ਅਮਰੀਕੀ ਅਰਥਵਿਵਸਥਾ ‘ਤੇ ਗਹਿਰਾਇਆ ਕੋਰੋਨਾ ਦਾ ਸੰਕਟ, ਸਾਲ 2014 ਤੋਂ ਬਾਅਦ ਪਹਿਲੀ ਵਾਰ ਜੀਡੀਪੀ ‘ਚ ਭਾਰੀ ਗਿਰਾਵਟ

TeamGlobalPunjab
3 Min Read

ਨਿਊਜ਼ ਡੈਸਕ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ। ਇਸ ‘ਚ ਹੀ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਅਰਥਵਿਵਸਥਾ ‘ਤੇ ਵੀ ਕੋਰੋਨਾ ਸੰਕਟ ਗਹਿਰਾ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ‘ਤੇ ਪਿਆ ਹੈ। ਜਿਸ ਕਾਰਨ ਅਮਰੀਕਾ ‘ਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਤੇ ਦੇਸ਼ ‘ਚ ਬੇਰੁਜ਼ਗਾਰੀ ਵੀ 90 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।

ਤਾਜ਼ਾ ਅੰਕੜਿਆਂ ਅਨੁਸਾਰ ਸਾਲ 2020 ਦੀ ਪਹਿਲੀ ਤਿਮਾਹੀ ‘ਚ ਯਾਨੀ ਜਨਵਰੀ ਤੋਂ ਮਾਰਚ ਤੱਕ ਅਮਰੀਕਾ ਦੀ ਜੀਡੀਪੀ ਵਿਕਾਸ ਦਰ ਘਟ ਕੇ -4.8 ਪ੍ਰਤੀਸ਼ਤ ‘ਤੇ ਆ ਗਈ ਹੈ। ਇਸ ਤੋਂ ਪਹਿਲਾਂ ਸਾਲ 2019 ਦੀ ਆਖਰੀ ਤਿਮਾਹੀ ‘ਚ ਜੀਡੀਪੀ ਵਿਕਾਸ ਦਰ 2.1 ਪ੍ਰਤੀਸ਼ਤ ਸੀ। ਸਾਲ 2014 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦੀ ਵਿਕਾਸ ਦਰ ‘ਚ ਭਾਰੀ ਗਿਰਵਾਟ ਆਈ ਹੈ। 2014 ‘ਚ ਅਮਰੀਕਾ ਦੀ ਜੀਡੀਪੀ ਵਿਕਾਸ ਦਰ -1.1 ਫੀਸਦੀ ਰਹੀ ਸੀ। ਇਸ ਤੋਂ ਪਹਿਲਾਂ ਸਾਲ 2008-09 ਦੀ ਵਿਸ਼ਵਵਿਆਪੀ ਮੰਦੀ ‘ਚ ਅਮਰੀਕਾ ਦੀ ਜੀਡੀਪੀ ਵਿਕਾਸ ਦਰ ਲਗਾਤਾਰ ਚਾਰ ਤਿਮਾਹੀ ਮਾਈਨਸ (-) ‘ਚ ਰਹੀ ਸੀ। ਦੱਸਣਯੋਗ ਹੈ ਕਿ ਅਮਰੀਕਾ ਦਾ ਸਾਲਾਨਾ ਕੈਲੰਡਰ ਅਤੇ ਵਿੱਤੀ ਸਾਲ ਅਮਰੀਕਾ ਇੱਕੋ ਹੁੰਦਾ ਹੈ ਜਦ ਕਿ ਭਾਰਤ ‘ਚ ਵਿੱਤੀ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਾਰਚ ਤੱਕ ਚੱਲਦਾ ਹੈ।

ਅਜਿਹੇ ਅੰਕੜੇ ਅਮਰੀਕੀ ਅਰਕਵਿਵਸਥਾ ਲਈ ਇੱਕ ਬੁਰੀ ਖ਼ਬਰ ਹੈ। ਜੇ ਆਉਣ ਵਾਲੇ ਮਹੀਨਿਆਂ ਵਿਚ ਸਥਿਤੀ ਵਿਚ ਸੁਧਾਰ ਨਹੀਂ ਹੋਇਆ ਤਾਂ ਇਹ ਵਿਸ਼ਵ ਪੱਧਰ ‘ਤੇ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਸਮੇਤ ਹੋਰ ਕਈ  ਦੇਸ਼ਾਂ ਦੀ ਅਰਥਵਿਵਸਥਾ ਅਮਰੀਕਾ ‘ਤੇ ਨਿਰਭਰ ਕਰਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਕਿ ਭਾਰਤ ਦੀਆਂ ਆਈ.ਟੀ ਕੰਪਨੀਆਂ ਦੀ ਕੁਲ ਆਮਦਨ ਦਾ 80 ਪ੍ਰਤੀਸ਼ਤ ਹਿੱਸਾ ਅਮਰੀਕਾ ਅਤੇ ਯੂਰਪ ਤੋਂ ਆਉਂਦਾ ਹੈ। ਅਮਰੀਕਾ ਨਾਲ ਭਾਰਤ ਸਮੇਤ ਹੋਰ ਵੀ ਕਈ ਦੇਸ਼ਾਂ ਦੀ ਆਰਥਿਕਤਾ ਲੜਖੜਾ ਸਕਦੀ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਮਰੀਕਾ ਦੇ ਹਰ ਛੇ ਕਰਮਚਾਰੀਆਂ ਵਿਚੋਂ ਇਕ ਨੂੰ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ 25 ਮਿਲੀਅਨ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ।

ਅਮਰੀਕਾ ‘ਚ ਕੋਰੋਨਾ ਦੇ ਹੁਣ ਤੱਕ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 61 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 28 ਹਜ਼ਾਰ ਤੱਕ ਪਹੁੰਚ ਗਈ ਹੈ ਤੇ 31 ਲੱਖ ਤੋਂ ਵੱਧ ਲੋਕ ਕੋਰੋਨਾ ਵਿਰੁੱਧ ਆਪਣੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।

- Advertisement -

Share this Article
Leave a comment