Home / ਓਪੀਨੀਅਨ / ਡੰਡਾ ਵੀ ਸਾਡਾ, ਝੰਡਾ ਵੀ ਸਾਡਾ

ਡੰਡਾ ਵੀ ਸਾਡਾ, ਝੰਡਾ ਵੀ ਸਾਡਾ

-ਸੰਜੀਵਨ ਸਿੰਘ

ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈਂ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਿਤੇ ਨਾ ਕਿਤੇ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀ ਵਿਚ ਇਕ ਅੱਧੀ ਵਾਰ ਵੀ ਉਠਦਾ ਹੈ।

ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ। ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ। ਸੈਕੜਿਆਂ ਸਾਲਾਂ ਬਾਅਦ ਸੱਤਾ ਪ੍ਰਾਪਤੀ, ਉਹ ਵੀ ਪੂਰਣ ਬੁਹਮੱਤ ਨਾਲ। ਦੌਲਤ, ਸ਼ੋਹਰਤ ਤੇ ਸੱਤਾ ਪਚਾਉਣੀ ਜਣੇ-ਖਣੇ ਦੇ ਵੱਸ ਦਾ ਕੰਮ ਨਹੀਂ।

ਜਿਵੇਂ ਵਿਆਹ ਵਿਚ ਬਰਾਤੀ ਖੌਰੂ ਪਾਉਂਦੇ ਨੇ, ਬੱਕਰੇ ਬੁਲਾਉਂਦੇ ਨੇ। ਇਵੇਂ ਹੀ ਸੱਤਾ ਦਾ ਨਸ਼ਾ ਹਾਕਿਮ ਨੂੰ ਖ਼ਰਮਸਤੀਆਂ ਕਰਨ ਲਾ ਦਿੰਦਾ ਹੈ। ਪਰ ਨਾ ਤਾਂ ਬਰਾਤੀਆਂ ਨੂੰ ਪਤਾ ਹੁੰਦਾ ਹੈ, ਬਰਾਤ ਕਦੇ ਵੀ ਪਿੰਡ ਤੋਂ ਵੱਡੀ ਨਹੀਂ ਹੁੰਦੀ। ਨਾ ਹੀ ਸੱਤਾ ਵਿਚ ਮਦਮਸਤ ਹਾਕਿਮ ਨੂੰ ਅਹਿਸਾਸ ਹੁੰਦਾ ਹੈ, ਸੱਤਾ ਦੀ ਤਾਕਤ ਕਦੇ ਵੀ ਲੋਕਾਂ ਦੀ ਸ਼ਕਤੀ ਤੋਂ ਸ਼ਕਤੀਸ਼ਾਲੀ ਨਹੀਂ ਹੁੰਦੀ। ਇਹ ਸ਼ਕਤੀ ਲੋਕਾਂ ਦੁਆਰਾ ਹੀ ਮਿਲੀ ਹੁੰਦੀ ਹੈ। ਜਿਵੇਂ ਧਰਤੀ ਬਲਦ ਦੇ ਸਿੰਗਾਂ ਉਪਰ ਟਿੱਕੀ ਹੋਈ ਹੈ (ਕਹਿੰਦੇ ਨੇ), ਉਂਵੇ ਹੀ ਕੁਰਸੀ ਦੇ ਪਾਵੇ ਅਵਾਮ ਦੇ ਸਬਰ-ਸੰਤੋਖ ਉਪਰ ਟਿੱਕੇ ਹੁੰਦੇ ਨੇ। ਜਦ ਬਲਦ ਨੇ ਸਿੰਗ ਹਿਲਾਏ, ਧਰਤੀ ਉਪਰ ਪਰਲੋਅ ਆ ਜਾਂਦੀ ਹੈ, ਅਵਾਮ ਦੇ ਸਬਰ ਤੇ ਸਹਿਣਸ਼ਕਤੀ ਦਾ ਬੰਨ੍ਹ ਟੁੱਟਣ ’ਤੇ ਕੁਰਸੀ ਡਾਵਾਂ-ਡੋਲ ਹੋ ਜਾਂਦੇ ਹਨ।

