ਗੰਭੀਰ ਸੰਕਟ ‘ਚ ਕੈਨੇਡਾ ਦਾ ਹੈਲਥ ਕੇਅਰ ਸੈਕਟਰ, ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

Global Team
3 Min Read

ਵੈਨਕੂਵਰ: ਕੈਨੇਡਾ ਇੱਕ ਵਾਰ ਫਿਰ ਕੋਰੋਨਾ ਦੇ ਗੰਭੀਰ ਸੰਕਟ ਨਾਲ ਘਿਰਦਾ ਜਾ ਰਿਹਾ ਹੈ। ਠੰਢ ਦਾ ਮੌਸਮ ਪੂਰੀ ਤਰ੍ਹਾਂ ਆਉਣ ਤੋਂ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਉਥੇ ਹੀ ਦੂਜੇ ਪਾਸੇ ਹੈਲਥ ਕੇਅਰ ਵਰਕਰਾਂ ਦੀ ਕਮੀ ਕਾਰਨ ਐਮਰਜੈਂਸੀ ਰੂਮ ਬੰਦ ਹੋ ਰਹੇ ਹਨ। ਤੀਜੀ ਮਾਰ ਓਮੀਕਰੋਨ ਦਾ ਨਵਾਂ ਸਬਵੇਰੀਐਂਟ ਕਰ ਰਿਹਾ ਹੈ, ਜੋ ਹਰ ਦਵਾਈ ਨੂੰ ਬੇਅਸਰ ਕਰ ਸਕਦਾ ਹੈ। ਪਬਲਿਕ ਹੈਲਥ ਏਜੰਸੀ ਮੁਤਾਬਕ 15 ਸਤੰਬਰ ਤੋਂ 15 ਅਕਤੂਬਰ ਵਿਚਾਲੇ ਕੈਨੇਡਾ ਦੇ ਹਸਪਤਾਲਾਂ ਵਿਚ ਰੋਜ਼ਾਨਾ 4700 ਕੋਰੋਨਾ ਮਰੀਜ਼ ਦਾਖ਼ਲ ਹੋਏ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ਼ 2 ਹਜ਼ਾਰ ਮਰੀਜ਼ ਦਾਖ਼ਲ ਹੋ ਰਹੇ ਸਨ।

ਸਭ ਤੋਂ ਵੱਧ ਕਿਊਬੈਕ ਸੂਬੇ ਵਿਖੇ ਰੋਜ਼ਾਨਾ 2 ਹਜ਼ਾਰ ਮਰੀਜ ਹਸਪਤਾਲਾਂ ‘ਚ ਪਹੁੰਚ ਰਹੇ ਹਨ ਅਤੇ ਸੂਬਾ ਸਰਕਾਰ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦਾ ਸੱਦਾ ਦੇ ਰਹੀ ਹੈ। ਓਨਟਾਰੀਓ ਦਾ ਜ਼ਿਕਰ ਕੀਤਾ ਜਾਵੇ ਤਾਂ ਮਰੀਜ਼ਾਂ ਦਾ ਅੰਕੜਾ 1629 ਤੱਕ ਪਹੁੰਚ ਗਿਆ ਹੈ। ਇਸ ਸਾਲ 4 ਮਈ ਤੋਂ ਬਾਅਦ ਸਭ ਤੋਂ ਉਚਾ ਮੰਨਿਆ ਜਾ ਰਿਹਾ ਹੈ। ਨੋਵਾ ਸਕੋਸ਼ੀਆ ਅਤੇ ਨਿਊ ਬ੍ਰਨਜ਼ਵਿਕ ਦੇ ਹਸਪਤਾਲਾਂ ‘ਚ ਦਾਖਲ ਹੋ ਰਹੇ ਮਰੀਜ਼ਾਂ ‘ਚ ਜ਼ਿਆਦਾਤਰ 70 ਅਤੇ 80 ਸਾਲ ਉਮਰ ਵਾਲੇ ਦੱਸੇ ਜਾ ਰਹੇ ਹਨ। ਟੋਰਾਂਟੋ ਵਿਖੇ ਐਮਰਜੈਂਸੀ ਰੂਮ ਦੇ ਡਾ. ਕਸ਼ੀਫ਼ ਪੀਰਜ਼ਾਦਾ ਨੇ ਦੱਸਿਆ ਕਿ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦਾ ਮੁੱਖ ਕਾਰਨ ਸਿਰਫ਼ ਕੋਰੋਨਾ ਨਹੀਂ ਬਣ ਰਿਹਾ ਬਲਕਿ ਸਾਹ ਲੈਣ ‘ਚ ਤਕਲੀਫ਼ ਪੈਦਾ ਕਰਨ ਵਾਲੇ ਹੋਰ ਵਾਇਰਸ ਅਤੇ ਫਲੂ ਵੀ ਇਸ ਦਾ ਕਾਰਨ ਬਣ ਰਹੇ ਹਨ। ਇਹ ਦੱਸਣਾ ਫ਼ਿਲਹਾਲ ਮੁਸ਼ਕਲ ਹੈ ਕਿ ਸਰਦ ਰੁੱਤ ਵਿਚ ਸਿਹਤ ਸਮੱਸਿਆਵਾਂ ਪੈਦਾ ਕਰਨ ਵਾਲੇ ਵਾਇਰਸ ਇਸ ਵਲੇ ਹਾਵੀ ਕਿਉਂ ਹੋ ਰਹੇ ਹਨ।

ਡਾ. ਪੀਰਜ਼ਾਦਾ ਨੇ ਚਿਤਾਵਨੀ ਦਿਤੀ ਕਿ ਨਵੇਂ ਉਭਰ ਰਹੇ ਵਾਇਰਸ ਵੱਡਾ ਖ਼ਤਰਾ ਬਣ ਸਕਦੇ ਹਨ ਜਿਵੇਂ ਕਿ ਯੂ.ਕੇ. ਅਤੇ ਸਿੰਗਾਪੁਰ ‘ਚ ਦੇਖਿਆ ਜਾ ਸਕਦਾ ਹੈ ਜਿਥੇ ਕਈ ਨਵੇਂ ਸਬਵੇਰੀਐਂਟਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਯੂ.ਕੇ. ‘ਚ ਰੋਜ਼ਾਨਾ ਸਾਹਮਣੇ ਆ ਰਹੇ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਟੱਪਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉਥੇ ਹੀ ਸਵੀਡਨ ਦੇ ਵਿਗਿਆਨੀਆਂ ਨੇ ਸੁਚੇਤ ਕੀਤਾ ਹੈ ਕਿ ਆਉਂਦੇ ਸਿਆਲ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟਸ ਪੈਦਾ ਹੋਣਗੇ ਜਿਨ੍ਹਾਂ ਉਪਰ ਸੰਭਾਵਤ ਤੌਰ ‘ਤੇ ਕਿਸੇ ਵੈਕਸੀਨ ਦਾ ਅਸਰ ਨਹੀਂ ਹੋਵੇਗਾ। ਓਮੀਕੌਨ ਦਾ ਬੀ.ਏ. 2.752 ਇਸ ਲੜੀ ਦਾ ਸਬਵੇਰੀਐਂਟ ਹੈ ਜੋ ਕਈ ਵੈਕਸੀਨਜ਼ ਨੂੰ ਬੇਅਸਰ ਕਰ ਸਕਦਾ ਹੈ।

Share This Article
Leave a Comment