ਪਟਿਆਲਾ: ਜਿਵੇਂ ਕਿ ਆਸ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 6 ਕਾਂਗਰਸੀ ਵਿਧਾਇਕਾਂ ਨੂੰ ਵੰਡੀਆਂ ਗਈਆਂ ਕੈਬਨਿਟ ਮੰਤਰੀ ਵਾਲੀਆਂ ਰਿਓੜੀਆਂ ਨੇ ਉਨ੍ਹਾਂ ਵਿਧਾਇਕਾਂ ਨੂੰ ਦੇ ਮੂੰਹ ‘ਚੋਂ ਕੌੜਾ ਸਵਾਦ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਕਿ ਇਹਨਾਂ ਰਿਓੜੀਆਂ ਨੂੰ ਹਾਸਲ ਕਰਨ ਦੀ ਆਸ ਤਾਂ ਲਾਈ ਬੈਠ ਸਨ ਪਰ ਉਹ ਇਸ ਵਾਰੀ ਵੀ ਵਾਂਝੇ ਰਹਿ ਗਏ। ਅਜਿਹੇ ‘ਚ ਉਨ੍ਹਾਂ ਵਲੋਂ ਮੁੜ ਬਗਾਵਤੀ ਸੁਰ ਅਪਣਾਏ ਜਾਣਾ ਲਾਜ਼ਮੀ ਸੀ ਲਿਹਾਜ਼ਾ ਇਸਦੀ ਸ਼ੁਰੂਆਤ ਹੋਈ ਹੋਈ ਹੈ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੋਂ ਜਿੰਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਤਾਕਤ ਜਾਂ ਜ਼ਿੰਮੇਵਾਰੀ ਤੋਂ ਲਿਆ ਗਿਆ ਅਹੁਦਾ ਕਿਸ ਕੰਮ ਦਾ ਇਹ ਅਹੁਦਾ ਤਾਂ ਉਨਾਂ ਨੂੰ ਵੀ ਦਿੱਤਾ ਜਾ ਰਿਹਾ ਸੀ ਪਰ ਉਨ੍ਹਾਂ ਨੇ ਲਿਆ ਨਹੀਂ। ਅਜਿਹੇ ‘ਚ ਚਰਚਾ ੲਹ ਛਿੜ ਗਈ ਹੈ ਕਿ ਧੀਮਾਨ ਵਲੋਂ ਅਪਣਾਏ ਗਏ ਇੰਨਾਂ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੀ ਰਾਹ ਅਪਣਾਉਂਦੇ ਹਨ ਕਿਉਂਕਿ ਸਿੱਧੂ ਦੇ ਮਾਮਲੇ ਨੇ ਕੈਪਟਨ ਨੂੰ ਇੰਨ੍ਹਾਂ ਕੁ ਥਕਾ ਦਿੱਤਾ ਹੈ ਕਿ ਉਹ ਤਾਂ ਪਹਿਲਾਂ ਹੀ ਹੁਣ ਹੋਰਨਾਂ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਮੰਤਰੀਆਂ ਵਾਲੀਆਂ ਕੁਰਸੀਆਂ ਵੰਡ ਰਹੇ ਹਨ ਤੇ ਜਿੰਨ੍ਹਾਂ ਨੂੰ ਇਹ ਕੁਰਸੀਆਂ ਦੇ ਕੇ ਵੀ ਸ਼ਾਂਤ ਨਾ ਕੀਤਾ ਜਾ ਸਕਿਆ ਤਾਂ ਫਿਰ ਕੀ ਬਣੂ?
