ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾਵਾਇਰਸ (ਕੋਵਿਡ-19) ਦੀ ਸਥਿਤੀ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ‘ਚ ਹੀ ਕੋਰੋਨਾਵਾਇਰਸ ਨਾਲ ਦੇਸ਼ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਮਾਮਲਾ ਤਾਮਿਲਨਾਡੂ ਰਾਜ ਦੇ ਮਦੁਰਾਈ ਤੋਂ ਸਾਹਮਣੇ ਆਇਆ ਹੈ। ਜਿਸ ਨਾਲ ਭਾਰਤ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਇਸ ਦੇ ਨਾਲ ਹੀ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਵੱਧ ਕੇ 557 ਹੋ ਗਈ ਹੈ।
ਤਾਮਿਲਨਾਡੂ ਵਿੱਚ ਕੋਰੋਨਾਵਾਇਰਸ ਨਾਲ ਮੌਤ ਦਾ ਇਹ ਪਹਿਲਾਂ ਮਾਮਲਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ 23 ਮਾਰਚ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ। ਜਿਸ ਤੋਂ ਬਾਅਦ ਰਾਜਾਜੀ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਨੇ ਬੁੱਧਵਾਰ ਯਾਨੀ ਅੱਜ ਸਵੇਰੇ ਦਮ ਤੋੜ ਦਿੱਤਾ। ਤਾਮਿਲਨਾਡੂ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ ਸੰਕਰਮਿਤ 18 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ‘ਚੋਂ ਇੱਕ ਦੀ ਅੱਜ (ਬੁੱਧਵਾਰ) ਇਲਾਜ ਦੌਰਾਨ ਮੌਤ ਹੋ ਗਈ ਹੈ।
ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਕਿਹਾ ਹੈ ਕਿ ਉਕਤ ਮਰੀਜ਼ ਕਾਫੀ ਲੰਬੇ ਸਮੇਂ ਤੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਮਹਾਂਰਾਸ਼ਟਰ ਵਿੱਚ ਇੱਕ 63 ਸਾਲਾ ਬਜ਼ੁਰਗ ਦੀ ਵਾਇਰਸ ਕਾਰਨ ਮੌਤ ਹੋ ਗਈ ਸੀ ਜੋ ਕਿ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ। ਹੁਣ ਤੱਕ ਆਪਣੀ ਜਾਨ ਗੁਆ ਚੁੱਕੇ 11 ਲੋਕਾਂ ਵਿਚੋਂ 8 ਵਿਅਕਤੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਵੀ ਪੀੜਤ ਸਨ।
ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਮੰਗਲਵਾਰ ਨੂੰ ਸ਼ਾਮੀਂ 8:00 ਵਜੇ ਪੂਰੇ ਦੇਸ਼ ’ਚ 21 ਦਿਨਾਂ ਦੇ ਲਾਕਡਾਊਨ ਭਾਵ ‘ਦੇਸ਼ਬੰਦੀ’ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ’ਚ ਇਹ ਵੀ ਆਖਿਆ ਕਿ ਮੁਕੰਮਲ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਹਸਪਤਾਲ, ਦੁੱਧ, ਸਬਜ਼ੀਆਂ ਤੇ ਦਵਾਈਆਂ ਦੀਆਂ ਦੁਕਾਨਾਂ ਜਾਰੀ ਰਹਿਣਗੀਆਂ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅੰਧ–ਵਿਸ਼ਵਾਸਾਂ ਤੇ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ।
ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ ਵਿਸ਼ਵ ਪੱਧਰ ‘ਤੇ 17 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।