Home / ਓਪੀਨੀਅਨ / ਕੋਵਿਡ-19: ਖ਼ੁਰਾਕੀ ਵਸਤਾਂ ਅਤੇ ਕਰੰਸੀ ਨੋਟਾਂ ਨੂੰ ਕਰੇਗਾ ਕੀਟਾਣੂ-ਮੁਕਤ ਯੂਵੀ ਸੈਨੀਟਾਈਜ਼ਿੰਗ ਕੈਬਿਨ

ਕੋਵਿਡ-19: ਖ਼ੁਰਾਕੀ ਵਸਤਾਂ ਅਤੇ ਕਰੰਸੀ ਨੋਟਾਂ ਨੂੰ ਕਰੇਗਾ ਕੀਟਾਣੂ-ਮੁਕਤ ਯੂਵੀ ਸੈਨੀਟਾਈਜ਼ਿੰਗ ਕੈਬਿਨ

-ਅਵਤਾਰ ਸਿੰਘ

ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਮਾਰਕੀਟ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਹਨ। ਹਰ ਜਾਗਰੂਕ ਨਾਗਰਿਕ ਇਨ੍ਹਾਂ ਦੀ ਵਰਤੋਂ ਕਰਨ ਲੱਗ ਪਿਆ ਹੈ। ਪਰ ਇਸ ਨੂੰ ਰੋਕਣ ਦੀ ਪੁਖਤਾ ਦਵਾਈ ਅਜੇ ਵੀ ਤਿਆਰ ਨਹੀਂ ਹੋਈ। ਹਰ ਇਨਸਾਨ ਨੂੰ ਇਸ ਤੋਂ ਬਚਾਅ ਰੱਖਣ ਲਈ ਇਹਤਿਆਤ ਵਰਤਣੀ ਚਾਹੀਦੀ ਹੈ। ਇਸੇ ਤਰ੍ਹਾਂ ਦੀ ਇਕ ਪਹਿਲ ਡਾ. ਬੀਆਰ ਅੰਬੇਦਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ (ਐੱਨਆਈਟੀ – NIT), ਜਲੰਧਰ ਨੇ ਮਲਟੀਪਰਪਜ਼ ਟਾਈਮਰ-ਫਿਟਡ ਸੈਨੀਟਾਈਜ਼ਿੰਗ ਕੈਬਿਨ ਦੀ ਖੋਜ ਕਰਕੇ ਕੀਤੀ ਹੈ। ਜੋ ਪੈਕਡ ਖ਼ੁਰਾਕੀ ਵਸਤਾਂ ਵੀ ਸੈਨੀਟਾਈਜ਼ ਕਰ ਸਕਦਾ ਹੈ। ਇਹ ਕਾਗਜ਼ਾਂ, ਫ਼ਾਈਲਾਂ, ਵਰਤੇ ਹੋਏ ਮਾਸਕਾਂ ਤੇ ਦਸਤਾਨਿਆਂ, ਚਾਬੀਆਂ ਆਦਿ ਦੇ ਨਾਲ ਨਾਲ ਕਰੰਸੀ ਨੋਟਾਂ ਅਤੇ ਕ੍ਰੈਡਿਟ ਕਾਰਡਾਂ ਨੂੰ ਵੀ ਕੀਟਾਣੂ–ਮੁਕਤ ਕਰਦਾ ਹੈ।

ਇੱਕ ਡੱਬੇ ਦੇ ਆਕਾਰ ਦਾ ਇਹ ਪੋਰਟੇਬਲ ਸੈਨੀਟਾਈਜ਼ਰ ਜਾਂ ਕੀਟਾਣੂ–ਨਾਸ਼ਕ ਹੈ, ਜਿਸ ਦੇ ਅੰਦਰ ਉੱਪਰਲੇ ਅਤੇ ਹੇਠਲੇ ਪਾਸੇ ਅਲਟ੍ਰਾ–ਵਾਇਲਟ (ਯੂਵੀ – UV – ਪਰਾ–ਬੈਂਗਣੀ) ਲਾਈਟਾਂ ਲੱਗੀਆਂ ਹੋਈਆਂ ਹਨ।

