Home / Uncategorized / ਸ਼ਬਦ ਵਿਚਾਰ 90 – ਜਪੁ ਜੀ ਸਾਹਿਬ – ਪਉੜੀ 14

ਸ਼ਬਦ ਵਿਚਾਰ 90 – ਜਪੁ ਜੀ ਸਾਹਿਬ – ਪਉੜੀ 14

ਸ਼ਬਦ ਵਿਚਾਰ – 90

ਜਪੁ ਜੀ ਸਾਹਿਬਪਉੜੀ 14

ਡਾ. ਗੁਰਦੇਵ ਸਿੰਘ*

ਜਪੁਜੀ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਵਿੱਚ ਅੱਜ ਅਸੀਂ 14 ਵੀ ਪਉੜੀ ਦੀ ਵਿਚਾਰ ਕਰਾਂਗੇ ਇਸ ਪਉੜੀ ਵਿੱਚ ਗੁਰੂ ਸਾਹਿਬ ਮਨ ਦਾ ਨਾਮ ਵਿੱਚ ਪਤੀਜ ਜਾਣ ਦੀ ਬਰਕਤ ਉਪਦੇਸ਼ ਦੇ ਰਹੇ ਹਨ:

        ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥

        ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥

        ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

ਪਦ ਅਰਥਮਾਰਗਿ = ਮਾਰਗ ਵਿਚ, ਰਾਹ ਵਿਚ। ਠਾਕ = ਰੋਕ। ਠਾਕ ਨ ਪਾਇ = ਰੋਕ ਨਹੀਂ ਪੈਂਦੀ। ਪਤਿ ਸਿਉ = ਇੱਜ਼ਤ ਨਾਲ। ਪਰਗਟੁ = ਪਰਸਿੱਧ ਹੋ ਕੇ। ਮਗੁ ਪੰਥੁ: (ਪ੍ਰ:) ਸ਼ਬਦ ‘ਮਗੁ’ ਤੇ ‘ਪੰਥੁ’ ਦੇ ਅੰਤ ਵਿਚ (ੁ) ਕਿਉਂ ਹੈ? (ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ (ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ ‘ਲੰਮੇ ਸਮੇ’ ਜਾਂ ਲੰਮੇ ਪੈਂਡੇ’ ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ। ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ:  (1) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, ‘ਜੁਗੁ ਜੁਗੁ’ ਵੇਦਾ ਨਾਲੇ। (ਪਉੜੀ 20); (2) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ।; (3) ਸਾਵਣਿ ਵਰਸੁ ਅੰਮ੍ਰਿਤਿ ‘ਜਗੁ’ ਛਾਇਆ ਜੀਉ। (ਗਉੜੀ ਮਾਝ ਮ: 4); (4) ਬਾਵੈ ‘ਮਾਰਗੁ’ ਟੇਢਾ ਚਲਣਾ। ਸੀਧਾ ਛੋਡਿ ਅਪੂਠਾ ਬੁਨਨਾ।3। 29। 98। (ਗਾਉੜੀ ਗੁਆਰੇਰੀ ਮ:5); ਮਗੁ = ਮਾਰਗ, ਰਸਤਾ (ਸੰਸਕ੍ਰਿਤ ‘ ਤੋਂ ਪ੍ਰਾਕ੍ਰਿਤ ਸ਼ਬਦ ‘ਮੱਗ’ ਹੈ) । ਪੰਥੁ = ਰਸਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ‘ਮਾਰਗ’ (ਜਿਸ ਦੀ ਪ੍ਰਾਕ੍ਰਿਤ ਸ਼ਕਲ ‘ਮੱਗ’ ਹੈ) ਅਤੇ ‘ਪੰਥ’ ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ: (1) ‘ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ। ‘ (ਤੁਖਾਰੀ ਛੰਤ ਮ: 4); (2) ਮੁੰਧ ਨੈਣ ਭਰੇਦੀ, ਗੁਣ ਸਾਰੇਦੀ, ਕਿਉਂ ਪ੍ਰਭ ਮਿਲਾ ਪਿਆਰੇ। ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ। (ਤੁਖਾਰੀ ਮ: 1 ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ।

ਅਰਥਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ ‘ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) । ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14

ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਭ ਦੀਆਂ ਪਗ-ਡੰਡੀਆਂ ਉਸ ਨੂੰ ਕੁਰਾਹੇ ਨਹੀਂ ਪਾ ਸਕਦੀਆਂ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 15ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Check Also

ਸ਼ਬਦ ਵਿਚਾਰ 168 -ਵਾਰ ਮਾਝ : ਦੂਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ …

Leave a Reply

Your email address will not be published.