ਕਰੋਨਾ ਦਾ ਕਹਿਰ ਤੇ ਭਾਰਤ ਸਰਕਾਰ

TeamGlobalPunjab
18 Min Read

-ਮੱਖਣ ਕੁਹਾੜ

ਚੀਨ ਦੇ ਸ਼ਹਿਰ ਵੁਹਾਨ ਤੋਂ ਜਨਵਰੀ 2020 ਵਿਚ ਸ਼ੁਰੂ ਹੋਇਆ ਨਵੀਂ ਹੀ ਕਿਸਮ ਦਾ ਕਰੋਨਾ ਵਾਇਰਸ ਸਹਿਜੇ ਸਹਿਜੇ ਪੂਰੀ ਦੁਨੀਆ ਵਿਚ ਫੈਲ ਗਿਆ ਹੈ। ਹੁਣ ਤਕ ਸੰਸਾਰ ਭਰ ਵਿਚ 2.74 ਲੱਖ ਤੋਂ ਵੱਧ ਮੌਤਾਂ ਦਾ ਅੰਕੜਾ ਪਾਰ ਹੋ ਗਿਆ ਹੈ। ਥੋੜ੍ਹੇ ਦਿਨਾਂ ਤੱਕ ਅੰਕੜੇ ਹੋਰ ਅਗਾਂਹ ਨੂੰ ਵਧਨਗੇ। ਇਸ ਅਨੋਖੇ ਤੇ ਬੇ-ਰਹਿਮ ਕਿਸਮ ਦੇ ਵਾਇਰਸ ਨਾਲ 39 ਲੱਖ ਤੋਂ ਉਪਰ ਲੋਕਾਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ। ਅਜੇ ਇਸ ਦੀ ਜਕੜ ਹੋਰ ਵਿਸ਼ਾਲ ਤੇ ਨਿਰਦਈ ਹੁੰਦੀ ਜਾ ਰਹੀ ਹੈ। ਅਮਰੀਕਾ ਵਰਗੀ ਮਹਾਸ਼ਕਤੀ ਦਾ ਬਹੁਤ ਹੀ ਬੁਰਾ ਹਾਲ ਹੈ। ਉਥੇ ਹੁਣ ਤੀਕ 1,321,785 ਤੋਂ ਵੱਧ ਮਰੀਜ਼ ਅਤੇ 79,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਜੇ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਵਿਚ ਮੌਤਾਂ ਦੀ ਗਿਣਤੀ 10 ਲੱਖ ਤੀਕ ਪੁੱਜਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਪ੍ਰੈਸ ਸਕੱਤਰ ਵੀ ਕੋਰੋਨਾ ਦੀ ਗ੍ਰਿਫਤ ਵਿਚ ਆ ਗਈ ਹੈ। ਇਟਲੀ, ਫਰਾਂਸ, ਜਰਮਨੀ, ਇੰਗਲੈਂਡ ਸਭ ਦਾ ਬੁਰਾ ਹਾਲ ਹੈ।

ਇੰਗਲੈਂਡ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਇਸ ਵਾਇਰਸ ਦੀ ਗ੍ਰਿਫ਼ਤ ਵਿਚ ਚੁੱਕਾ ਹੈ। ਜਰਮਨੀ ਦੇ ਖਜ਼ਾਨਾ ਮੰਤਰੀ ਥੌਮਸ ਸ਼ੇਫ਼ਰ ਨੇ ਇਸ ਘਰੇਲੂ ਨਜ਼ਰਬੰਦੀ (ਲੌਕਡਾਊਨ) ਕਾਰਨ ਹੋਣ ਵਾਲੇ ਆਰਥਕ ਨੁਕਸਾਨ ਤੋਂ ਡਰਦਿਆਂ ਆਤਮ ਹੱਤਿਆ ਕਰ ਲਈ ਹੈ। ਇਰਾਨ ਦਾ ਵੀ ਬੁਰਾ ਹਾਲ ਹੈ। ਚੀਨ ਨੇ ਇਸ ‘ਤੇ ਕਾਬੂ ਪਾ ਲਿਆ ਹੈ। ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ ਇਸ ਤੋਂ ਪ੍ਰਭਾਵਤ ਹੋਏ ਹਨ।

ਇਹ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਕਿਊਬਾ ਜੋ ਬਹੁਤ ਹੀ ਛੋਟਾ ਟਾਪੂ ਨੁਮਾ ਮੁਲਕ ਹੈ, ਉਹ ਸਾਰੀ ਦੁਨੀਆ ਦੇ ਦੇਸ਼ਾਂ ਵਿਚ ਆਪਣੇ ਡਾਕਟਰਾਂ ਨੂੰ ਦਵਾਈਆਂ ਤੇ ਹੋਰ ਸਾਜੋ-ਸਾਮਾਨ ਸਮੇਤ ਭੇਜ ਕੇ ਸਹਾਇਤਾ ਕਰ ਰਿਹਾ ਹੈ।

