ਕੋਰੋਨਾ ਵਾਇਰਸ : ਪੰਜਾਬ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੀ ਹੋਇਆ “ਕੋਰੋਨਾ ਮੁਕਤ”, ਆਖਰੀ ਪੀੜਤ ਮਰੀਜ਼ ਨੂੰ ਵੀ ਹਸਪਤਾਲ ਤੋਂ ਮਿਲੀ ਛੁੱਟੀ

TeamGlobalPunjab
2 Min Read

ਫਤਿਹਗੜ੍ਹ : ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਵੀ ਕੋਰੋਨਾ ‘ਤੇ ਜਿੱਤ ਹਾਸਿਲ ਕਰਲ ਲਈ ਹੈ। ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਦੇ ਕੁਲ 57 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ‘ਚੋਂ 56 ਪੀੜਤ ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ। ਸਿਵਲ ਸਰਜਨ ਡਾ. ਅਗਰਵਾਲ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਆਖਰੀ ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ‘ਚੋਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਜਿਸ ਨਾਲ ਹੁਣ ਜ਼ਿਲ੍ਹੇ ‘ਚ ਕੋਰੋਨਾ ਦਾ ਇੱਕ ਵੀ ਐਕਟਿਵ ਕੇਸ ਨਹੀਂ ਹੈ। ਜਿਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੂਰੀ ਤਰ੍ਹਾਂ ਕੋਰੋਨਾ ਮੁਕਤ ਜ਼ਿਲ੍ਹਾ ਬਣ ਗਿਆ ਹੈ।

ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਦੇ 3003 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ‘ਚੋਂ 2714 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੋਰੋਨਾ ਦੇ 57 ਮਾਮਲਿਆਂ ‘ਚੋ 2 ਕੇਸ ਤਬਲੀਗੀ ਜਮਾਤ ਵਾਲੇ , 15 ਕੇਸ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ, 22 ਕੇਸ ਕੰਬਾਈਨਾਂ ਦਾ ਰਿਪੇਅਰ ਕਰਨ ਵਾਲੇ ਲੋਕਾਂ ਨਾਲ ਸਬੰਧਤ, 14 ਕੇਸ ਕੰਬਾਈਨ ਵਾਲੇ ਸਨ। ਇਸ ਤੋਂ ਇਲਾਵਾ 4 ਵੱਖਰੇ ਤੌਰ ‘ਤੇ ਖਾਂਸੀ ਅਤੇ ਜ਼ੁਕਾਮ ਦੇ ਲੱਛਣ ਵਾਲੇ ਮਰੀਜ਼ ਸਨ। ਕੋਰੋਨਾ ਦੇ ਕੁਲ ਮਰੀਜ਼ਾਂ ‘ਚ 39 ਪੁਰਸ਼ ਅਤੇ 18 ਔਰਤਾਂ ਸ਼ਾਮਲ ਸਨ।

ਡਾ. ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਸਾਰੇ ਪੀੜਤ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਤਹਿਤ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ 7 ਦਿਨ ਆਪਣੇ ਘਰ ਅੰਦਰ ਹੀ ਇਕਾਂਤਵਾਸ ‘ਚ ਰਹਿਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।

Share this Article
Leave a comment