‘ਗਲੋਬਲ ਪੰਜਾਬ’ ਟੀਵੀ ਦੀ ਪਹਿਲ ‘ਤੇ ਪੰਥਕ ਆਗੂਆਂ ਦੀ ਗੱਲਬਾਤ

Rajneet Kaur
5 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਕਮੇਟੀ ਦੇ ਮੁੱਦੇ ਉੱਪਰ ਤਕੜਾ ਝਟਕਾ ਦਿੱਤਾ ਹੈ ਪਰ ਦੋਹਾਂ ਧਿਰਾਂ ‘ਚ ਵੱਡੇ ਪੰਥਕ ਮਾਮਲਿਆਂ ਲਈ ਗੱਲਬਾਤ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ।ਇਹ ਜ਼ਿੰਮੇਵਾਰੀ ਜਿੱਥੇ ਹਰਿਆਣਾ ਦੀ ਬਣਦੀ ਹੈ ਉਥੇ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹੋਰ ਵੀ ਵਧੇਰੇ ਬਣ ਜਾਂਦੀ ਹੈ।ਹਰਿਆਣਾ ਦੇ ਕਮੇਟੀ ਆਗੂਆਂ ਨੇ ਸਪਸ਼ਟ ਕਰ ਦਿਤਾ ਹੈ ਕਿ ਉਹ ਕਿਸੇ ਵੀ ਸਥਿਤੀ ‘ਚ ਹਰਿਆਣਾ ਕਮੇਟੀ ਬਾਰੇ ਅਕਾਲੀ ਆਗੂਆਂ ਦਾ ਪ੍ਰਸਤਾਵ ਮੰਨਣ ਲਈ ਤਿਆਰ ਨਹੀਂ ਹਨ।ਹਰਿਆਣਾ ਦੇ ਆਗੂਆਂ ਵਲੋਂ ਇਹ ਪ੍ਰਗਟਾਵਾ ਪੰਜਾਬ ਦੇ ਆਗੂਆਂ ਨਾਲ ਹੋਈ ਉਚ ਪਧਰੀ ਮੀਟਿੰਗ ‘ਚ ਕੀਤਾ ਗਿਆ।ਮੀਟਿੰਗ ‘ਚ ਹਰਿਆਣਾ ਵਲੋਂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਅਤੇ ਕਈ ਹੋਰ ਨੇਤਾ ਸ਼ਾਮਿਲ ਹੋਏ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ ਸਨ। ਮੀਡੀਆ ਦੀ ਜਾਣਕਾਰੀ ਅਨੁਸਾਰ ਅਕਾਲੀ ਆਗੂਆਂ ਨੇ ਮੀਟਿੰਗ ‘ਚ ਇਹ ਪੇਸ਼ਕਸ਼ ਰੱਖੀ ਸੀ ਕਿ ਹਰਿਆਣਾ ਦੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਐਲਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਬੇਨਤੀ ਕਰਕੇ ਕਰਵਾਇਆ ਜਾਵੇ। ਪੰਜਾਬ ਦੇ ਆਗੂਆਂ ਦੀ ਦਲੀਲ ਸੀ ਕਿ ਹਰਿਆਣਾ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਬੇਲੋੜਾ ਦਖਲ ਦੇ ਰਹੀ ਹੈ।ਅਜਿਹੀ ਸਥਿਤੀ ਨੂੰ ਇੱਕਠੇ ਹੋ ਕੇ ਰੋਕਿਆ ਜਾਵੇ। ਅਸਲ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਬੰਧ ਤਿੰਨ ਕਾਲੇ ਖੇਤੀ ਕਾਨੂੰਨ ਬਨਾਉਣ ਦੇ ਮੁੱਦੇ ਉੱਪਰ ਟੁੱਟ ਗਏ ਸਨ। ਉਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦਾ ਕਈ ਮੁੱਦਿਆਂ ‘ਤੇ ਲਗਾਤਾਰ ਟਕਰਾਅ ਚਲਦਾ ਆ ਰਿਹਾ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਾਂਗਰਸ ਦੇ ਰਾਹ ‘ਤੇ ਚਲ ਕੇ ਘੱਟ ਗਿਣਤੀਆਂ ਦਾ ਨੁਕਸਾਨ ਕਰ ਰਹੀ ਹੈ। ਇਸ ਨਾਲ ਮੁਲਕ ਅੰਦਰ ਇਕ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ।ਅਕਾਲੀ ਦਲ ਦੀ ਸਥਿਤੀ ਵੀ ਭਾਜਪਾ ਨੂੰ ਲੈ ਕੇ ਦੁਚਿਤੀ ਵਾਲੀ ਬਣੀ ਹੋਈ ਹੈ।ਇਕ ਪਾਸੇ ਹਰਿਆਣਾ ਦੇ ਆਗੂਆਂ ਨੂੰ ਪਹੁੰਚ ਕਰਕੇ ਭਾਜਪਾ ਦੇ ਸਿੱਖੀ ਮਾਮਲਿਆਂ ‘ਚ ਦਖਲ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵਲੋਂ ਇਹ ਬਿਆਨ ਦਿੱਤਾ ਗਿਆ ਕਿ ਭੱਵਿਖ ‘ਚ ਭਾਜਪਾ ਨੂੰ ਛੱਡ ਕੇ ਹੋਰ ਕਿਸੇ ਰਾਜਸੀ ਪਾਰਟੀ ਨਾਲ ਸਮਝੋਤੇ ਦੀ ਕੋਈ ਸੰਭਾਵਨਾ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਅਕਾਲੀ ਆਗੂਆਂ ਨੂੰ ਸਾਫ ਕਰ ਦਿਤਾ ਕਿ ਹੁਣ ਅਜਿਹੀ ਸਹਿਮਤੀ ਬਨਾਉਣ ਦਾ ਸਮਾਂ ਨਿਕਲ ਗਿਆ ਹੈ। ਖਾਸ ਤੌਰ ‘ਤੇ ਜਥੇਦਾਰ ਨਲਵੀ ਨੇ ਇਸ ਮਾਮਲੇ ‘ਚ ਸਖ਼ਤ ਸਟੈਂਡ ਲਿਆ ਹੈ।ਹਰਿਆਣਾ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਮਾਨਤਾ ਮਿਲ ਗਈ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਕਮੇਟੀ ਦਾ ਐਲਾਨ ਕਰਵਾਉਣ ਦਾ ਮੰਤਵ ਬੇਮਾਇਨਾ ਹੈ। ਜਿਸ ਮੌਕੇ ਤੇ ਹਰਿਆਣਾ ਦੇ ਆਗੂਆਂ ਨਾਲ ਤਾਲਮੇਲ ਕਰਨ ਦੀ ਜ਼ਰੂਰਤ ਸੀ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ।ਹਰਿਆਣਾ ਦੇ ਆਗੂਆਂ ਵਲੋਂ ਲਗਾਤਾਰ ਇਹ ਜੋਰ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹਰਿਆਣਾ ਦੇ ਸਿੱਖਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਦੀ ਬੇਨਤੀ ਨੂੰ ਅਣਗੋਲਿਆਂ ਕੀਤਾ ਗਿਆ।ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ‘ਚ ਵੀ ਹਰਿਆਣਾ ਦੀ ਸੁਣਵਾਈ ਨਹੀਂ ਹੁੰਦੀ ਸੀ।