ਐਸਾ ਨਵਾਂ ਵਾਇਰਸ/ਕਿਟਾਣੂ ਦਾ ਕਹਿਰ ਮਹਾਮਾਰੀ ਬਣ ਕੇ ਪਹਿਲੀ ਵਾਰ ਨਹੀਂ ਵਾਪਰਿਆ ਹੈ, ਮਨੁੱਖ ਜਾਤੀ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਲੱਖਾਂ ਕਰੋੜਾਂ ਵਾਰ ਐਸਾ ਵਾਇਰਸੀ ਹਮਲਾ ਹੁੰਦਾ ਰਿਹਾ ਹੋਵੇਗਾ, ਪਰ ਮਨੁੱਖ ਸਹਿਜੇ ਸਹਿਜੇ ਇਸ ਨੂੰ ਸਹਿਣ ਕਰਨ ਦੇ ਸਮਰੱਥ ਹੁੰਦਾ ਗਿਆ ਹੈ। ਮਨੁੱਖੀ ਜੀਨਜ਼/ਬੈਕਟੀਰੀਆ/ਵਾਇਰਸ ਵਿਰੋਧੀ ਸ਼ਕਤੀ (ਇਮਿਊਨਿਟੀ) ਐਸੇ ਘਾਤਕ ਜੀਵਾਣੂਆਂ ਦਾ ਮੁਕਾਬਲਾ ਕਰਨ ਦੇ ਆਮ ਹੀ ਸਮਰੱਥ ਹੁੰਦੀ ਰਹੀ ਹੈ। ਇਕ ਸੂਚਨਾ ਅਨੁਸਾਰ ਸੰਸਾਰ ਭਰ ਵਿਚ ਸਪੈਨਿਸ਼ ਇਨਫਲੂਐਂਜ਼ਾ ਦੇ ਵਾਇਰਸ ਐਚ1ਐਨ1 ਨੇ ਪਹਿਲੀ ਸੰਸਾਰ ਜੰਗ ਤੋਂ ਬਾਅਦ 1918-1920 ਤੱਕ ਸੰਸਾਰ ਭਰ ਵਿਚ ਭਾਰੀ ਤਬਾਹੀ ਮਚਾਈ, ਜਿਸ ਨਾਲ 50 ਕਰੋੜ ਲੋਕ ਸੰਕਰਣਮਤ (ਬਿਮਾਰ) ਹੋਏ ਅਤੇ 50 ਲੱਖ ਦੇ ਕਰੀਬ ਮੌਤਾਂ ਹੋਈਆਂ। 2003 ਵਿਚ ਸਾਰਸ ਨੇ ਵੀ ਕਾਫੀ ਲੋਕਾਂ ਦੀ ਜਾਨ ਲਈ। ਏਸੇ ਤਰ੍ਹਾਂ ਫੇਰ ਦੂਜੀ ਵਾਰ ਐਚ1ਐਨ1 ਵਾਇਰਸ ਨੇ ਸੰਸਾਰ ਦੇ 70 ਕਰੋੜ ਲੋਕਾਂ ਨੂੰ ਲਾਗ ਲੱਗੀ ਤੇ 5 ਲੱਖ ਦੇ ਕਰੀਬ ਮੌਤਾਂ ਹੋਈਆਂ, ਇਸ ਨੂੰ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ। 1980 ਤੋਂ ਸ਼ੁਰੂ ਹੋਏ ਐਚ.ਆਈ.ਵੀ. ਏਡਜ਼ ਵਾਇਰਸ ਨੇ ਹੁਣ ਤੀਕ ਸੰਸਾਰ ਦੇ ਤਿੰਨ ਕਰੋੜ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਾਇਆ ਹੈ। ਇਬੋਲਾ ਵਾਇਰਸ 1976 ਵਿਚ ਫੈਲਿਆ। ਬਹੁਤ ਘਾਤਕ ਨਹੀਂ ਬਣਿਆ ਪਰ 2013 ਤੋਂ 2016 ਵਿਚ ਇਸ ਨਾਲ 13000 ਦੇ ਕਰੀਬ ਮੌਤਾਂ ਹੋਈਆਂ। ਇਬੋਲਾ ਦੀ ਵੈਕਸੀਨ 2019 ਵਿਚ ਤਿਆਰ ਹੋ ਚੁੱਕੀ ਸੀ। ਵਾਇਰਸ ਤੋਂ ਬਹੁਤ ਹੋਰ ਬਿਮਾਰੀਆਂ ਨਾਲ ਵੀ ਸੰਸਾਰ ‘ਚ ਮਹਾਮਾਰੀਆਂ ਫੈਲਦੀਆਂ ਰਹੀਆਂ ਹਨ। ਚੇਚਕ (ਸਮਾਲ ਪਾਕਸ) ਨੇ 1900 ਤੋਂ 1950 ਵਿਚ 50 ਕਰੋੜ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਦੀ ਵੈਕਸੀਨ ਬਣਨ ਨਾਲ ਇਸ ‘ਤੇ ਕਾਬੂ ਪਿਆ। ਪੋਲੀਓ ਦੀ ਵੈਕਸੀਨ ਬਣਨ ਤੋਂ ਪਹਿਲਾਂ ਇਸ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਤ ਕੀਤਾ। ਹੈਜੇ ਨੇ 1866 ਕੋਂ 1920 ਤੱਕ ਕਰੋੜਾਂ ਲੋਕਾਂ ਦੀ ਜਾਨ ਲਈ। ਇਵੇਂ ਹੀ ਮਲੰਗ ਨੇ 1997-1918 ਤੀਕ ਕਰੋੜਾਂ ਲੋਕਾਂ ਨੂੰ ਨਿਗਲਿਆ। ਮਲੇਰੀਏ ਨੇ 1850 ਤੋਂ 1949 ਤੱਕ ਕਰੋੜਾਂ ਲੋਕ ਹੜੱਪ ਲਏ। ਉਂਜ ਸੰਸਾਰ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਔਸਤਨ ਸਾਢੇ ਪੰਜ ਕਰੋੜ ਲੋਕਾਂ ਦੀਆਂ ਮੌਤਾਂ ਹਰ ਸਾਲ ਵੱਖ ਵੱਖ ਬਿਮਾਰੀਆਂ-ਐਕਸੀਡੈਂਟਾਂ ਆਦਿ ਨਾਲ ਹੁੰਦੀਆਂ ਹਨ।