ਇਸ ਦਾ ਅਲਟ੍ਰਾ–ਵਾਇਲਟ ਰੇਡੀਏਸ਼ਨ ਕਿਸੇ ਵਸਤੂ ਦੀਆਂ ਸਤਹਾਂ ਉੱਤੇ ਜਮ੍ਹਾਂ ਹੋਏ ਵਾਇਰਸ, ਬੈਕਟੀਰੀਆ ਜਾਂ ਉੱਲੀ ਜਿਹੇ ਸੂਖਮ ਪਰਜੀਵੀ ਰੋਗਾਣੂਆਂ ਦਾ ਖ਼ਾਤਮਾ ਕਰ ਦਿੰਦਾ ਹੈ – ਸੈਨੀਟਾਈਜ਼ਿੰਗ ਲਈ ਵਸਤੂ ਨੂੰ ਦਰਾਜ਼ ਦੇ ਅੰਦਰ ਰੱਖਣਾ ਪੈਂਦਾ ਹੈ।

ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਯੂਵੀ–ਸੀ (UV-C) ਰੇਡੀਏਸ਼ਨ ਹਵਾ, ਪਾਣੀ ਤੇ ਸਤਹਾਂ ਨੂੰ ਰੋਗਾਣੂ–ਮੁਕਤ ਕਰ ਸਕਦਾ ਹੈ ਤੇ ਇਹ ਕੋਈ ਲਾਗ ਲੱਗਣ ਦੇ ਖ਼ਤਰੇ ਨੂੰ ਘਟਾਉਣ ’ਚ ਵੀ ਮਦਦ ਕਰ ਸਕਦਾ ਹੈ ਅਤੇ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਹੁਣ ਤੱਕ ਦੇ ਸਾਰੇ ਟੈਸਟਾਂ ਵਿੱਚ ਯੂਵੀ–ਸੀ (UV-C) ਸਦਾ ਬੈਕਟੀਰੀਆ ਅਤੇ ਵਾਇਰਸਾਂ ਦਾ ਖ਼ਾਤਮਾ ਕਰਦਾ ਦੇਖਿਆ ਗਿਆ ਹੈ।

ਇਸ ਵੇਲੇ ਅਲਟ੍ਰਾ–ਵਾਇਲਟ ਰੋਸ਼ਨੀ ਦੀ ਵਰਤੋਂ ਖ਼ੁਰਾਕ ਉਦਯੋਗ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਬਿਲਕੁਲ ਸੁਰੱਖਿਅਤ ਹੈ, ਇਸ ਦੇ ਰੱਖ–ਰਖਾਅ ਦਾ ਖ਼ਰਚਾ ਘੱਟ ਹੈ ਅਤੇ ਇਸ ਵਿੱਚ ਕਿਸੇ ਰਸਾਇਣ ਜਾਂ ਕੀਟ–ਨਾਸ਼ਕ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ।

ਅਮਰੀਕੀ ‘ਖ਼ੁਰਾਕ ਅਤੇ ਦਵਾ ਪ੍ਰਸ਼ਾਸਨ’ (ਐੱਫ਼ਡੀਏ – FDA – ਫ਼ੂਡ ਐਂਡ ਡ੍ਰਗ ਐਡਮਿਨਿਸਟ੍ਰੇਸ਼ਨ) ਪਹਿਲਾਂ ਹੀ ਯੂਵੀ ਰੇਡੀਏਸ਼ਨ ਦੀ ਭੋਜਨ ਲਈ ਇੱਕ ‘ਸਰਫ਼ੇਸ ਐਂਟੀਮਾਈਕ੍ਰੋਬੀਅਲ’ ਇਲਾਜ ਵਜੋਂ ਵਰਤੋਂ ਦੀਆਂ ਸ਼ਰਤਾਂ ਨਿਰਧਾਰਤ ਕਰ ਚੁੱਕਾ ਹੈ। ਜਦੋਂ ਪਰਾ–ਬੈਂਗਣੀ ਰੇਡੀਏਸ਼ਨ ਸਰੋਤਾਂ ਵਿੱਚ ਘੱਟ ਦਬਾਅ ਵਾਲੇ ਮਰਕਰੀ ਲੈਂਪ ਹੁੰਦੇ ਹਨ, ਤਾਂ ਇਸ ਦੀ ਸੁਰੱਖਿਅਤ ਵਰਤੋਂ ਇੱਕ ਸਰਫ਼ੇਸ ਐਂਟੀਮਾਈਕ੍ਰੋਬੀਅਲ ਇਲਾਜ ਵਜੋਂ ਕੀਤੀ ਜਾ ਸਕਦੀ ਹੈ।

