ਬਰਫ਼ੀਲੇ ਤੂਫਾਨ ‘ਚ ਫਸੇ ਸਿੱਖ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਪੁੱਜੇ ਲੋਕ

Prabhjot Kaur
2 Min Read

ਕਿਚਨਰ: ਕੈਨੇਡਾ ਦੇ ਸਿੱਖ ਪਰਿਵਾਰ ਦੀਆਂ ਉਮੀਦਾਂ ਉਸ ਵੇਲੇ ਬਿਲਕੁਲ ਖ਼ਤਮ ਹੋ ਗਈਆਂ, ਜਦੋਂ ਉਨ੍ਹਾਂ ਦੀ ਕਾਰ ਬਰਫ਼ੀਲੇ ਤੂਫਾਨ ਵਿੱਚ ਬੁਰੀ ਤਰ੍ਹਾਂ ਫਸ ਗਈ। ਪਰ ਕੁਝ ਲੋਕ ਫਰਿਸ਼ਤੇ ਬਣ ਕੇ ਪਰਮਪ੍ਰੀਤ ਸਿੰਘ, ਉਨ੍ਹਾਂ ਦੀ ਪਤਨੀ ਅਮਨਪ੍ਰੀਤ ਕੌਰ ਅਤੇ ਦੋ ਬੱਚਿਆਂ ਦੀ ਜਾਨ ਬਚਾਉਣ ਲਈ ਪੁੱਜ ਗਏ।

ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਸੀ, ਉਮੀਦਾਂ ਘਟਦੀਆਂ ਜਾ ਰਹੀਆਂ ਸਨ। ਇੱਕ ਸਮੇਂ ‘ਤੇ ਤਾਂ ਅਜਿਹਾ ਲੱਗਿਆ ਕਿ ਅੱਜ ਉਨ੍ਹਾਂ ਦਾ ਪਰਿਵਾਰ ਨਹੀਂ ਬਚ ਸਕੇਗਾ ਪਰ ਅਚਾਨਕ ਸਾਈਮਨ ਅਤੇ ਉਨ੍ਹਾਂ ਦੀ ਪਤਨੀ ਕਾਰ ਨੇੜੇ ਪੁੱਜੇ ਅਤੇ ਸਭ ਕੁਝ ਬਦਲ ਗਿਆ। ਪਰਮਪ੍ਰੀਤ ਸਿੰਘ ਆਪਣੀ ਪਤਨੀ ਅਤੇ ਬੇਟੀਆਂ ਨਾਲ ਕੋਲਿੰਗਵੁੱਡ ਤੋਂ ਕਿਚਨਰ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਬਰਫ ‘ਚ ਫਸਣ ਲੱਗੀ। ਪਰਮਪ੍ਰੀਤ ਸਿੰਘ ਨੇ ਕਿਸੇ ਤਰੀਕੇ ਗੱਡੀ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਪਰ ਜ਼ਿਆਦਾ ਸਫ਼ਲਤਾ ਨਹੀਂ ਸੀ ਮਿਲ ਰਹੀ। ਕਈ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਗੱਡੀ ਦਾ ਤੇਲ ਵੀ ਖ਼ਤਮ ਹੋਣ ਲੱਗਾ।

ਪਰਮਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਫਰਿਸ਼ਤਾ ਬਣ ਕੇ ਪੁੱਜੇ ਸਾਈਮਨ ਅਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਹ ਸੜਕ ਨੇੜਲੇ ਆਪਣੇ ਫਾਰਮ ਹਾਊਸ ਵਿਚ ਸਨ ਜਦੋਂ ਕਿਸੇ ਗੱਡੀ ਦੀਆਂ ਲਾਈਟਾਂ ਫਲੈਸ਼ ਕਰਦੀਆਂ ਨਜ਼ਰ ਆਈਆਂ। ਕਦੇ ਲਾਈਟਾਂ ਬੁਝ ਜਾਂਦੀਆਂ ਅਤੇ ਫਿਰ ਜਗਣ ਲਗਦੀਆਂ ਸਾਈਮਨ ਨੇ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਦੋਹਾਂ ਨੇ ਬਰਫ਼ੀਲੀ ਰਾਤ ‘ਚ ਘਰੋਂ ਬਾਹਰ ਨਿਕਲਣ ਦਾ ਮਨ ਬਣਾ ਲਿਆ। ਦੋਵੇਂ ਜਣੇ ਕਾਰ ਨੇੜੇ ਪੁੱਜੇ ਤਾਂ ਚਾਰ ਜੀਆਂ ਦਾ ਪਰਿਵਾਰ ਅੰਦਰ ਫਸਿਆ ਹੋਇਆ ਸੀ। ਸਾਈਮਨ ਅਤੇ ਉਨ੍ਹਾਂ ਦੀ ਪਤਨੀ ਨੇ ਬਗੈਰ ਦੇਰ ਕੀਤਿਆਂ ਪਰਿਵਾਰ ਨੂੰ ਬਾਹਰ ਨਿਕਲਣ ‘ਚ ਮਦਦ ਕੀਤੀ ਅਤੇ ਆਪਣੇ ਘਰ ਲੈ ਗਏ। ਬਾਅਦ ਵਿਚ ਸਾਈਮਨ ਵੱਲੋਂ ਮਸ਼ੀਨ ਦੀ ਮਦਦ ਨਾਲ ਕਾਰ ਵੀ ਬਰਫ ‘ਚੋਂ ਕਢਵਾਈ ਗਈ। ਅਗਲੇ ਦਿਨ ਮੌਸਮ ਸਾਫ਼ ਹੋਣ ਤੋਂ ਬਾਅਦ ਪਰਮਪ੍ਰੀਤ ਸਿੰਘ ਆਪਣੀ ਪਤਨੀ ਅਤੇ ਬੱਚੀਆਂ ਨਾਲ ਕਿਚਨਰ ਵੱਲ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਈਮਨ ਅਤੇ ਉਨ੍ਹਾਂ ਦੀ ਪਤਨੀ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਬਚ ਗਈ।

Share this Article
Leave a comment