ਕੈਨੇਡਾ ‘ਚ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਕੰਮ-ਕਾਜ ਕਰਨ ਵਾਲੀ ਆਬਾਦੀ

Prabhjot Kaur
3 Min Read

ਓਟਵਾ: ਕੈਨੇਡਾ ਦੇ ਅਰਥਚਾਰੇ ਲਈ ਸਭ ਤੋਂ ਵੱਡੀ ਚੁਣੌਤੀ ਖੜੀ ਹੋ ਗਈ ਹੈ। ਅਸਲ ‘ਚ ਕੈਨੇਡਾ ‘ਚ ਕੰਮ ਕਰਨ ਵਾਲੇ ਲੋਕਾਂ ‘ਚ 65 ਸਾਲ ਦੀ ਉਮਰ ਤੋਂ ਪਹਿਲਾਂ ਰਿਟਾਇਰ ਹੋਣ ਦਾ ਰੁਝਾਨ ਵੱਧ ਰਿਹਾ ਹੈ ਜੋ ਕਿ ਕੈਨੇਡੀਅਨ ਅਰਥਚਾਰੇ ਲਈ ਚੰਗੀ ਖ਼ਬਰ ਨਹੀਂ ਹੈ। ਉੱਧਰ ਦੂਜੇ ਪਾਸੇ ਜਿਹੜੇ ਲੋਕ ਰਿਟਾਇਰਮੈਂਟ ਲੈਣ ਤੋਂ ਬਾਅਦ ਨੌਕਰੀਆਂ ਛੱਡ ਰਹੇ ਹਨ, ਉਨ੍ਹਾਂ ਨੌਕਰੀਆਂ ਦੀ ਭਰਪਾਈ ਵੀ ਨਹੀਂ ਹੋ ਪਾ ਰਹੀ।

ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਪਿਛਲੇ ਇੱਕ ਸਾਲ ‘ਚ 55 ਤੋਂ 64 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਦਾ ਫ਼ੈਸਲਾ ਲੈਣ ਵਾਲੇ ਕੈਨੇਡਾ ਵਾਸੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਬਹੁਤੇ ਲੋਕ ਅਜਿਹੇ ਸਨ ਜੋ ਆਪਣੀ ਨੌਕਰੀਆਂ ਬਰਕਰਾਰ ਰੱਖਣੀਆਂ ਚਾਹੁੰਦੇ ਸਨ, ਪਰ ਹੁਣ ਹਾਲਾਤ ਸੁਧਰਣ ਦੀ ਸਥਿਤੀ ‘ਚ ਲੱਖਾਂ ਲੋਕਾਂ ਨੇ ਕੰਮ ਤੋਂ ਪਾਸਾ ਵੱਟ ਲਿਆ ਹੈ। ਹੁਣ ਲੋਕ ਯਾਤਰਾ ਕਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।

ਉੱਧਰ ਮਾਹਰਾਂ ਦਾ ਕਹਿਣਾ ਹੈ ਕਿ ਹੁਨਰਮੰਦ ਕਾਮਿਆਂ ਦੇ ਨੌਕਰੀ ਛੱਡਣ ਕਰਕੇ ਪਹਿਲਾਂ ਤੋਂ ਹੀ ਜੂਝ ਰਹੇ ਕਾਰੋਬਾਰਾਂ ਨੂੰ ਨਵਾਂ ਝਟਕਾ ਲੱਗ ਰਿਹਾ ਹੈ ਤੇ ਨਾਲ ਹੀ ਇਹ ਰੁਝਾਨ ਤਨਖ਼ਾਹ ‘ਚ ਵਾਧੇ ਲਈ ਮਜਬੂਰ ਕਰ ਰਿਹਾ ਹੈ। ਉੱਥੇ ਹੀ ਮਹਿੰਗਾਈ ਤੇ ਕਾਬੂ ਪਾਉਣ ਲਈ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ‘ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਆਰਥਿਕ ਮੰਦੀ ਦਾ ਡਰ ਵੀ ਪੈਦਾ ਹੋ ਜਾਵੇਗਾ।

- Advertisement -

ਉੱਥੇ ਹੀ ਕੈਨੇਡਾ ਨੇ ਆਰਥਿਕ ਵਿਕਾਸ ਨੂੰ ਲੀਹ ‘ਤੇ ਰੱਖਣ ਲਈ ਇਮੀਗ੍ਰੇਸ਼ਨ ਦਾ ਸਹਾਰਾ ਲਿਆ ਹੋਇਆ ਹੈ, ਪਰ ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡਾ ਦੀ ਕੰਮ ਕਰਨ ਵਾਲੀ ਆਬਾਦੀ ਇੰਨੀ ਬੁੱਢੀ ਪਹਿਲਾਂ ਕਦੇ ਨਹੀਂ ਸੀ। ਇਸ ਸਮੇਂ ਹਰੇਕ 5 ਵਿਚੋਂ 1 ਕੈਨੇਡੀਅਨ ਵਰਕਰ 55 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੈ।

ਏਜੰਸੀ ਮੁਤਾਬਕ ਅਗਸਤ ਵਿੱਚ 307,000 ਕੈਨੇਡੀਅਨ ਅਜਿਹੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਵਿਚ ਕਿਸੇ ਸਮੇਂ ਸੇਵਾਮੁਕਤ ਹੋਣ ਲਈ ਆਪਣੀ ਨੌਕਰੀ ਛੱਡ ਦਿੱਤੀ ਸੀ, ਜੋ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ 31.8 ਫ਼ੀਸਦੀ ਵੱਧ ਤਾਦਾਦ ਹੈ ਅਤੇ ਮਹਾਂਮਾਰੀ ਤੋਂ ਪਹਿਲਾਂ ਅਗਸਤ 2019 ਦੇ ਮੁਕਾਬਲੇ 12.5 ਫ਼ੀਸਦੀ ਵੱਧ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment