼ ‘ਚ ਕੋਵਿਡ -19 ਸੰਕਰਮਣ ਦੇ 3667 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ‘ਚ ਕੁਲ ਮਾਮਲੇ 6.26 ਲੱਖ ਤੋਂ ਪਾਰ ਹੋ ਗਏ।
ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੇ ਉਭਰਨ ਤੋਂ ਬਾਅਦ, ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਦੇਸ਼ਾਂ ਦੀ ਇਕ ਨਵੀਂ ਸੂਚੀ ਨੂੰ ਸੂਚਿਤ ਕੀਤਾ ਹੈ, ਜਿਸ ਵਿਚ ਰਾਸ਼ਟਰ ਨੂੰ ਏ, ਬੀ ਅਤੇ ਸੀ ਸ਼੍ਰੇਣੀ ‘ਚ ਵੰਡਿਆ ਗਿਆ ਹੈ ਤੇ ਸੀ ਵਰਗ ਦੇ 12 ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਈ ਗਈ ਹੈ। ਇਹ ਯਾਤਰਾ ਪਾਬੰਦੀਆਂ ਇਨ੍ਹਾਂ 12 ਦੇਸ਼ਾਂ ‘ਤੇ 23 ਮਾਰਚ ਤੋਂ 5 ਅਪ੍ਰੈਲ ਤੱਕ ਲਾਗੂ ਹੋਣਗੀਆਂ। ਬੋਤਸਵਾਨਾ, ਬ੍ਰਾਜ਼ੀਲ, ਕੋਲੰਬੀਆ, ਕੋਮੋਰੋਸ, ਘਾਨਾ, ਕੀਨੀਆ, ਮੌਜ਼ੰਬੀਕ, ਪੇਰੂ, ਰਵਾਂਡਾ, ਦੱਖਣੀ ਅਫਰੀਕਾ, ਤਨਜ਼ਾਨੀਆ ਤੇ ਜ਼ੈਂਬੀਆ ਨੂੰ ਸੀ ਸ਼੍ਰੇਣੀ ‘ਚ ਰੱਖਿਆ ਗਿਆ ਹੈ।
ਸੀਏਏ ਨੇ ਕਿਹਾ ਕਿ ਪਾਕਿਸਤਾਨ ‘ਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਇਹ ਅਸਥਾਈ ਕਦਮ ਚੁੱਕੇ ਜਾ ਰਹੇ ਹਨ। ਸੀਏਏ ਨੇ ਆਪਣੀ ਸੀ ਸ਼੍ਰੇਣੀ ਨੂੰ ਅਪਡੇਟ ਕੀਤਾ ਹੈ ਤੇ ਯੂਕੇ ਨੂੰ ਸੀ ਤੋਂ ਬੀ ਸ਼੍ਰੇਣੀ ‘ਚ ਤਬਦੀਲ ਕਰ ਦਿੱਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਏ-ਸ਼੍ਰੇਣੀ ਦੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਪਹਿਲਾਂ ਕੋਵਿਡ -19 ਨੂੰ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੈ।
ਆਸਟਰੇਲੀਆ, ਭੂਟਾਨ, ਚੀਨ, ਫਿਜੀ, ਜਪਾਨ, ਕਜ਼ਾਕਿਸਤਾਨ, ਲਾਓਸ, ਮੰਗੋਲੀਆ, ਮੌਰੀਤਾਨੀਆ, ਮੋਰੱਕੋ, ਮਿਆਂਮਾਰ, ਨੇਪਾਲ, ਨਿਊਜ਼ੀਲੈਂਡ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਕੋਰੀਆ, ਸ੍ਰੀਲੰਕਾ, ਤਾਜਿਕਸਤਾਨ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਵੀਅਤਨਾਮ ਨੂੰ ਏ ‘ਚ ਰੱਖਿਆ ਗਿਆ ਹੈ।