ਇਹ ਨਵਾਂ ਕਰੋਨਾ ਵਾਇਰਸ ਜਿਸ ਦਾ ਨਾਮ ਸੰਸਾਰ ਸਿਹਤ ਸੰਗਠਨ ਨੇ ਕੋਵਿਡ-19 ਰੱਖਿਆ ਹੈ, ਤਦ ਤੱਕ ਕਹਿਰ ਮਚਾਉਂਦਾ ਰਹੇਗਾ, ਜਦ ਤੱਕ ਇਸ ਦੀ ਵੈਕਸੀਨ ਜਾਂ ਕੋਈ ਹੋਰ ਦਵਾਈ ਤਿਆਰ ਨਹੀਂ ਹੋ ਜਾਂਦੀ। ਭਾਰਤ ਵਿਚ ਕਰੋਨਾ ਵਾਇਰਸ ਸਹਿਜੇ ਸਹਿਜੇ ਹੋਰ ਪੈਰ ਪਸਾਰ ਰਿਹਾ ਹੈ। ਇਸ ਦੀ ਗਿਣਤੀ ਭਾਵੇਂ ਹਾਲੇ ਥੋੜ੍ਹੀ (56000 ਤੋਂ ਵੱਧ ਪੀੜਤ ਅਤੇ 1886 ਤੋਂ ਵੱਧ ਮੌਤਾਂ) ਜਾਪਦੀ ਹੈ ਪਰ ਇਹ ਗਿਣਤੀ ਏਸ ਕਰਕੇ ਵੀ ਘੱਟ ਜਾਪਦੀ ਹੈ ਕਿ ਏਥੇ ਟੈਸਟ ਬਹੁਤ ਘੱਟ ਹੋ ਰਹੇ ਹਨ। ਟੈਸਟ ਕਿੱਟਾਂ ਹੀ ਨਹੀਂ ਹਨ। ਟੈਸਟਾਂ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਕਰੋਨਾ ਪੀੜਤਾਂ ਦਾ ਪਤਾ ਨਹੀਂ ਲਾਇਆ ਜਾ ਸਕਦਾ। ਉਂਜ ਭਾਰਤ ਦੀ ਹਾਲਤ ਬਹੁਤ ਮੰਦੀ ਹੋਵੇਗੀ। ਏਥੇ ਪਹਿਲਾਂ ਤਾਂ ਸਰਕਾਰੀ ਹਸਪਤਾਲਾਂ ਵਿਚ ਡਾਕਟਰ, ਸਟਾਫ਼ ਨਰਸਾਂ, ਫਾਰਮਸਿਸਟ ਅਤੇ ਹੋਰ ਡਾਕਟਰੀ ਅਮਲੇ ਦੀ ਬੇਹੱਦ ਘਾਟ ਹੈ। ਇਕ ਅੰਦਾਜ਼ੇ ਅਨੁਸਾਰ 40 ਫੀਸਦੀ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਬਾਕੀ ਜੋ ਕੰਮ ਕਰਦੇ ਹਨ, ਉਨ੍ਹਾਂ ‘ਚੋਂ ਬਹੁਤਿਆਂ ਨੂੰ ਠੇਕੇ ‘ਤੇ ਰੱਖਿਆ ਹੈ ਤੇ ਨਿਗੂਣੀਆਂ ਤਨਖ਼ਾਹਾਂ ਹੀ ਮਿਲਦੀਆਂ ਹਨ। (ਤਨਖ਼ਾਹਾਂ ਨਹੀਂ, ਕੇਵਲ ਮਾਣ ਭੱਤਾ ਹੀ) ਭਾਰਤ ਵਿਚ ਹੋਰ ਸਾਰੇ ਖੇਤਰਾਂ ਵਾਂਗ ਸਿਹਤ ਦੇ ਖੇਤਰ ਵਿਚ ਨਿੱਜੀ ਖੇਤਰ ਬਹੁਤ ਭਾਰੂ ਹੈ। ਪਰ ਇਸ ਵਕਤ ਵਧੇਰੇ ਨਿੱਜੀ ਹਸਪਤਾਲ ਮੈਦਾਨੋਂ ਭੱਜ ਗਏ ਹਨ, ਉਹ ਕਰੋਨਾ ਸੰਭਾਵੀ ਮਰੀਜ਼ਾਂ ਨੂੰ ਦਾਖ਼ਲ ਹੀ ਨਹੀਂ ਕਰ ਰਹੇ ਤੇ ਜਾਂ ਤਾਲੇ ਮਾਰ ਕੇ ਘਰੀਂ ਬੈਠ ਗਏ ਹਨ। ਸਰਕਾਰੀ ਡਾਕਟਰੀ ਅਮਲੇ ਕੋਲ ਆਪਣੀ ਸੁਰੱਖਿਆ ਲਈ ਐਨ-95 ਮਾਸਕ, ਵਰਦੀਆਂ, ਦਸਤਾਨੇ (ਪੀ.ਪੀ.ਈ.) ਆਦਿ ਸਾਰਾ ਸਾਜੋ-ਸਾਮਾਨ ਹੀ ਨਹੀਂ ਹੈ। ਇਨ੍ਹਾਂ ਨੂੰ ਸਾਧਾਰਨ ਮਾਸਕਾਂ ਅਤੇ ਬਰਸਾਤੀਆਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ। ਐਸੀ ਹਾਲਤ ਵਿਚ ਜੇ ਡਾਕਟਰੀ ਅਮਲਾ ਹੀ ਕਰੋਨਾ ਪੀੜਤ ਹੋਣ ਲਗ ਪਿਆ ਤਾਂ ਇਲਾਜ ਕੌਣ ਕਰੇਗਾ? ਮਰੀਜ਼ਾਂ ਦੇ ਇਕਾਂਤਵਾਸ ਲਈ ਬਿਸਤਰਿਆਂ ਦੀ ਘਾਟ ਹੈ। ਗੰਭੀਰ ਮਰੀਜ਼ਾਂ ਲਈ ਵੈਂਟੀਲੇਟਰ ਨਾਂਹ ਦੇ ਬਰਾਬਰ ਹਨ।