ਭਾਵੇਂ ਕਿ ਵਿਧਾਇਕਾਂ ਵਲੋਂ ਬਗਾਵਤੀ ਸੁਰ ਅਪਨਾਉਣ ਦੀ ਸ਼ੁਰੂਆਤ ਤਾਂ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਨੂੰ ਦਿਤੇ ਗਏ ਰਾਤ ਦੇ ਭੋਜਣ ਵਾਲੀ ਪਾਰਟੀ ‘ਚ ਹੀ ਹੋ ਗਈ ਸੀ, ਤੇ ਉੱਥੇ ਜੋ ਕੁਝ ਹੋਇਆ ਉਹ ਮੀਡੀਆ ਨੇ ਲੋਕਾਂ ਦੇ ਸਾਹਮਣੇ ਵੀ ਰੱਖ ਦਿੱਤਾ ਸੀ, ਪਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਵਖਤ ਨਾਰਾਜ਼ ਵਿਧਾਇਕਾਂ ਨੂੰ ਸ਼ਾਂਤ ਕਰਨ ਦੇ ਲਈ ਕੁਝ ਵਾਅਦੇ ਕੀਤੇ ਗਏ ਸਨ, ਦੋਸ਼ ਹੈ ਕਿ ਜਿਹੜੇ ਜਦੋਂ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਪੂਰੇ ਹੁੰਦੇ ਦਿਖਾਈ ਨਾ ਦਿੱਤੇ ਤਾਂ ਵਿਧਾਇਕਾਂ ਨੇ ਮੁੜ ਉਹ ਸੁਰ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਨਵਤੇਜ ਸਿੰਘ ਚੀਮਾਂ ਵਰਗੇ ਵਿਧਾਇਕ, ਮੁੱਖ ਮੰਤਰੀ ਵਲੋਂ ਉਨ੍ਹਾਂ ਦੇ ਆਪਣੇ ਹਲਕੇ ਸੁਲਤਾਨਪੁਰ ਲੋਧੀ ਵਿਖੇ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦੀ ਗਈ ਕੈਬਨਿਟ ਦੀ ਮੀਟਿੰਗ ‘ਚ ਵੀ ਸ਼ਾਮਲ ਨਹੀਂ ਹੋਏ।
ਇਸ ਵਿੱਚ ਆਖਿਰ ਕਿੰਨੀ ਕੁ ਸਚਾਈ ਹੈ ਇਹ ਹਾਲੇ ਅਧਿਕਾਰਤ ਤੌਰ ‘ਤੇ ਤਾਂ ਬਾਹਰ ਨਹੀਂ ਆ ਸਕਿਆ ਪਰ ਇੰਨਾਂ ਜ਼ਰੂਰ ਹੈ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਜਿਹੜੀ ਕੈਬਨਿਟ ਦੀ ਮੀਟਿੰਗ ਸੱਦੀ ਸੀ ਉਸ ਦੌਰਾਨ 6 ਵਿਧਾਇਕਾਂ ਨੂੰ ਮੰਤਰੀ ਬਣਾਉਣ ਦੇ ਫੈਸਲੇ ਨੇ ਇਹ ਗੱਲ ਜ਼ਰੂਰ ਸਪੱਸ਼ਟ ਕਰ ਦਿੱਤੀ, ਕਿ ਕੈਪਟਨ ਹੁਣ ਨਵਜੋਤ ਸਿੱਧੂ ਵਾਂਗ ਆਪਣਾ ਰੁਤਬਾ ਤੇ ਤਾਕਤ ਵਰਤਕੇ ਉੱਠੀ ਬਗਾਵਤ ਨੂੰ ਸ਼ਾਂਤ ਕਰਨ ਦਾ ਵਿਚਾਰ ਤਿਆਗ ਚੁੱਕੇ ਹਨ। ਜਾਂ ਇੰਝ ਕਹਿ ਲਓ ਕਿ ਦੋਸ਼ ਇਹ ਵੀ ਲੱਗ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਵਲੋਂ ਫੜੇ ਗਏ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਕੈਪਟਨ ਨੇ ਇੰਨੀ ਕੁ ਤਾਕਤ ਤੇ ਸਾਧਨਾ ਦੀ ਵਰਤੋਂ ਕਰ ਲਈ ਹੈ ਕਿ ਹੋਰਨਾ ਵਿਧਾਇਕਾਂ ਵਲੋਂ ਕੀਤੀ ਜਾ ਰਹੀ ਮੁਖਾਲਫਤ ਨੂੰ ਦਬਾਉਣ ਲਈ ਹੁਣ ਉਨ੍ਹਾਂ ਕੋਲ ਉਹ ਤਾਕਤ ਬਚੀ ਹੀ ਨਹੀਂ। ਲਿਹਾਜ਼ਾ ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ‘ਚੋਂ ਦਾਮ, ਯਾਨੀ ਲਾਲਚ, ਯਾਨੀ ਮੰਤਰੀ ਵਾਲੀਆਂ ਕੁਰਸੀਆਂ ਵੰਡੀਆਂ ਜਾਣ ਲਗ ਪਈਆਂ ਹਨ। ਅਜਿਹੇ ‘ਚ ਜਿੰਨ੍ਹਾਂ ਵਿਧਾਇਕਾਂ ਨੂੰ ਇਹ ਕੁਰਸੀਆਂ ਮਿਲ ਗਈਆਂ, ਉਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਹ ਸੋਚ ਕੇ ਰੌਲਾ ਪਾਈ ਜਾ ਰਹੇ ਨੇ ਕਿ ਸਾਨੂੰ ਕਿਹੜਾ ਕੋਈ ਮਹਿਕਮਾ ਮਿਲਿਆ ਹੈ, ਤੇ ਜਿੰਨ੍ਹਾਂ ਨੂੰ ਨਹੀਂ ਮਿਲਿਆ ਉਨ੍ਹਾਂ ਨੇ ਤਾਂ ਰੌਲਾ ਪਾਉਣਾ ਹੀ ਸੀ, ਕਿ ਅਸੀ ਰਹਿ ਗਏ। ਦੋਸ਼ ਇਹ ਵੀ ਹੈ ਇੰਨ੍ਹਾਂ ‘ਚੋਂ ਸਭ ਤੋਂ ਪਹਿਲਾਂ ਬਗਾਵਤੀ ਸੁਰ ਅਪਣਾਏ ਹਨ ਅਮਰਗੜ੍ਹ ਦੇ ਕਾਂਗਰਸ ਵਿਧਾਇਕ ਉਸ ਸੁਰਜੀਤ ਸਿੰਘ ਧੀਮਾਨ ਨੇ ਜਿੰਨ੍ਹਾਂ ਦੇ ਬਗਾਵਤੀ ਸੁਰਾਂ ਨੇ ਕਾਫੀ ਸ਼ੋਹਰਤ ਖੱਟ ਰੱਖੀ ਹੈ।
ਧੀਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕੈਬਨਿਟ ਰੈਂਕ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਕਬੂਲ ਨਹੀਂ ਕੀਤੀ ਕਿਉਂਕਿ ਮੰਤਰੀ ਵਾਲੇ ਇਹ ਅਹੁਦਿਆਂ ਦੀ ਕੋਈ ਬੁੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬਣ ਜਾਣਾ, ਕੋਠੀ ਕਾਰ ਤੇ ਸਟਾਫ ਲੈ ਲੈਣਾ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਧੀਮਾਨ ਅਨੁਸਾਰ ਅਜਿਹੇ ਅਹੁਦੇ ਲੈ ਕੇ ਵਿਧਾਇਕ ਬੰਨ੍ਹੇ ਜਾਂਦੇ ਹਨ, ਤੇ ਉਸ ਤੋਂ ਬਾਅਦ ਨਾਂ ਤਾਂ ਉਹ ਆਜ਼ਾਦ ਹੋ ਕੇ ਕੰਮ ਕਰ ਸਕਦੇ ਹਨ, ਤੇ ਨਾਂ ਹੀ ਉਨ੍ਹਾਂ ਕੋਲੇ ਕੋਈ ਤਾਕਤ ਹੁੰਦੀ ਹੈ। ਸੁਰਜੀਤ ਸਿੰਘ ਧੀਮਾਨ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੋਰ ਸਿਆਸੀ ਸਲਾਹਕਾਰ ਨਿਯੁਕਤ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਨ੍ਹਾਂ ਕੋਲ ਤਾਂ ਪਹਿਲਾਂ ਹੀ ਬਹੁਤ ਸਾਰੇ ਓਐਸਡੀ ਕੰਮ ਕਰ ਰਹੇ ਸਨ।
- Advertisement -
ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅੱਗੇ ਕਿਹਾ ਕਿ ਅਜਿਹੇ ‘ਚ ਕੰਮ ਕਰਨ ਦਾ ਕੋਈ ਮਜ਼ਾ ਨਹੀਂ, ਕਿਉਂਕਿ ਇੰਨ੍ਹਾਂ ਮੰਤਰੀਆਂ ਦੀ ਨਾਂ ਤਾਂ ਕੋਈ ਜ਼ਿੰਮੇਵਾਰੀ ਨਿਸਚਿਤ ਹੁੰਦੀ ਹੈ, ਤੇ ਨਾਂ ਹੀ ਇਹਨਾਂ ਕੋਲ ਫੈਸਲਾ ਲੈਣ ਦੀ ਕੋਈ ਸਮਰੱਥਾ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਉਹ ਕੈਪਟਨ ਦੇ ਸਾਥੀ ਹਨ ਤੇ ਰਹਿਣਗੇ । ਇਸਦੇ ਨਾਲ ਹੀ ਧੀਮਾਨ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ‘ਤੇ ਇੱਕ ਵਾਰ ਫਿਰ ਚੋਟ ਕਰਦਿਆਂ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਪਰ ਕਾਂਗਰਸ ਸਰਕਾਰ ਕੋਲ ਇੰਨ੍ਹਾਂ ‘ਤੇ ਕਾਬੂ ਪਾੳਣ ਲਈ ਨਾ ਤਾਂ ਕੋਈ ਠੋਸ ਨੀਤੀ ਹੈ ਤੇ ਨਾ ਕੋਈ ਨੀਅਤ। ਲੋਕ ਨਸ਼ਿਆਂ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਦੋੜ ਰਹੇ ਹਨ। ਰੋਜ਼ਗਾਰ ਮੇਲੇ ਉਮੀਦ ਅਨੁਸਾਰ ਨਤੀਜ਼ੇ ਨਹੀਂ ਦੇ ਰਹੇ। ਸੂਬੇ ਦੀ ਸਨਅਤਾਂ ਖਤਮ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਿਛਲੀ ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ‘ਤੇ ਇਹ ਦੋਸ਼ ਲਾਏ ਜਾਂਦੇ ਸਨ, ਕਿ ਪੰਜਾਬ ਦੀਆਂ ਸਨਅਤਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ ਤੇ ਇਸੇ ਕਰਕੇ ਗੋਬਿੰਦਗੜ੍ਹ ਅਤੇ ਬਟਾਲਾ ਵਰਗੇ ਸਨਅਤੀ ਸ਼ਹਿਰ ਖਾਲੀ ਹੋ ਗਏ ਹਨ।
ਇਹ ਤਾਂ ਸੀ ਵਿਧਾਇਕ ਸੁਰਜੀਤ ਧੀਮਾਨ ਦੀ ਗੱਲ ਜਿੰਨ੍ਹਾਂ ਨੇ ਕਈ ਵਾਰ ਪਹਿਲਾਂ ਵੀ ਬਗਾਵਤੀ ਸੁਰ ਅਪਣਾ ਕੇ ਕੈਪਟਨ ਸਰਕਾਰ ਨੂੰ ਮੁਸ਼ਕਿਲਾਂ ‘ਚ ਪਾਇਆ ਸੀ, ਪਰ ਸੂਤਰਾਂ ਅਨੁਸਾਰ ਇਸ ਤੋ ਇਲਾਵਾ ਸੂਬੇ ਅੰਦਰ ਹੋਰ ਬਹੁਤ ਸਾਰੇ ਕਾਂਗਰਸੀ ਵਿਧਾਇਕ ਅਜਿਹੇ ਹਨ ਜਿਹੜੇ ਕਿ ਮੰਤਰੀ ਵਾਲੀ ਕੁਰਸੀ ਲੈਣ ਲਈ ਚਾਹਵਾਨ ਦੱਸੇ ਜਾਂਦੇ ਹਨ। ਉਨ੍ਹਾਂ ਵਿਧਾਇਕਾਂ ਵਲੋਂ ਭਾਵੇਂ ਕਿ ਅਜੇ ਤੱਕ ਬਗਾਵਤੀ ਬਿਆਨ ਨਹੀਂ ਆਇਆ ਪਰ ਜਿਸ ਤਰ੍ਹਾ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਮਾਨ ਨੇ ਕੀਤੀ ਹੈ ਉਸ ਨੂੰ ਦੇਖਦਿਆਂ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਇਹ ਲੋਕ ਵੀ ਆਪਣੇ ਮਨਾਂ ਅੰਦਰ ਦੱਬੀ ਭੜਾਸ ਮੀਡੀਆ ਸਾਹਮਣੇ ਬਾਹਰ ਕੱਢਣਗੇ।
ਇੱਕ ਪਾਸੇ ਉਨ੍ਹਾਂ ਵਿਧਾਇਕਾਂ ਦੀ ਸੰਤੁਸ਼ਟੀ ਨਾ ਹੋਣਾ ਜਿੰਨ੍ਹਾਂ ਨੂੰ ਮੰਤਰੀ ਵਾਲੇ ਅਹੁਦੇ ਦਿੱਤੇ ਗਏ ਹਨ ਤੇ ਦੂਜੇ ਪਾਸੇ ਉਹ ਵਿਧਾਇਕਾਂ ਦੀ ਨਾਰਾਜ਼ਗੀ ਜਿੰਨ੍ਹਾਂ ਨੂੰ ਹਾਲੇ ਤੱਕ ਕੁਝ ਮਿਲਿਆ ਹੀ ਨਹੀਂ ਹੈ, ਇਹ ਸਭ ਕੈਪਟਨ ਅਮਰਿੰਦਰ ਸਿੰਘ ਲਈ ਉਸ ਸਮੇਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ, ਜਦੋਂ ਕਾਂਗਰਸ ਪਾਰਟੀ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲੜਣ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ ਅਜਿਹੇ ‘ਚ ਹੁਣ ਚਰਚਾ ਇਹ ਛਿੜ ਗਈ ਹੈ ਕਿ ਜਿਹੜੇ ਕੈਪਟਨ ਸਿੱਧੂ ਵਲੋਂ ਅਪਣਾਏ ਗਏ ਸੁਰਾਂ ਨੂੰ ਦਬਾਉਣ ਲਈ ਪਹਿਲਾਂ ਹੀ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਚੁੱਕੇ ਹਨ ਉਹ ਇਂਨ੍ਹਾਂ ਬਿਗਾਵਤਾਂ ਨੂੰ ਕਿੰਝ ਦਬਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
- Advertisement -