ਕੈਪਟਨ ਸਰਕਾਰ ਨੂੰ ਦੂਹਰੀ ਚੁਣੌਤੀ ! ਬਾਗੀ ਅਤੇ ਵਿਰੋਧੀ ਧਿਰਾਂ ‘ਚ ਮੁੱਖ ਮੰਤਰੀ ਨਿਸ਼ਾਨੇ ‘ਤੇ !

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਬੇਸ਼ਕ ਇੱਕ ਸਾਲ ਤੋਂ ਵਧੇਰੇ ਸਮਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਪਿਆ ਹੈ ਪਰ ਰਾਜਸੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਦਾ ਏਜੰਡਾ ਚੋਣਾਂ ‘ਤੇ ਕੇਂਦ੍ਰਿਤ ਕਰ ਲਿਆ ਹੈ। ਅਜਿਹੀ ਪ੍ਰਸਥਿਤੀ ‘ਚ ਕੈਪਟਨ ਸਾਹਮਣੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਚੁਣੌਤੀ ਹੈ। ਪਾਰਟੀ ਦੇ ਦੋ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰਾਂ ਨੇ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਕਾਰਜਸ਼ੈਲੀ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੋਇਆ ਹੈ। ਬੇਸ਼ਕ ਕਾਂਗਰਸ ਅੰਦਰ ਫੌਰੀ ਕਲੇਸ਼ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਜ਼ਹਿਰੀਲੀ ਸ਼ਰਾਬ ਕਾਰਨ ਮਾਝੇ ‘ਚ ਹੋਈਆਂ ਮੌਤਾਂ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਰਾਜਪਾਲ ਨੂੰ ਯਾਦ ਪੱਤਰ ਦੇਣ ਨਾਲ ਸ਼ੁਰੂ ਹੋਇਆ ਸੀ ਪਰ ਬਾਅਦ ‘ਚ ਇਹ ਸਾਰਾ ਮਾਮਲਾ ਕਾਂਗਰਸ ਦੀ ਲੜਾਈ ‘ਚ ਬਦਲ ਗਿਆ। ਮਾਝੇ ‘ਚ ਵਾਪਰੇ ਵੱਡੇ ਦੁਖਾਂਤ ਦੀ ਜਾਂਚ ਸੀ.ਬੀ.ਆਈ. ਤਾਂ ਸ਼ਾਇਦ ਨਾ ਹੀ ਕਰ ਸਕੇ ਪਰ ਕਾਂਗਰਸ ਦੇ ਇਸ ਕਲੇਸ਼ ਨੇ ਵਿਰੋਧੀਆਂ ਨੂੰ ਕੈਪਟਨ ਸਰਕਾਰ ‘ਤੇ ਹੋਰ ਤਿੱਖੇ ਹਮਲੇ ਕਰਨ ਦਾ ਮੌਕਾ ਦੇ ਦਿੱਤਾ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਾਜਵਾ ਅਤੇ ਦੂਲੋ ਨੂੰ ਪਾਰਟੀ ‘ਚੋਂ ਕੱਢਣ ਲਈ ਪਾਰਟੀ ਹਾਈ ਕਮਾਂਡ ਨੂੰ ਸ਼ਿਫਾਰਸ਼ ਤਾਂ ਕਰ ਦਿੱਤੀ ਪਰ ਉਸ ਸ਼ਿਫਾਰਸ਼ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਾਖੜ ਅਤੇ ਕੈਪਟਨ ਲਈ ਹੁਣ ਪੰਜਾਬ ਨਾਲੋਂ ਵੀ ਵੱਡਾ ਮੁੱਦਾ ਇਨ੍ਹਾਂ ਦੋਹਾਂ ਆਗੂਆਂ ਨੂੰ ਪਾਰਟੀ ‘ਚੋਂ ਕਢਵਾਉਣ ਦਾ ਬਣਿਆ ਹੋਇਆ ਹੈ। ਬੇਸ਼ਕ ਬਾਜਵਾ ਅਤੇ ਦੂਲੋ ਦਾ ਹੁਣ ਕਾਂਗਰਸ ਪਾਰਟੀ ਅੰਦਰ ਬਹੁਤਾ ਆਧਾਰ ਨਹੀਂ ਹੈ ਪਰ ਉਨ੍ਹਾਂ ਵੱਲੋਂ ਕੈਪਟਨ ਸਰਕਾਰ ‘ਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਸਰਕਾਰ ਦੀ ਸਾਖ ਨੂੰ ਚੋਣਾਂ ਦੇ ਨੇੜੇ ਜਾ ਕੇ ਢਾਹ ਹੀ ਲਾ ਰਹੇ ਹਨ। ਖਾਸ ਤੌਰ ‘ਤੇ ਦੂਲੋ ਟਕਸਾਲੀ ਕਾਂਗਰਸੀ ਅਤੇ ਦਲਿਤ ਨੇਤਾ ਹੋਣ ਕਰਕੇ ਦਲਿਤ ਵਰਗ ‘ਚ ਆਪਣਾ ਖਾਸ ਪ੍ਰਭਾਵ ਰੱਖਦੇ ਹਨ। ਪੰਜਾਬ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜਿਹੜਾ ਕਿ ਸਭ ਤੋਂ ਵੱਡੀ ਦਲਿਤ ਵਸੋਂ ਵਾਲਾ ਹੈ। ਤਕਰੀਬਨ 35 ਤੋਂ 40 ਫੀਸਦੀ ਗਰੀਬ ਵਰਗ ਪੰਜਾਬ ਦੇ ਵਸਨੀਕ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ ਜਦੋਂ ਕਾਂਗਰਸ ਪਾਰਟੀ ਦੇ ਆਪਣੇ ਕਿਸੇ ਦਲਿਤ ਨੇਤਾ ਨੁੰ ਪਾਰਟੀ ‘ਚੋਂ ਬਾਹਰ ਕਰਨ ਦੀ ਮੁਹਿੰਮ ਚਲਾਈ ਹੋਵੇ। ਦੂਲੋ ਲਗਾਤਾਰ ਆਖ ਰਿਹਾ ਹੈ ਕਿ ਕੈਪਟਨ ਸਰਕਾਰ ਦੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਲੁੱਟ ਮਚਾਈ ਹੋਈ ਹੈ ਅਤੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ। ਉਸ ਦਾ ਕਹਿਣਾ ਹੈ ਕਿ ਕੈਪਟਨ ਨੇ ਦਲ ਬਦਲੂਆਂ ਦੀ ਕਾਂਗਰਸ ਬਣਾ ਦਿੱਤੀ ਹੈ। ਦਲਿਤ ਵਸੋਂ ਸ਼ੁਰੂ ਤੋਂ ਕਾਂਗਰਸ ਦੀ ਹਮਾਇਤੀ ਰਹੀ ਹੈ, ਬੇਸ਼ਕ ਬਾਦਲ ਸਰਕਾਰ ਨੇ ਵੀ ਰਿਆਇਤਾਂ ਦੇ ਕੇ ਇਸ ਵਰਗ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦਲਿਤ ਨੇਤਾ ਨਾਲ ਲੜਾਈ ਪਾ ਕੇ ਕਾਂਗਰਸ ਨੂੰ ਸੌਦਾ ਮਹਿੰਗਾ ਪੈ ਸਕਦਾ ਹੈ। ਸ਼ਾਇਦ ਇਸੇ ਲਈ ਕਾਂਗਰਸ ਅੰਦਰੋਂ ਵੀ ਹੁਣ ਆਵਾਜ਼ ਉੱਠ ਰਹੀ ਹੈ ਕਿ ਇਸ ਲੜਾਈ ਦਾ ਪਾਰਟੀ ਹਾਈ ਕਮਾਂਡ ਹੱਲ ਕਰੇ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਮਾਝੇ ਦੇ ਦੁਖਾਂਤ ਤੋਂ ਬਾਅਦ ਅਕਾਲੀ ਦਲ ਨੇ ਲਗਾਤਾਰ ਮੋਰਚਾ ਹੀ ਲਾ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਸੀਨੀਅਰ ਅਕਾਲੀ ਆਗੂਆਂ ਵੱਲੋਂ ਪਹਿਲਾਂ ਚੰਡੀਗੜ੍ਹ ‘ਚ ਲਗਾਤਾਰ ਧਰਨੇ ਦਿੱਤੇ ਗਏ। ਹੁਣ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਲਈ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਦੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਵਿਧਾਇਕਾਂ ‘ਤੇ ਨਸ਼ਾ ਤਸ਼ਕਰਾਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਮੌਕੇ ਨੂੰ ਅਕਾਲੀ ਨੇਤਾ ਅਗਲੀ ਆ ਰਹੀ ਵਿਧਾਨ ਸਭਾ ਚੋਣ ਦੇ ਪ੍ਰਚਾਰ ਲਈ ਵੀ ਇਸਤੇਮਾਲ ਕਰ ਰਹੇ ਹਨ। ਅਕਾਲੀ ਆਗੂਆਂ ਵੱਲੋਂ ਰੈਲੀਆਂ ‘ਚ ਕਿਹਾ ਜਾ ਰਿਹਾ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ। ਹਾਲਾਂਕਿ ਨਸ਼ੇ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਿਧਾਨ ਸਭਾ ਚੋਣ ਵੇਲੇ ਅਕਾਲੀ ਆਗੂਆਂ ‘ਤੇ ਜ਼ਬਰਦਸਤ ਹਮਲਾ ਕੀਤਾ ਸੀ। ਹੁਣ ਮਾਮਲਾ ਉਲਟ ਹੋ ਗਿਆ ਹੈ। ਕੈਪਟਨ ਸਰਕਾਰ ਨਸ਼ੇ ਦੇ ਧੰਦੇ ‘ਚ ਕਿਸੇ ਵੀ ਵੱਡੇ ਅਕਾਲੀ ਨੇਤਾ ਨੂੰ 4 ਸਾਲ ‘ਚ ਹੱਥ ਨਹੀਂ ਪਾ ਸਕੀ। ਨਵੀਂ ਸਥਿਤੀ ‘ਚ ਅਕਾਲੀ ਦਲ ਨੇ ਕੈਪਟਨ ‘ਤੇ ਨਸ਼ੇ ਦੇ ਮੁੱਦੇ ‘ਤੇ ਹੀ ਹਮਲਾ ਬੋਲਿਆ ਹੋਇਆ ਹੈ। ਆਮ ਆਦਮੀ ਪਾਰਟੀ ਵੀ ਮਾਝੇ ‘ਚ ਹੋਈਆਂ ਮੌਤਾਂ ਅਤੇ ਸਰਕਾਰ ਦੀ ਅਸਫਲਤਾ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਕਾਂਗਰਸ ਪਾਰਟੀ ਇੱਕਾ-ਦੁੱਕਾ ਰਾਜਸੀ ਸਰਗਰਮੀਆਂ ਤੋਂ ਇਲਾਵਾ ਅਜੇ ਤੱਕ ਮੀਡੀਆ ‘ਚ ਬਿਆਨਬਾਜ਼ੀ ਕਰਕੇ ਹੀ ਜਵਾਬ ਦੇ ਰਹੀ ਹੈ। ਕਾਂਗਰਸ ‘ਚ ਅਜੇ ਤੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਲਾ ਜਜ਼ਬਾ ਵੀ ਗਾਇਬ ਹੈ।

- Advertisement -

ਸੰਪਰਕ : 98140-02186

Share this Article
Leave a comment