ਭਾਰਤ ਸਰਕਾਰ ਨੇ ਸਿਹਤ ਸੇਵਾਵਾਂ ਵੱਲ ਤਵੱਜੋ ਹੀ ਨਹੀਂ ਦਿੱਤੀ ਤੇ ਇਸ ਨੂੰ ਨਿੱਜੀ ਖੇਤਰ ਦੇ ਡਾਇਨਾਸੋਰੀ ਜਬਾੜਿਆਂ ਵਿਚ ਧੱਕ ਦਿੱਤਾ ਹੈ। ਭਾਰਤ ਇਸ ਵੇਲੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ (2017-18) ਕੇਵਲ 1.28% ਹੀ ਸਿਹਤ ਸੇਵਾਵਾਂ ਲਈ ਖ਼ਰਚ ਕਰ ਰਿਹਾ ਹੈ। ਸੰਸਾਰ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ (2016-17) ਦੇ ਅੰਕੜਿਆਂ ਮੁਤਾਬਕ ਭਾਰਤ ਬਰਿਕਸ ਤੇ ਸਾਰਕ ਦੇਸ਼ਾਂ ਮੁਕਾਬਲੇ ਸਭ ਤੋਂ ਘੱਟ ਖ਼ਰਚ ਕਰ ਰਿਹਾ ਹੈ। ਭਾਰਤ 1.02%, ਅਮਰੀਕਾ 17.7%, ਕੈਨੇਡਾ 10.53%, ਜਪਾਨ 10.53%, ਇਟਲੀ 8.94%, ਇੰਗਲੈਂਡ 9.76%, ਭੁਟਾਨ 3.45%, ਏਥੋਂ ਤੀਕ ਕਿ ਬੰਗਲਾਦੇਸ਼ ਵਰਗਾ ਭਾਰਤ ਤੋਂ ਗ਼ਰੀਬ ਮੁਲਕ ਵੀ 3.45% ਖ਼ਰਚ ਕਰ ਰਿਹਾ ਹੈ। ਐਸੀ ਹਾਲਤ ਵਿਚ ਸੋਚਣਾ ਬਣਦਾ ਹੈ ਕਿ ਅਗਰ ਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀ ਵਰਗੇ ਭਾਰਤ ਤੋਂ ਕਈ ਗੁਣਾ (ਲਗਭਗ ਦਸ ਗੁਣਾ ਵਧੇਰੇ) ਖ਼ਰਚ ਕਰ ਰਹੇ ਹਨ, ਤਦ ਇਕ ਸੌ ਤੀਹ ਕਰੋੜ ਆਬਾਦੀ ਵਾਲੇ ਭਾਰਤ ਦਾ ਐਨੇ ਘੱਟ ਖ਼ਰਚ ਨਾਲ ਕਿਵੇਂ ਚੰਗਾ ਹਾਲ ਹੋ ਸਕਦਾ ਹੈ? ਇਸ ਲਈ ਜ਼ਰੂਰੀ ਹੈ ਕਿ ਸਿਹਤ ਦੇ ਖੇਤਰ ਲਈ ਖ਼ਰਚਾ ਵਧਾ ਕੇ ਚੰਗੇ ਹਸਪਤਾਲਾਂ ਦਾ ਨਿਰਮਾਣ ਕੀਤਾ ਜਾਵੇ। ਇਸ ਵਰਤ ਸਭ ਤੋਂ ਜ਼ਰੂਰੀ ਹੈ ਕਿ ਸਪੇਨ ਦੀ ਤਰ੍ਹਾਂ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਅਧਿਕਾਰ ਵਿਚ ਲਿਆ ਜਾਵੇ। ਭਾਵੇਂ ਇਹ ਘੱਟੋ-ਘੱਟ ਕਰੋਨਾ ਬਿਮਾਰੀ ਦੇ ਖ਼ਤਮ ਹੋਣ ਤੀਕ ਹੀ ਲਾਜ਼ਮੀ ਕੀਤਾ ਜਾਵੇ।

ਹਾਲੇ ਪਤਾ ਨਹੀਂ ਕਿ ਹਾਈਡਰੋਕਸੀ ਕਲੋਰੋਕੁਈਨ ਨਾਲ ਮਰੀਜ਼ ਮੁਕੰਮਲ ਤੌਰ ‘ਤੇ ਠੀਕ ਹੁੰਦਾ ਹੈ ਕਿ ਨਹੀਂ ਪਰ ਅਮਰੀਕਾ ਦੀ ਇਕੋ ਹੀ ਘੁਰਕੀ ਅੱਗੇ ਝੁਕਣਾ ਭਾਰਤ ਲਈ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਲੱਗਾ। ਪਹਿਲੋਂ ਆਪਣੇ ਨਾਗਰਿਕ ਬਚਾ ਕੇ ਹੀ ਮਾਨਵੀ ਆਧਾਰ ‘ਤੇ ਹੋਰ ਮੁਲਕਾਂ ਨੂੰ ਲੋੜੀਂਦੀ ਮਦਦ ਦਿੱਤੀ ਜਾਣੀ ਬਣਦੀ ਹੈ।

ਦੁੱਖ ਦੀ ਗੱਲ ਹੈ ਕਿ ਇਸ ਵਕਤ ਰਾਜ ਕਰ ਰਹੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਫ਼ਿਰਕੂ ਨਫ਼ਰਤ ਫੈਲਾਉਣ ਵੱਲ ਵਧੇਰੇ ਤਵੱਜੋ ਦੇ ਰਹੀ ਹੈ। ਇਸ ਵਕਤ ਸਾਰਾ ਠੀਕਰਾ ਤਬਲੀਗੀ-ਮਰਕਜ਼ੀ ਮੁਸਲਮਾਨਾਂ ਉੱਪਰ ਹੀ ਭੰਨ੍ਹਿਆ ਜਾ ਰਿਹਾ ਹੈ ਤੇ ਇਸ ਨਾਲ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਹੀ ਭੰਡਿਆ ਜਾ ਰਿਹਾ ਹੈ। ਇਹ ਵਿਸ਼ਾ ਭਾਵੇਂ ਵੱਖਰਾ ਹੈ ਪਰ ਸੰਖੇਪ ਵਿਚ ਗੱਲ ਕਰਨੀ ਬਣਦੀ ਹੈ ਕਿ ਤਬਲੀਗੀਆਂ ਨੂੰ ਨਿਜਾਮੂਦੀਨ ਮਰਕਜ਼ ਵਿਚ ਇਕੱਤਰ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਗਈ?

ਫੇਰ ਜਦ 200 ਤੋਂ ਵੱਧ ਲੋਕਾਂ ਦੇ ਇਕ ਥਾਂ ਇਕੱਠੇ ਹੋਣ ‘ਤੇ ਪਾਬੰਦੀ ਲਾਈ ਗਈ ਸੀ ਤਦ ਇਨ੍ਹਾਂ ਉੱਪਰ ਇਹ ਨਿਯਮ ਲਾਗੂ ਕਰਾਉਣ ਵਿਚ ਢਿਲ ਕਿਉਂ ਵਰਤੀ ਗਈ, ਜਦਕਿ ਮਰਕਜ਼ ਤੇ ਥਾਣੇ ਦੀ ਦੀਵਾਰ ਸਾਂਝੀ ਹੈ। ਜਦ ਉਹ ਕਹਿ ਰਹੇ ਸਨ ਕਿ ਸਾਨੂੰ ਏਥੋਂ ਨਿਕਲਣ ਦੀ ਇਜਾਜ਼ਤ ਦਿਓ, ਤਦ ਉਨ੍ਹਾਂ ਦੀ ਫਰਿਆਦ ਕਿਉਂ ਨਾ ਮੰਨੀ ਗਈ? ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਬਿਨਾਂ ਚੈੱਕ ਕੀਤੇ ਹਵਾਈ ਅੱਡੇ ਤੋਂ ਬਾਹਰ ਕਿਉਂ ਨਿਕਲਣ ਦਿੱਤਾ ਗਿਆ। ਉਂਜ ਤਬਲੀਗੀ ਭਾਈਚਾਰੇ ਵਲੋਂ ਆਪਣੇ ਆਪ ਹੀ ਇਹ ਕਾਨਫ਼ਰੰਸ ਰੱਦ ਨਾ ਕਰਨਾ ਵੀ ਵੱਡੀ ਗ਼ਲਤੀ ਹੈ ਤੇ ਹੁਣ ਵੀ ਉਨ੍ਹਾਂ ਵਲੋਂ ਪੂਰਨ ਸਹਿਯੋਗ ਮਿਲਣਾ ਚਾਹੀਦਾ ਹੈ। ਪਰ ਇਸ ਮੁਸ਼ਕਲ ਦੀ ਘੜੀ ਸਭ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੈ। ਨਫ਼ਰਤ ਦੀ ਅੱਗ ਸੀ.ਏ.ਏ., ਐਨ.ਆਰ.ਸੀ., ਸ਼ਾਹੀਨ ਬਾਗ਼, ਜਾਮੀਆ ਤੇ ਹੋਰ ਮੋਰਚਿਆਂ, ਜੇ.ਐਨ.ਯੂ. ਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਕੀਤੇ ਹਮਲਿਆਂ ਅਤੇ ਦਿੱਲੀ ਦੇ ਕਤਲੇਆਮੀ ਫ਼ਸਾਦਾਂ ਦੇ ਰੂਪ ਵਿਚ ਪਹਿਲਾਂ ਹੀ ਵੇਖ ਚੁੱਕੇ ਹਾਂ। ਘੱਟੋ-ਘੱਟ ਕਰੋਨਾ ਵਾਇਰਸ ਵਿਰੁੱਧ ਲੜਾਈ ਸਮੇਂ ਇਸ ਨਫ਼ਰਤ ਨੂੰ ਵਧਾਉਣਾ ਦੇਸ਼ ਲਈ ਬਹੁਤ ਘਾਤਕ ਹੋਵੇਗਾ। ਕਰੋਨਾ ਤੋਂ ਤਾਂ ਦੇਸ਼ ਉੱਭਰ ਆਵੇਗਾ ਪਰ ਨਫ਼ਰਤ ਦੀ ਇਸ ਅੱਗ ‘ਚੋਂ ਨਿਕਲਣਾ ਮੁਸ਼ਕਲ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਵਲੋਂ ਕਰੋਨਾ ਵਿਰੁੱਧ ਵਿਗਿਆਨਕ ਢੰਗ ਨਾਲ ਲੜਾਈ ਲੜਨ ਦੀ ਬਜਾਏ ਅੰਧ ਵਿਸ਼ਵਾਸੀ ਫ਼ੈਸਲੇ ਕਰਨਾ, ਕਰੋਨਾ ਵਾਇਰਸ ਨੂੰ ਵਧਾਉਣ ਵਿਚ ਤਾਂ ਮਦਦ ਕਰ ਸਕਦਾ ਹੈ, ਇਸ ਨੂੰ ਹਰਾਉਣ ਵਿਚ ਨਹੀਂ। ਪਰ ਭਾਜਪਾ ਦੇ ਆਗੂ ਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਧਰਮ ਗੁਰੂ ਗਊ ਮੂਤਰ ਨੂੰ ਕਰੋਨਾ ਦਾ ਸਭ ਤੋਂ ਵਧੀਆ ਇਲਾਜ ਦਸ ਰਹੇ ਹਨ। ਏਸ ਸਬੰਧੀ ਥਾਂ-ਥਾਂ ਗਊ ਮੂਤਰ ਦੇ ਲੰਗਰ ਵੀ ਲਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਆਗੂ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਵਲੋਂ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ ਗਿਆ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਹੋਰੀਂ ਤਾਂ ਇਸ ਨੂੰ ਹਰ ਬਿਮਾਰੀ ਲਈ ਰਾਮ ਬਾਣ ਦਸਦੇ ਹਨ। ‘ਯੋਗ ਗੁਰੂ’ ਬਾਬਾ ਰਾਮ ਦੇਵ ਇਸ ਨੂੰ ਦਵਾਈ ਦੀ ਤਰ੍ਹਾਂ ਬੋਤਲਾਂ ਵਿਚ ਬੰਦ ਕਰਕੇ ਵੇਚ ਰਹੇ ਹਨ।