ਐੱਨਆਈਟੀ ਦੇ ਡਾਇਰੈਕਟਰ ਡਾ. ਐੱਲਕੇ ਅਵਸਥੀ ਅਤੇ ਇੰਸਟਰੂਮੈਂਟੇਸ਼ਨ ਐਂਡ ਕੰਟਰੋਲ ਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਕੁਲਦੀਪ ਸਿੰਘ ਨਗਲਾ ਦੁਆਰਾ ਇਸ ਉਪਕਰਣ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਅਤੇ ਇਹ ‘ਮਨੁੱਖਾਂ ਅਤੇ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ’ ਹੈ। ਡਾ. ਅਵਸਥੀ ਨੇ ਦੱਸਿਆ ਕਿ ਭਾਵੇਂ ਬਜ਼ਾਰ ਵਿੱਚ ਅਜਿਹੇ ਹੋਰ ਵੀ ਕੁਝ ਯੂਵੀ–ਉਪਕਰਣ ਉਪਲਬਧ ਹਨ ਪਰ ਇਸ ਅਨੁਕੂਲ ਸੈਨੀਟਾਈਜ਼ਰ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹਨ, ਜੋ ਇਸ ਨੂੰ ਵਧੇਰੇ ਮਨੁੱਖ–ਪੱਖੀ ਬਣਾਉਂਦੀਆਂ ਹਨ।

ਡਾ. ਨਗਲਾ ਨੇ ਦੱਸਿਆ ਕਿ ਇਹ ਉਪਕਰਣ ਵਰਤੋਂਕਾਰਾਂ ਲਈ ਸੁਰੱਖਿਅਤ ਹੈ ਕਿਉਂਕਿ ਇਸ ਵਿੱਚੋਂ ਨਿਕਲਣ ਵਾਲੀ ਕਿਸੇ ਚੀਜ਼ ਤੋਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ। ਜਦੋਂ ਦਰਾਜ਼ ਖੁੱਲ੍ਹਾ ਹੁੰਦਾ ਹੈ, ਤਾਂ ਯੂਵੀ ਰੋਸ਼ਨੀ ਆਪਣੇ–ਆਪ ਬੰਦ ਹੋ ਜਾਂਦੀ ਹੈ। ਛੇਕਾਂ ਵਾਲੀਆਂ ਐਕ੍ਰਿਲਿਕ ਸ਼ੀਟਾਂ ਤੇ ਰੋਸ਼ਨੀਆਂ ਕੁਝ ਇਸ ਤਰੀਕੇ ਫ਼ਿੱਟ ਕੀਤੀਆਂ ਗਈਆਂ ਹਨ ਕਿ ਜਿਸ ਨਾਲ ਵਸਤਾਂ ਸਾਰੇ ਕੋਣਾਂ ਤੋਂ ਕੀਟਾਣੂ–ਮੁਕਤ ਹੋ ਜਾਂਦੀਆਂ ਹਨ।

ਘਰਾਂ ਤੇ ਦਫ਼ਤਰਾਂ ਵਿੱਚ ਵਰਤੋਂ ਲਈ ਸੁਰੱਖਿਅਤ ਹੋਣ ਦੇ ਨਾਲ ਇਹ ਬੈਂਕਰਾਂ ਲਈ ਵੀ ਸਹਾਇਕ ਹੋ ਸਕਦਾ ਹੈ। ਉਹ ਕਰੰਸੀ ਨੋਟਾਂ ਨਾਲ ਨਿਪਟਦੇ ਸਮੇਂ ਵਾਇਰਸਾਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖ ਸਕਦੇ ਹਨ ਕਿਉਂਕਿ ਵਿਭਿੰਨ ਵਾਇਰਸ ਦੀਆਂ ਛੂਤਾਂ ਇਨ੍ਹਾਂ ਤੋਂ ਵੀ ਲੱਗ ਸਕਦੀਆਂ ਹਨ।

