ਵਾਸ਼ਿੰਗਟਨ : ਜਾਨਲੇਵਾ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਵਾਂ ‘ਚੋਂ ਇੱਕ ਅਮਰੀਕੀ ਦਫਤਰ ਵ੍ਹਾਈਟ ਹਾਊਸ ਵੀ ਇਸ ਵਾਇਰਸ ਤੋਂ ਅਛੁੱਤਾ ਨਹੀਂ ਰਿਹਾ ਹੈ।
ਕੋਰੋਨਾ ਵਾਇਰਸ ਨੇ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਾਈਟ ਹਾਊਸ ‘ਚ ਵੀ ਦਸਤਕ ਦੇ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨੇਸ ਨਾਲ ਨਿਯੁਕਤ ਇੱਕ ਅਧਿਕਾਰੀ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਪਾਇਆ ਗਿਆ ਹੈ।
ਉਪ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਕੈਟੀ ਮਿਲਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸ਼ਾਮੀਂ ਇਹ ਜਾਣਕਾਰੀ ਮਿਲੀ ਕਿ ਕਿ ਉਪ-ਰਾਸ਼ਟਰਪਤੀ ਮਾਈਕ ਪੇਨੇਸ ਦੇ ਦਫਤਰ ਦਾ ਇੱਕ ਅਧਿਕਾਰੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਵ੍ਹਾਈਟ ਹਾਊਸ ‘ਚ ਕਿਸ ਕਿਸ ਦੇ ਸੰਪਰਕ ਵਿੱਚ ਆਇਆ ਸੀ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨੇਸ ਪਿਛਲੇ ਕੁਝ ਦਿਨਾਂ ਤੋਂ ਇਸ ਵਿਅਕਤੀ ਦੇ ਸੰਪਰਕ ‘ਚ ਨਹੀਂ ਹਨ।
ਵ੍ਹਾਈਟ ਹਾਊਸ ਨੇ ਇਸ ਖਬਰ ਤੋਂ ਬਾਅਦ ਕੈਂਪਸ ਵਿੱਚ ਦਾਖਲ ਹੋਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹਾਲ ਹੀ ‘ਚ ਫਲੋਰੀਡਾ ਤੋਂ ਰਿਪਬਲੀਕਨ ਦੇ ਸੇਨੇਟਰ ਮਾਰੀਓ ਡਿਆਜ਼ ਤੇ ਡੈਮੋਕਰੇਟ ਸੇਨੇਟਰ ਬੇਨ ਮੈਕਐਡਮਸ ਦੀ ਕੋਰੋਨਾ ਟੈਸਟ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਸੀ।
ਤਾਜਾ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ 230 ਲੋਕਾਂ ਦੀ ਮੌਤ ਹੋ ਗਈ ਸੀ ਤੇ 18000 ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ ਹੁਣ ਤੱਕ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਲੱਖ 50 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।