ਕੀ ਇਸ ਦਾ ਕੋਈ ਵਿਗਿਆਨਕ ਪ੍ਰਮਾਣ ਹੈ? ਫੇਰ ਐਸਾ ਕਿਉਂ ਹੋ ਰਿਹਾ ਹੈ? ਏਸੇ ਹੀ ਤਰ੍ਹਾਂ ਹਵਨ ਨੂੰ ਵੀ ਕਰੋਨਾ ਲਈ ਸਭ ਤੋਂ ਵਧੀਆ ਢੰਗ ਦਸਿਆ ਜਾ ਰਿਹਾ ਹੈ। ਮੋਦੀ ਹੋਰੀਂ ਜਦ ਹਿੰਦੂ ਪੁਰਾਤਨ ਗਰੰਥਾਂ ਦਾ ਹਵਾਲਾ ਦੇ ਕੇ ਸ੍ਰੀ ਗਣੇਸ਼ ਦਾ ਸਿਰ ਬਦਲ ਦੇਣ ਵਾਲੀ ਚਕਿਤਸਾ ਪ੍ਰਣਾਲੀ ਦਾ ਹਵਾਲਾ ਦਿੰਦੇ ਹਨ, ਤਦ ਹੁਣ ਉਹ ਚਕਿਤਸਾ ਪ੍ਰਣਾਲੀ ਕਰੋਨਾ ਲਈ ਕਿਉਂ ਅੱਗੇ ਨਹੀਂ ਆ ਰਹੀ?
22 ਮਾਰਚ 2020 ਨੂੰ ਲੋਕਾਂ ਨੂੰ ਤਾਲੀਆਂ, ਥਾਲੀਆਂ, ਸੰਖ ਵਜਾਉਣ ਲਈ ਕਿਹਾ ਗਿਆ ਤੇ 5 ਅਪ੍ਰੈਲ ਨੂੰ ਫੇਰ ਲੋਕ ਪ੍ਰਧਾਨ ਮੰਤਰੀ ਹੋਰਾਂ ਦੇ ਕਹਿਣ ‘ਤੇ ਲਾਈਟਾਂ ਬੁਝਾ ਕੇ ਪਹਿਲਾਂ ਹਨੇਰਾ ਕੀਤਾ ਤੇ ਫੇਰ ਮੋਮਬੱਤੀਆਂ ਜਗਾ ਕੇ ‘ਗੋ-ਕਰੋਨਾ, ਗੋ-ਕਰੋਨਾ’ ਦੇ ਨਾਅਰੇ ਬੁਲੰਦ ਕੀਤੇ ਤੇ ਖੂਬ ਪਟਾਕੇ ਚਲਾਏ। ਭਾਜਪਾ ਦੀ ਬਲਰਾਮਪੁਰ (ਯੂ.ਪੀ.) ਦੀ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਮੰਜੂ ਤਿਵਾੜੀ ਨੇ ਤਾਂ ਪਿਸਤੌਲ ਚਲਾ ਕੇ ਕਰੋਨਾ ਮਾਰਨ ਦੀ ਕੋਸ਼ਿਸ਼ ਕੀਤੀ। ਕੀ ਇਨ੍ਹਾਂ ਅੰਧ ਵਿਸ਼ਵਾਸਾਂ ਨਾਲ ਕੋਰਨਾ ਭੱਜ ਜਾਵੇਗਾ? ਇਹ ਤਾਂ ਤਾਲਾਬੰਦੀ ਤੇ ਸਮਾਜਕ ਦੂਰੀ ਤੇ ਦਵਾਈਆਂ ਆਦਿ ਨਾਲ ਹੀ ਸੰਭਵ ਹੈ। ਇਹ ਤਾਂ ਸੱਚ ਹੈ ਕਿ ਆਖ਼ਰ ਕਰੋਨਾ ਨੇ ਹਰਨਾ ਹੀ ਹੈ। ਚੀਨ ਵਰਗੇ ਦੇਸ਼ ਨੇ ਇਸ ‘ਤੇ ਜਿੱਤ ਪ੍ਰਾਪਤ ਕਰ ਲਈ ਹੈ, ਭਾਰਤ ਵੀ ਉਸ ਤੋਂ ਸਿੱਖ ਕੇ ਐਸਾ ਕਰ ਸਕਦਾ ਹੈ। ਪਰ ਕੀ ਕਰੋਨਾ-ਦੌਰ ਖ਼ਤਮ ਹੋਣ ‘ਤੇ ਮੋਦੀ ਸਾਹਿਬ ਤੇ ਹਿੰਦੂਵਾਦੀ ਭਗਤ ਇਹ ਕਹਿਣਗੇ ਕਿ ਹਵਨ, ਗਊ ਮੂਤਰ ਤੇ ਤਾਲੀਆਂ-ਥਾਲੀਆਂ-ਮੋਮਬੱਤੀਆਂ ਨਾਲ ਇਸ ਨੂੰ ਭਜਾਇਆ ਹੈ! ਅੰਧ ਵਿਸ਼ਵਾਸ, ਅਨਪੜ੍ਹਤਾ ਨਾਲੋਂ ਕਈ ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਵਿਗਿਆਨ ਵਿਰੋਧੀ ਹੈ। ਲੰਬਾ ਵਿਸ਼ਾ ਹੈ ਪਰ ਮੋਦੀ ਸਾਹਿਬ ਨੂੰ ਗੁਜਾਰਿਸ਼ ਹੈ ਕਿ ਐਸਾ ਕਰਕੇ ਦੇਸ਼ ਵਾਸੀਆਂ ਨੂੰ ਹਨੇਰ ਬਿਰਤੀ ਵੱਲ ਨਾ ਧੱਕਣ। ਜੋਤਿਸ਼ ਨੂੰ ਭਾਜਪਾ-ਆਰ.ਐਸ.ਐਸ. ਵਿਗਿਆਨ ਆਖਦੀ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਕਈ ਥਾਈਂ ਇਸ ਦੀ ਪੜ੍ਹਾਈ ਵੀ ਕਰਾਈ ਜਾ ਰਹੀ ਹੈ ਫਿਰ ਇਸ ਜੋਤਿਸ਼ ਨੇ ਕਰੋਨਾ ਦੀ ਭਵਿੱਖਬਾਣੀ ਕਿਉਂ ਨਹੀਂ ਕੀਤੀ? ਕਰੋਨਾ ਵਿਰੁੱਧ ਵਿਗਿਆਨਕ ਲੜਾਈ ਲੜਨਾ ਹੀ ਇਸ ਵੇਲੇ ਦਾ ਪਰਮ ਧਰਮ ਹੈ। ਆਪਣਾ ਨਿੱਜੀ ਧਰਮ, ਵਿਸ਼ਵਾਸ ਬਾਅਦ ਵਿਚ ਹੈ। ਸਾਰੇ ਦੇਸ਼ ‘ਤੇ ਆਪਣਾ ਧਰਮ ਠੋਸਣਾ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ ਹੈ।
ਸਭ ਤੋਂ ਬੁਰਾ ਏਸ ਵਕਤ ਕਿਰਤੀ ਵਰਗ ਦਾ ਹਾਲ ਹੈ। ਭਾਵੇਂ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐਲ.ਓ.) ਨੇ ਦੇਸ਼ ਦੇ ਗੈਰ-ਜਥੇਬੰਦ ਮਜ਼ਦੂਰ ਵਰਗ ਦੀ ਹਾਲਤ ਬੇਹੱਦ ਖ਼ਤਰਨਾਕ ਹੱਦ ਤੀਕ ਭੈੜੀ ਤੇ ਭੁਖਮਰੀ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਹੈ। ਇਸ ਵਕਤ ਗੈਰ ਜਥੇਬੰਦ ਵਰਗ ਮਜ਼ਦੂਰਾਂ ਦਾ 90% ਦਾ ਵੱਡਾ ਹਿੱਸਾ ਹੈ। ਆਈ.ਐਲ.ਓ. ਨੇ ਭਾਵੇਂ ਇਹ ਅੰਕੜਾ ਭਾਰਤ ਦੇ 40 ਕਰੋੜ ਮਜ਼ਦੂਰਾਂ ਦੀ ਬਹੁਤ ਮੰਦੀ ਹਾਲਤ ਦਾ ਲਾਇਆ ਹੈ ਪਰ ਹਕੀਕਤ ਵਿਚ ਇਹ ਇਸ ਤੋਂ ਲਗਭਗ ਦੁੱਗਣੀ ਗਿਣਤੀ ਹੋ ਸਕਦੀ ਹੈ। ਦੇਸ਼ ਦੀ ਸਿਆਸੀ ਰਾਜਧਾਨੀ ਦਿੱਲੀ ਤੇ ਆਰਥਕ ਰਾਜਧਾਨੀ ਮੁੰਬਈ ਸਮੇਤ ਅਨੇਕਾਂ ਹੋਰ ਵੱਡੇ ਸ਼ਹਿਰਾਂ ‘ਚੋਂ ਕਈ ਲੱਖ ਮਜ਼ਦੂਰ ਭੁੱਖ ਦੇ ਡਰੋਂ ਸ਼ਹਿਰ ਛੱਡ ਕੇ ਬੱਚੇ ਤੇ ਗਠੜੀਆਂ ਚੁੱਕ ਕੇ ਸੈਂਕੜੇ ਮੀਲ ਦੂਰ ਨੰਗੇ ਪੈਰੀਂ-ਭੁੱਖਣ-ਭਾਣੇ ਆਪਣੇ ਘਰਾਂ ਨੂੰ ਨਿਕਲ ਗਏ। ਕਿਸੇ ਸਰਕਾਰ ਨੇ ਉਨ੍ਹਾਂ ਨੂੰ ਬਾਂਹ ਫੜਨ ਦਾ ਭਰੋਸਾ ਨਹੀਂ ਦਿੱਤਾ। ਇਹ ਕਰੋਨਾ ਯੁੱਧ ਦੇ ਵਿਰੁੱਧ ਲੜਨ ਦੇ ਢੰਗ ਤਰੀਕਿਆਂ ਉੱਪਰ ਕਲੰਕ ਹੈ। ਹੁਣ ਜਦ ਸਾਰਾ ਭਾਰਤ ਲੌਕਡਾਊਨ ਹੈ, ਤਦ ਉਹ ਕਿੱਥੋਂ ਖਾਣਗੇ? ਉਨ੍ਹਾਂ ਦੇ ਖਾਤਿਆਂ ਵਿਚ ਬਿਨਾਂ ਰਜਿਸਟਰਡ ਕਾਮੇ ਦੀ ਸ਼ਰਤ ਦੇ ਬੇਰੁਜ਼ਗਾਰੀ ਭੱਤੇ ਵਜੋਂ ਘੱਟੋ-ਘੱਟ ਜੀਣ ਯੋਗ ਉਜਰਤ ਵਜੋਂ ਮਹੀਨੇ ਦੇ ਰਾਸ਼ਨ-ਪਾਣੀ ਲਈ ਪੈਸੇ ਪਾਏ ਜਾਣ। ਇਸ ਸਬੰਧੀ ਜੋ 1.70 ਕਰੋੜ ਰਕਮ ਦਾ ਪੈਕੇਜ ਦਿੱਤਾ ਹੈ, ਇਹ ਬਹੁਤ ਹੀ ਘੱਟ ਹੈ।