ਅਸੀਂ ਆਪਣੇ ਪਾਠਕਾਂ ਨੂੰ ਇਹ ਦਸਦੇ ਹਾਂ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਅਕਾਲੀ ਦਲ ਦੇ ਆਗੂਆਂ ਦੀ ਕੁਝ ਦਿਨ ਪਹਿਲਾਂ ‘ਗਲੋਬਲ ਪੰਜਾਬ’ ਟੀਵੀ ‘ਤੇ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਨੂੰ ਲੈ ਕੇ ਡਿਬੇਟ ਹੋਈ ਸੀ ।ਇਸ ਡਿਬੇਟ ‘ਚ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਆਗੂਆਂ ਦੀ ਇਸ ਮੁੱਦੇ ਉਪਰ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਜੋ ਸਿੱਖਾਂ ਦਾ ਆਪਸੀ ਟਕਰਾਅ ਨਾ ਬਣੇ । ਬੇਸ਼ੱਕ ਦੋਹਾਂ ਧਿਰਾਂ ਦੀ ਇਸ ਮੀਟਿੰਗ ‘ਚ ਸਹਿਮਤੀ ਨਹੀਂ ਬਣੀ ਪਰ ਪੰਥ ਦੇ ਵੱਡੇ ਹਿੱਤਾਂ ਲਈ ਗੱਲਬਾਤ ਦਾ ਦੌਰ ਜਾਰੀ ਰਹਿਣਾ ਚਾਹੀਦਾ ਹੈ।ਦੋਹਾਂ ਧਿਰਾਂ ਨੂੰ ਇਸ ਮਾਮਲੇ ‘ਚ ਵੀ ਸੁਚੇਤ ਰਹਿਣ ਦੀ ਲੋੜ ਹੈ ਕਿ ਪੰਥਕ ਹਿੱਤਾਂ ਲਈ ਗੱਲਬਾਤ ਕਰਦੇ ਸਮੇਂ ਕਿਸੇ ਵੀ ਧਿਰ ਵਲੋਂ ਰਾਜਨੀਤੀ ਕਰਨ ਤੋਂ ਗੁਰੇਜ਼ ਕੀਤੀ ਜਾਵੇ ਤਾਂ ਇਸ ਗੱਲਬਾਤ ਦੇ ਵਧੇਰੇ ਸਾਰਥਿਕ ਸਿਟੇ ਸਾਹਮਣੇ ਆ ਸਕਦੇ ਹਨ।

- Advertisement -

Share this Article
Leave a comment