ਵਰਤੋਂਕਾਰ ਵਸਤੂ ਤੇ ਉਸ ਦੇ ਆਕਾਰ ਅਨੁਸਾਰ ਟਾਈਮਰ ਸੈੱਟ ਕਰ ਸਕਦਾ ਹੈ। ਉਦਾਹਰਣ ਵਜੋਂ, ਬੈਂਕਾਂ ਵਿੱਚ ਖ਼ਜ਼ਾਨਚੀ ਕਰੰਸੀ ਨੋਟ ਰੱਖ ਸਕਦੇ ਹਨ ਤੇ 120 ਸੈਕੰਡਾਂ ਲਈ ਟਾਈਮਰ ਸੈੱਟ ਕਰ ਸਕਦੇ ਹਨ ਅਤੇ 120 ਸੈਕੰਡਾਂ ਬਾਅਦ ਇਹ ਉਪਕਰਣ ਆਪਣੇ–ਆਪ ਬੰਦ ਹੋ ਜਾਵੇਗਾ। ਇਸੇ ਤਰ੍ਹਾਂ ਪੈਕਡ ਭੋਜਨ ਵਸਤਾਂ, ਬੋਤਲਾਂ ਆਦਿ ਦੇ ਮਾਮਲੇ ਵਿੱਚ ਟਾਈਮਰ ਨੂੰ 300 ਸੈਕੰਡਾਂ ਅਤੇ ਕੁਝ ਹੋਰ ਮਾਮਲਿਆਂ ਵਿੱਚ ਇਸ ਤੋਂ ਵੱਧ ਸਮੇਂ ਲਈ ਵੀ ਇਹ ਸੈੱਟ ਕੀਤਾ ਜਾ ਸਕਦਾ ਹੈ। ਬੈਕੀਟੀਰੀਆ ਅਤੇ ਵਾਇਰਸ ਦੀਆਂ ਬਹੁਤ ਜ਼ਿਆਦਾ ਕਿਸਮਾਂ ਹੁੰਦੀਆਂ ਹਨ। ਬੈਸਿਲਸ, ਐਂਥ੍ਰਾਸਿਸ, ਸਪੋਰਜ਼ ਜਿਹੇ ਕੁਝ ਬੈਕਟੀਰੀਆ ਦੇ ਖ਼ਾਤਮੇ ਲਈ ਐਕਸਪੋਜ਼ਰ ਸਮਾਂ ਵੱਧ ਵੀ ਰੱਖਿਆ ਜਾ ਸਕਦਾ ਹੈ। ਇਸ ਦੇ ਅੰਦਰ ਫ਼ਿੱਟ ਇੱਕ ਪੱਖਾ ਸੁਰੱਖਿਆ ਲਈ ਤਾਪਮਾਨ ਨਿਯੰਤ੍ਰਿਤ ਕਰਦਾ ਹੈ।

ਡਾ. ਅਵਸਥੀ ਨੇ ਦੱਸਿਆ ਕਿ ਇਸ ਨੂੰ ਪਹਿਲਾਂ ਹੀ ਪੇਟੈਂਟ ਲਈ ਭੇਜਿਆ ਜਾ ਚੁੱਕਾ ਹੈ ਅਤੇ ਐੱਨਆਈਟੀ (NIT) ਇਸ ਦੇ ਵਪਾਰਕ ਉਤਪਾਦਨ ਲਈ ਇੱਕ ਨਿਜੀ ਕੰਪਨੀ ਨਾਲ ਗੱਠਜੋੜ ਕਰ ਰਹੀ ਹੈ। ਕੋਵਿਡ ਦੀ ਮੌਜੂਦਾ ਮਹਾਮਾਰੀ ਵਾਲੀ ਸਥਿਤੀ ਦੌਰਾਨ ਬੈਕਟੀਰੀਆ, ਵਾਇਰਸਾਂ ਤੇ ਉੱਲੀ ਤੋਂ ਸਮਾਜ ਨੂੰ ਸੁਰੱਖਿਅਤ ਲਈ ਇਸ ਸੰਸਥਾਨ ਦੁਆਰਾ ਇੱਕ ਸਾਲ ਅੰਦਰ ਕੀਤੀਆਂ 10 ਖੋਜਾਂ ਵਿੱਚੋਂ ਇਹ ਚੌਥੀ ਖੋਜ ਹੈ।

Check Also

ਇਮਿਊਨਿਟੀ ਵਧਾਉਣ ਲਈ ਜੇਕਰ ਕਰ ਰਹੇ ਹੋ ਗਿਲੋਅ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਜਾਣੋ ਇਸ ਦੇ ਨੁਕਸਾਨ

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਭ ਦਾ ਧਿਆਨ ਆਪਣੀ ਇਮਿਊਨਿਟੀ ਵਧਾਉਣ ‘ਤੇ ਹੈ। …

Leave a Reply

Your email address will not be published. Required fields are marked *