ਇੰਗਲੈਂਡ : ਸਾਊਥਵਾਰਕ ਤੋਂ ਭਾਰਤੀ ਮੂਲ ਦੇ ਸੁਨੀਲ ਚੋਪੜਾ ਦੂਜੀ ਵਾਰ ਬਣੇ ਡਿਪਟੀ ਮੇਅਰ

TeamGlobalPunjab
1 Min Read

ਲੰਡਨ : ਇੰਗਲੈਂਡ ਦੇ ਸਾਊਥਵਾਰਕ (ਲੰਡਨ ਬੌਰੋ) ਤੋਂ ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਨੂੰ ਦੂਜੀ ਵਾਰ ਡਿਪਟੀ ਮੇਅਰ ਚੁਣਿਆ ਗਿਆ ਹੈ। ਦੱਸ ਦਈਏ ਕਿ ਚੋਪੜਾ ਇਸ ਤੋਂ ਪਹਿਲਾਂ ਸਾਲ 2014-15 ‘ਚ ਸਾਊਥਵਾਰਕ ਤੋਂ ਮੇਅਰ ਰਹਿ ਚੁੱਕੇ ਹਨ। ਜਦਕਿ 2013-14 ਵਿਚ ਡਿਪਟੀ ਮੇਅਰ ਦੇ ਅਹੁਦੇ ‘ਤੇ ਆਪਣੀ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨੀਲ ਚੋਪੜਾ ਭਾਰਤੀ ਓਵਰਸੀਜ਼ ਕਾਂਗਰਸ, ਲੰਡਨ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਦੱਸਣਯੋਗ ਹੈ ਕਿ ਜਿਸ ਇਲਾਕੇ ਤੋਂ ਚੋਪੜਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ ਉੱਥੇ ਭਾਰਤੀ ਮੂਲ ਦੇ ਮਹਿਜ਼ ਦੋ ਫ਼ੀਸਦੀ ਲੋਕ ਹੀ ਰਹਿੰਦੇ ਹਨ। ਡਿਪਟੀ ਮੇਅਰ ਚੁਣੇ ਜਾਣ ਤੋਂ ਬਾਅਦ ਸੁਨੀਲ ਚੋਪੜਾ ਨੇ ਕਿਹਾ ਕਿ ਉਨਾਂ ਨੂੰ ਆਪਣੇ ਭਾਰਤੀ ਹੋਣ ‘ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਉਨਾਂ ਦੇ ਡਿਪਟੀ ਮੇਅਰ ਚੁਣੇ ਜਾਣਾ ਨਾ ਸਿਰਫ਼ ਉਨਾਂ ਅਤੇ ਉਨਾਂ ਦੇ ਪਰਿਵਾਰ ਲਈ ਸਗੋਂ ਸਮੁੱਚੇ ਭਾਰਤੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ। ਚੋਪੜਾ ਨੇ ਕਿਹਾ ਕਿ ਉਹ ਸਥਾਨਕ ਅਤੇ ਕੌਮਾਂਤਰੀ ਪੱਧਰ ‘ਤੇ ਭਾਈਚਾਰੇ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।

ਸੁਨੀਲ ਚੋਪੜਾ ਨਵੀਂ ਦਿੱਲੀ ਦੇ ਜੰਮਪਲ ਹਨ। ਉਹ ਪਿਛਲੇ 40 ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਹਨ ਅਤੇ ਉਹ ਸਥਾਨਕ ਭਾਈਚਾਰੇ ਨਾਲ ਸਬੰਧਤ ਕੰਮਾਂ ਵਿੱਚ ਕਾਫੀ ਸਰਗਰਮ ਰਹਿੰਦੇ ਹਨ।

Share this Article
Leave a comment