ਤੱਤਸਾਰ ਵਜੋਂ ਸਰਕਾਰ ਦਾ ਪਹਿਲਾ ਫਰਜ਼ ਹੈ ਕਿ ਲੌਕਡਾਊਨ ਸਮੇਂ ਗ਼ਰੀਬਾਂ, ਮਜ਼ਦੂਰਾਂ, ਬੇਘਰੇ ਲੋਕਾਂ ਦੀ ਸਾਰ ਲਈ ਜਾਵੇ। ਉਨ੍ਹਾਂ ਨੂੰ ਬਾਕਾਇਦਾ ਦੋ ਡੰਗ ਦਾ ਪੇਟ ਭਰ ਖਾਣਾ ਮਿਲਦਾ ਰਹੇ। ਜੇ ਕੋਈ ਮਜ਼ਦੂਰ ਜਾਂ ਹੋਰ ਘਰੋਂ ਬਾਹਰ ਫਸੇ ਹਨ ਅਤੇ ਪੈਦਲ ਹੀ ਘਰ ਜਾਣਾ ਲੋੜਦੇ ਹਨ, ਨੂੰ ਭੇਜਣ ਦਾ ਪ੍ਰਬੰਧ ਨਿਗੂਣਾ ਕੀਤਾ ਗਿਆ ਹੈ। ਜੋ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਵਿਚ ਸਮਾਜਕ ਦੂਰੀ ਦਾ ਧਿਆਨ ਰੱਖਿਆ ਜਾਵੇ। ਸਭ ਮਜ਼ਦੂਰਾਂ ਦੇ, ਬਿਨਾਂ ਕਿਸੇ ਵਿਤਕਰੇ ਦੇ ਘੱਟੋ-ਘੱਟ 5-5 ਹਜ਼ਾਰ ਹਰ ਮਜ਼ਦੂਰ ਦੇ ਖਾਤਿਆਂ ਵਿਚ ਪਾਏ ਜਾਣ। ਬਹੁਤ ਸਾਰੇ ਮਜ਼ਦੂਰ ਰੁਲ ਰਹੇ ਹਨ। ਵਿਗਿਆਨ ਹੀ ਅਸਲ ਭਗਵਾਨ ਹੈ ਤੇ ਇਹੀ ਪਹੁੰਚ ਅਪਣਾਉਂਦਿਆਂ ਅੰਧਵਿਸ਼ਵਾਸੀ ਕਾਰਜ/ਫ਼ੈਸਲੇ ਨਾ ਕੀਤੇ ਜਾਣ।
ਸਭ ਤੋਂ ਜ਼ਰੂਰੀ ਹੈ ਕਿ ਕਰੋਨਾ ਦਾ ਯੁੱਧ ਲੜ ਰਹੇ ਸਮੂਹ ਡਾਕਟਰੀ ਅਮਲੇ ਨੂੰ ਹਥਿਆਰਬੰਦ ਕੀਤਾ ਜਾਵੇ। ਉਨ੍ਹਾਂ ਨੂੰ ਵੱਧ ਤੋਂ ਸਾਮਾਨ ਪੀ.ਪੀ.ਈ. ਸੁਰੱਖਿਆ ਕਿੱਟਾਂ ਫੌਰੀ ਤੇ ਹੋਰ ਸਾਮਾਨ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਦਾ ਦਾ ਬੀਮਾ ਕੀਤਾ ਜਾਵੇ। ਤਬਲੀਗੀਆਂ ਦੇ ਬਹਾਨੇ ਸਮੁੱਚੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਸਿਆਸੀ ਕੈਦੀਆਂ ਤੇ ਹੋਰ ਸਮਾਜਕ ਕਾਰਕੁਨਾਂ ਜਿਨ੍ਹਾਂ ਵਿਚ ਆਨੰਦ ਤੇਲਤੁੰਬੜੇ-ਗੌਤਮ ਨਵਲੱਖਾ ਵਰਗੇ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਹਨ, ਨੂੰ ਫੌਰੀ ਰਿਹਾਅ ਕੀਤਾ ਜਾਵੇ। ਦੇਸ਼ ਵਾਸੀਆਂ ਲਈ ਇਸ ਮਹਾਂ-ਯੁੱਧ ਵਿਚ ਆਪਸੀ ਭਾਈਚਾਰੇ ਅਤੇ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਫਰਾਖ਼ਦਿਲੀ ਤੋਂ ਕੰਮ ਲੈ ਕੇ ਸਮਾਂ ਹੈ ਕਿ ਸੀ.ਏ.ਏ., ਐਨ.ਆਰ.ਸੀ. ਆਦਿ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਹਰ ਫ਼ੈਸਲਾ ਦੇਸ਼ ਦੀਆਂ ਸਮੂਹ ਪਾਰਟੀਆਂ ਨਾਲ ਸਲਾਹ ਕਰਕੇ ਹੀ ਲਿਆ ਜਾਵੇ।

