ਲਗਜ਼ਰੀ ਗੱਡੀਆਂ ਚੋਰੀ ਕਰਨ ਦੇ ਮਾਮਲੇ ‘ਚ ਕੈਨੇਡਾ ਵਿਖੇ ਕਈ ਪੰਜਾਬੀ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ : ਕੈਨੇਡਾ ‘ਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ ਪੰਜਾਬੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਪੁਲਿਸ ਵਲੋਂ ਇਨ੍ਹਾਂ ਕੋਲੋਂ 200 ਤੋਂ ਵੱਧ ਗੱਡੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ ਕਰੋੜ 10 ਲੱਖ ਡਾਲਰ ਦੱਸੀ ਜਾ ਰਹੀ ਹੈ।

ਗ੍ਰਿਫਤਾਰ ਕੀਤੇ ਗਏ ਪੰਜਾਬੀਆਂ ਦੀ ਪਛਾਣ 65 ਸਾਲਾ ਬਲਵਿੰਦਰ ਧਾਲੀਵਾਲ, 22 ਸਾਲਾ ਰਣਵੀਰ ਸੰਗੀ, 22 ਸਾਲਾ ਯੁਵਰਾਜ ਬਹਿਲ ਅਤੇ 21 ਸਾਲਾ ਵਰੁਣ ਵਰਮਾ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 24 ਸਾਲ ਦੇ ਅਕਾਸ਼ ਸੰਦਲ ਅਤੇ 32 ਸਾਲ ਦੇ ਐਸ. ਸੈਣੀ ਖਿਲਾਫ ਵੀ ਦੋਸ਼ ਆਇਦ ਕੀਤੇ ਗਏ ਹਨ।

ਪੀਲ ਰੀਜਨਲ ਪੁਲਿਸ ਦੇ ਕ੍ਰਾਈਮ ਬਿਊਰ ਵਲੋਂ ਜਾਂਚ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਅਤੇ ਇਸ ਦੌਰਾਨ ਹਾਲਟਨ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਜਾਂਚ ਵਿਚ ਸਹਿਯੋਗ ਦਿੱਤਾ।

ਪੁਲਿਸ ਨੇ ਦੱਸਿਆ ਕਿ ਪੀਲ ਰੀਜਨ ਅਤੇ ਜੀਟੀਏ ‘ਚ ਗੱਡੀ ਚੋਰੀ ਦੀਆਂ ਕਈ ਸ਼ਿਕਾਇਤਾਂ ਆਉਣ ਤੋਂ ਬਾਅਦ ਪੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਗੱਡੀ ਚੋਰੀ ਹੋਣ ਦੀਆਂ ਕਈ ਵਾਰਦਾਤਾਂ ਘਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ।

ਕਾਰ ਚੋਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਮੁੰਦਰੀ ਜਹਾਜ਼ ਵਿਚ ਲੱਦ ਕੇ ਅਮਰੀਕਾ, ਅਫ਼ਰੀਕਾ ਅਤੇ ਮੱਧ ਪੂਰਬ ਦੇ ਮੁਲਕਾਂ ਵਿਚ ਭੇਜ ਦਿਤਾ ਜਾਂਦਾ। ਪੁਲਿਸ ਨੇ ਮਾਮਲੇ ਦੀ ਪੜਤਾਲ ਦੌਰਾਨ ਕਈ ਅਜਿਹੀਆਂ ਗੱਡੀਆਂ ਵੀ ਮਿਲੀਆਂ ਜਿਹੜੀਆਂ ਓਨਟਾਰੀਓ ‘ਚ ਫ਼ਰਜ਼ੀ ਤਰੀਕੇ ਨਾਲ ਰਜਿਸਟਰਡ ਕਰਵਾਈਆਂ ਗਈਆਂ ਸਨ।

Share this Article
Leave a comment