ਕਰੋਨਾਵਾਇਰਸ ਮਹਾਮਾਰੀ : ਕਿਸ ਤਰ੍ਹਾਂ ਸਿਮਟ ਗਈ ਹੈ ਸਿਆਸਤ

TeamGlobalPunjab
5 Min Read

ਅਵਤਾਰ ਸਿੰਘ

ਸਮਾਂ ਬੜਾ ਬਲਵਾਨ ਹੈ। ਕਦੇ ਇਹ ਨਜ਼ਦੀਕੀਆਂ ਵਧਾ ਦਿੰਦਾ ਤੇ ਕਦੇ ਨੇੜਲਿਆਂ ਨੂੰ ਦੂਰ ਕਰ ਦਿੰਦਾ ਹੈ। ਗਲਵੱਕੜੀਆਂ ਪਾਉਣ ਵਾਲੇ ਦੂਰੋਂ ਹੱਥ ਜੋੜ ਰਹੇ ਹਨ। ਸਾਡੇ ਮੁਲਕ ਵਿਚ ਅਕਸਰ ਉਸੇ ਸਿਆਸਤਦਾਨ ਨੂੰ ਚੰਗਾ ਸਮਝਿਆ ਜਾਂਦਾ ਜੋ ਹਰੇਕ ਨਾਲ ਸੁਲਾਹ ਮਾਰੇ ਤੇ ਸਭ ਨੂੰ ਨੇੜੇ ਹੋ ਕੇ ਮਿਲੇ। ਪਰ ਹੁਣ ਕਰੋਨਾਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਮਗਰੋਂ ਰਾਜਸੀ ਆਗੂਆਂ ਨੇ ਵੀ ਆਪਣੇ ਨਜ਼ਦੀਕੀਆਂ ਅਤੇ ਅਫਸਰਾਂ ਤੋਂ ਦੂਰੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ।

ਰਿਪੋਰਟਾਂ ਮੁਤਾਬਿਕ ਲੋਕਾਂ ਵਿੱਚ ਘਿਰੇ ਰਹਿਣ ਦੇ ਚਾਹਵਾਨ ਪੰਜਾਬ ਦੇ ਕਾਂਗਰਸ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਇਹਤਿਆਤ ਵਰਤਦਿਆਂ ਆਪਣੇ ਹਮਾਇਤੀਆਂ ਅਤੇ ਅਫ਼ਰਸਰਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਮੰਤਰੀ ਅਤੇ ਸਿਆਸਤਦਾਨ ਹੁਣ ਜੱਫੀਆਂ ਪਾਉਣ ਜਾਂ ਹੱਥ ਮਿਲਾਉਣ ਦੀ ਪਿਰਤ ਨੂੰ ਖਤਮ ਕਰਦਿਆਂ ਦੂਰੋਂ ਹੀ ‘ਨਮਸਤੇ’ ਜਾਂ ‘ਸਤਿ ਸ੍ਰੀ ਅਕਾਲ’ ਬੁਲਾ ਰਹੇ ਹਨ। ਰਿਪੋਰਟਾਂ ਅਨੁਸਾਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਸਮਾਂ ਉਨ੍ਹਾਂ ਲਈ ਬੜਾ ਕਠਿਨ ਸਥਿਤੀ ਵਾਲਾ ਹੈ। ਲੋਕ ਉਨ੍ਹਾਂ ਕੋਲ ਆਪਣੇ ਕੰਮਾਂ ਲਈ ਆਉਂਦੇ ਹਨ। ਪਰ ਇਹਤਿਆਤ ਵਜੋਂ ਉਹ ਲੋਕਾਂ ਨੂੰ ਨਹੀਂ ਮਿਲ ਰਹੇ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੂੰ ਅਜੇ ਤਕ ਕਰੋਨਾਵਾਇਰਸ ਦੇ ਮੱਦੇਨਜ਼ਰ ਇਹਤਿਆਤ ਲਈ ਕੋਈ ਹਦਾਇਤ ਜਾਰੀ ਨਹੀਂ ਹੋਈ ਹੈ। ਪਰ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ ਆਪ ਹੀ ਇਕੱਠਾਂ ਤੇ ਘਟ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਅਫਸਰਾਂ ਨੂੰ ਵੀ ਨਿਜੀ ਤੌਰ ‘ਤੇ ਸੰਪਰਕ ਕਰਨ ਨਾਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਾਂ ਕਰਨ ਲਈ ਕਹਿ ਦਿੱਤਾ ਗਿਆ ਹੈ। ਕੇਵਲ ਜਰੂਰੀ ਮੀਟਿੰਗ ਹੀ ਕੀਤੀ ਜਾਵੇ।

- Advertisement -

ਕਰੋਨਾਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਮਗਰੋਂ ਇਹਤਿਆਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਬ੍ਲਿਕ ਇਕੱਠਾਂ ਵਿੱਚ ਜਾਣਾ ਬੰਦ ਕਰ ਦਿੱਤਾ। ਉਹ ਸਿਰਫ ਉਸੇ ਮੀਟਿੰਗ ਵਿਚ ਜਾਣਗੇ ਜਿਥੇ ਪੂਰੀ ਤਰ੍ਹਾਂ ਸੇਨਿਟੀਜ਼ ਹੋਵੇ।

ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਨੇ ਪਿਛਲੇ ਤਿੰਨ ਦਿਨਾਂ ਤੋਂ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕੀਤੇ ਜਾ ਰਹੇ ਸਿਰਫ ਦੋ ਮੀਡੀਆ ਸਮਾਗਮਾਂ ਵਿੱਚ ਹਾਜ਼ਰੀ ਭਰੀ ਹੈ। ਹੁਣ ਸਾਰੇ ਮੀਡੀਆ ਕਨਕਲੇਵ ਮਈ ਤਕ ਮੁਲਤਵੀ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਅਨੁਸਾਰ ਮੁੱਖ ਮੰਤਰੀ ਨਾਲ ਮੁਲਾਕਾਤਾਂ ਸੀਮਤ ਕਰ ਦਿੱਤੀਆਂ ਗਈਆਂ ਹਨ।

ਇਸੇ ਤਰ੍ਹਾਂ ਪਤਾ ਲਗਾ ਹੈ ਕਿ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕਾਂ ਸੰਜੇ ਤਲਵਾਰ ਅਤੇ ਰਾਕੇਸ਼ ਪਾਂਡੇ ਨੇ ਪਬਲਿਕ ਨੂੰ ਮਿਲਣ ਦਾ ਸਮਾਂ ਘਟਾ ਦਿੱਤਾ ਹੈ। ਕੇਵਲ ਅਤਿ ਜ਼ਰੂਰੀ ਕੰਮ ਲਈ ਹੀ ਮਿਲਿਆ ਜਾਵੇਗਾ।

ਇਸੇ ਤਰ੍ਹਾਂ ਟਕਸਾਲੀਆਂ ਵਲੋਂ ਤਰਨ ਤਾਰਨ ਵਿਖੇ ਰੱਖੀ ਰੈਲ਼ੀ ਮੁਲਤਵੀ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਵਿਚ ਹੋਣ ਵਾਲ਼ੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ।

ਕੇਂਦਰੀ ਫ਼ੂਡ ਪ੍ਰੋਸਸਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਹੋਣ ਵਾਲੀ ਮੀਟਿੰਗ 15 ਅਪ੍ਰੈਲ ਤਕ ਰੱਦ ਕਰ ਦਿੱਤੀ ਹੈ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਕਿਸੇ ਜ਼ਰੂਰੀ ਨੂੰ ਛੱਡ ਕੇ ਪਬਲਿਕ ਵਿਚ ਜਾਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਉਹ ਲੋਕਾਂ ਦੇ ਵਿਆਹਾਂ ਤੇ ਭੋਗ ਦੇ ਸਮਾਗਮਾਂ ਵਿਚ ਹਾਜ਼ਰੀ ਭਰ ਰਹੇ ਹਨ।

- Advertisement -

ਇਸੇ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਜਿਥੇ ਕੁਝ ਸਿਆਸਤਦਾਨਾਂ ਤੇ ਮੰਤਰੀਆਂ ਨੇ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਹੈ ਉਥੇ ਕੁਝ ਰਾਜਸੀ ਆਗੂ ਲੋਕਾਂ ਦੇ ਇਕੱਠ ਕਰਕੇ ਉਨ੍ਹਾਂ ਨੂੰ ਕੋਵਿਡ-2019 ਤੋਂ ਬਚਣ ਬਾਰੇ ਜਾਗਰੂਕ ਕਰ ਰਹੇ ਹਨ। ਇਹ ਹਨ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ। ਬੈਂਸ ਦਾ ਕਹਿਣਾ ਕਿ ਉਹ ਲਗਾਤਾਰ ਲੋਕ ਮੀਟਿੰਗਾਂ ਕਰਕੇ ਕਰੋਨਾਵਾਇਰਸ ਦੇ ਮਹਾਮਾਰੀ ਬਾਰੇ ਉਨ੍ਹਾਂ ਨੂੰ ਜਾਗਰੂਕ ਕਰ ਰਹੇ ਹਨ।

ਗੁਰਦਸਪੂਰ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸਟਾਫ ਨੂੰ ਕਿਹਾ ਹੋਇਆ ਕਿ ਮੀਟਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸੈਕਟਰ 39 ਦੀ ਰਿਹਾਇਸ਼ ਅਤੇ ਜੱਦੀ ਪਿੰਡ ਦੀ ਰਿਹਾਇਸ਼ ‘ਤੇ ਸਨਿਟੀਜ਼ ਦਾ ਸਭ ਇੰਤਜ਼ਾਮ ਹੈ।

ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਬਲਿਕ ਸਮਾਗਮਾਂ ਵਿਚ ਜਾਣਾ ਬੰਦ ਕਰ ਦਿੱਤਾ ਹੈ ਪਰ ਉਹ 24 ਘੰਟੇ ਲੋਕ ਕੰਮਾਂ ਵਿਚ ਜੁਟੇ ਰਹਿੰਦੇ ਹਨ। ਪਬਲਿਕ ਵਰਕਸ ਡਿਪਾਰਟਮੈਂਟ ਦੇ ਮੰਤਰੀ ਵਿਜੈ ਇੰਦਰ ਸਿੰਗਲਾ, ਗਰੁੱਪ ਆਫ ਮਨਿਸਟਰ ਦਾ ਹਿੱਸਾ ਹੁੰਦੇ ਹੋਏ ਕੋਵਿਦ ਸੰਬੰਧੀ ਮੀਟਿੰਗਾਂ ਵਿਚ ਹਾਜ਼ਿਰ ਹੋ ਰਹੇ ਹਨ। ਇਸ ਤਰ੍ਹਾਂ ਕਰੋਨਾਵਾਇਰਸ ਦੀ ਮਹਾਮਾਰੀ ਨੇ ਸਿਆਸਤ ਨੂੰ ਵੀ ਸਿਮਟ ਕੇ ਰੱਖ ਦਿੱਤਾ ਹੈ।

Share this Article
Leave a comment