ਪੀ.ਐਮ. ਕੇਅਰਜ਼ ਫੰਡ ਦੀ ਪਾਰਦਰਸ਼ਤਾ ਬਣਾਈ ਜਾਵੇ ਅਤੇ ਆਰਥਕ ਪੈਕੇਜ 1.70 ਲੱਖ ਕਰੋੜ ਤੋਂ ਘੱਟੋ-ਘੱਟ 5 ਗੁਣਾ ਹੋਰ ਵਧਾਇਆ ਜਾਵੇ। ਵਕਤ ਹੈ ਕਿ ਦੇਸ਼ ਦੇ ਵੱਡੇ ਅਜ਼ਾਰੇਦਾਰ/ਉਦਯੋਗਿਕ ਘਰਾਣਿਆਂ ਤੋਂ ਵਿਸ਼ੇਸ਼ ਫੰਡ ਲਿਆ ਜਾਵੇ। ਇਸ ਵਕਤ ਕਿਸੇ ਦੇਸ਼ ਵਿਰੁੱਧ ਯੁੱਧ ਨਹੀਂ, ਅਣਦਿਸਦੇ ਕਿਟਾਣੂ ਵਿਰੁੱਧ ਹੈ, ਇਸ ਲਈ ਸਾਰੀਆਂ ਅਸਲਾ ਫ਼ੈਕਟਰੀਆਂ ਨੂੰ ਵੈਂਟੀਲੇਟਰ, ਟੈਸਟ ਕਿੱਟਾਂ ਤੇ ਹੋਰ ਸਾਜੋ-ਸਾਮਾਨ ਬਣਾਉਣ ਦੇ ਆਦੇਸ਼ ਦਿੱਤੇ ਜਾਣ ਅਤੇ ਫਰਾਂਸ, ਅਮਰੀਕਾ ਆਦਿ ਨਾਲ ਕੀਤੇ ਜੰਗੀ ਹਵਾਈ ਜਹਾਜ਼ਾਂ, ਮਿਜ਼ਾਇਲਾਂ ਆਦਿ ਦੇ ਸੌਦੇ ਰੱਦ ਕਰਕੇ ਉਹ ਪੈਸੇ ਇਸ ਲੜਾਈ ਵਿਚ ਵਰਤੇ ਜਾਣ।

ਟੈਸਟ ਵਧਾਏ ਜਾਣ ਤੇ ਠੇਕੇ ‘ਤੇ ਕੰਮ ਕਰਦੇ ਸਾਰੇ ਸਿਹਤ ਕਰਮਚਾਰੀਆਂ ਨੂੰ ਫੌਰੀ ਪੱਕਾ ਕੀਤਾ ਜਾਵੇ। ਸਾਰੀਆਂ ਖਾਲੀ ਆਸਾਮੀਆਂ ਭਰ ਕੇ ਹੋਰ ਭਰਤੀ ਕੀਤੀ ਜਾਵੇ। ਸਾਰੇ ਨਿੱਜੀ ਹਸਪਤਾਲ ਘੱਟੋ-ਘੱਟ ਕਰੋਨਾ ਯੁੱਧ ਤੀਕ ਸਰਕਾਰੀ ਅਧਿਕਾਰ ਵਿਚ ਲਏ ਜਾਣ।

ਸਮੂਹ ਦੇਸ਼ਵਾਸੀਆਂ ਦਾ ਫਰਜ਼ ਹੈ ਕਿ ਉਹ ਆਪੋ-ਆਪਣੇ ਘਰੀਂ ਬੰਦ ਰਹਿ ਕੇ ਸਮਾਜਕ ਦੂਰੀ ਬਣਾਈ ਰੱਖਣ, ਮਾਸਕ ਪਹਿਣਨ ਤੇ ਲੌਕਡਾਊਨ ਦੀ ਪੂਰੀ ਪੂਰੀ ਪਾਲਣਾ ਕੀਤੀ ਜਾਵੇ। ਵਾਰ ਵਾਰ ਸਾਬਣ ਨਾਲ ਹੱਥ ਧੋਤੇ ਜਾਣ।

‘ਘਾਲਿ ਖਾਇ ਕਿਛੁ ਹਥਹੁ ਦੇਇ’ ਦੇ ਮਹਾਨ ਫ਼ਲਸਫ਼ੇ ਨੂੰ ਲਾਗੂ ਕਰਦੇ ਹੋਏ ਗ਼ਰੀਬ ਤੇ ਮੁਸ਼ਕਲ ਵਿਚ ਫਸੇ ਲੋਕਾਂ ਦੀ ਹਰ ਮਦਦ ਕੀਤੀ ਜਾਵੇ। ਇਸ ਦੀ ਲਾਜ਼ਮੀ ਹੀ ਕੋਈ ਕਾਰਗਰ ਦਵਾਈ ਵੈਕਸੀਨ ਨਿਕਲੇਗੀ। ਕਿੰਨਾ ਵੀ ਹਨੇਰਾ ਹੋਵੇ, ਸਵੇਰਾ ਲਾਜ਼ਮੀ ਆਉਂਦਾ ਹੈ। ਦ੍ਰਿੜਤਾ-ਸਹਿਣਸ਼ੀਲਤਾ ਤੇ ਇਕਮੁੱਠਤਾ ਬਣਾਈ ਰੱਖੀ ਜਾਵੇ ਤੇ ਆਸ ਦੇ ਦੀਵੇ ਲਟ-ਲਟ ਜਗਾਈ ਰੱਖੇ ਜਾਣ।

ਸੰਪਰਕ: 95013-65522

Share This Article
Leave a Comment