ਪਹਿਲੀ ਨਜ਼ਰੇ ਤਾਂ ਇਹ ਤਿੰਨੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਲੱਗ ਰਹੇ ਨੇ ਜਾਂ ਜੋ ਤਬਕੇ ਖੇਤੀ ਨਾਲ ਜੁੜੇ ਹਨ ਉਹਨਾਂ ਲਈ ਨੁਕਸਾਨਦਾਇਕ ਪਰ ਇਹ ਵਰਤਾਰਾ ਇਨਸਾਨ ਵਿਰੋਧੀ ਹੈ। ਕਿਸਾਨ ਦੇ ਨਾਲ-ਨਾਲ ਇਹ ਇਨਸਾਨ ਦੇ ਲਈ ਵੀ ਮਾਰੂ ਹੈ। ਪ੍ਰਚਾਰਿਆ ਜਾ ਰਿਹਾ ਹੈ, ਕਿਸਾਨਾ ਦੀ ਆਮਦਨ ਦੁੱਗਣੀ ਹੋ ਜਾਵਗੀ, ਜੱਟ ਖੁਸ਼ਹਾਲ ਹੋ ਜਾਵੇਗਾ।
ਇਹ ਆਪਾਂ ਕਦੇ ਸੋਚਿਆਂ ਹੀ ਨਹੀਂ, ਫਸਲ ਦੀ ਕੀਮਤ ਵਿਚ ਬੇਤਹਾਸ਼ਾ ਵਾਧਾ, ਗਰੀਬ ਅਤੇ ਥੁੜਾਂ ਮਾਰੇ ਤਬਕੇ ਨੂੰ ਪ੍ਰੇਸ਼ਾਨ ਕਰੂੰ। ਸਾਡੇ ਮੁਲਕ ਵਿਚ ਅੱਸੀ-ਪਚਾਸੀ ਪ੍ਰਤੀਸ਼ਤ ਆਬਾਦੀ ਤੰਗ-ਦਸਤੀ ਤੇ ਮੰਦਹਾਲੀ ਵਿਚ ਗੁਜ਼ਾਰਾ ਕਰਦੀ ਹੈ।ਕੰਗਾਲੀ ਤੇ ਦੁਸ਼ਵਾਰੀਆਂ ਵਿਚ ਵੀ ਜੰਮਦੀ ਹੈ, ਪਲਦੀ ਹੈ ਤੇ ਗ਼ੁਰਬਤ ਵਿਚ ਹੀ ਜਹਾਨੋ ਕੂਚ ਕਰ ਜਾਂਦੀ ਹੈ। ਫਸਲਾਂ ਦੀਆਂ ਕੀਮਤਾਂ ਵੱਧਣ ਨਾਲੋਂ ਲਾਗਤ ਘਟਣੀ ਚਾਹੀਦੀ ਹੈ। ਡੀਜ਼ਲ, ਖਾਦ, ਖੇਤੀ ਦੇ ਸੰਦ, ਬੀਜ, ਕੀਟਨਾਸ਼ਕ ਆਦਿ ਉਪਰ ਬਾਜ਼ਾਰੀ ਕੀਮਤ ਨਾਲੋਂ ਘੱਟੋ-ਘੱਟ 80% ਸਬਸਿਡੀ ਮਿਲਣੀ ਚਾਹੀਦੀ ਹੈ। ਜੋ ਕਿਸਾਨਾ ਦੇ ਨਾਲ-ਨਾਲ ਗਰੀਬ-ਗੁਰਬੇ ਲਈ ਫਾਇਦੇਮੰਦ ਹੋਵੇਗਾ। ਜਿਹੜੇ ਮੁਲਕ ਸਾਡੇ ਉਪਰ ਖੇਤੀ ਖੇਤਰ ਵਿਚ ਸਬਸਿਡੀਆਂ ਖਤਮ ਕਰਨ ਦਾ ਦਬਾਅ ਬਣਾ ਰਹੇ ਹਨ, ਉਹ ਵੀ ਆਪਣੇ ਕਿਸਾਨ ਨੂੰ ਸਬਸਿਡੀਆ ਮੁੜ ਦੇਣ ਲੱਗ ਪਏ ਹਨ।

ਤਪੇ-ਤੰਦੂਰ ਉਪਰ ਰੋਟੀ ਸੇਕਣ ਦੀ ਹਰ ਕਿਸੇ ਦੀ ਇੱਛਾ ਹੁੰਦੀ ਹੈ। ਜਦ ਕਾਲੇ ਕਾਨੂੰਨ ਦੇ ਵਿਰੋਧ ਵਿਚ ਲੋਕਾਂ ਵਿਦਰੋਹ ਤੇ ਕਹਿਰ ਦਾ ਤੰਦੂਰ ਪੂਰੀ ਤਰ੍ਹਾਂ ਭਖਿਆ ਹੋਵੇ, ਲਾਟਾ ਛੱਡ ਰਿਹਾ ਹੋਵੇ, ਫੇਰ ਹਰ ਰੰਗ ਦੇ ਰਾਜੀਨਿਤਕ ਮਿੱਤਰਾਂ ਦੀ ਫੁੱਲਕੇ ਸੇਕਣ ਦੀ ਚਾਹਤ ਕੁਦਰਤੀ ਹੈ। ਉਹ ਵੀ ਜਦ, ਜਦ ਤਪੇ ਤੰਦੂਰ ਵਿਚੋਂ ਸੱਤਾ ਪ੍ਰਾਪਤੀ ਦੀਆ ਲਪਟਾਂ ਨਜ਼ਰ ਆ ਰਹੀਆਂ ਹੋਣ। ਪਰ ਮਿੱਤਰੋਂ ਧਿਆਨ ਰੱਖਿਓ, ਕਿਤੇ ਹੱਥਾਂ ਨਾਲ ਦੇ ਨਾਲ-ਨਾਲ ਮੂੰਹ-ਸਿਰ ਵੀ ਨਾ ਝੁੱਲਸਿਆ ਜਾਵੇ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।

ਕਿਸਾਨ/ਇਨਸਾਨ ਵਿਰੋਧੀ ਇਸ ਕਾਰੇ ਵਿਰੁੱਧ ਗਾਇਕ ਕਲਾਕਾਰ ਵੀ ਸ਼ਮੂਲੀਅਤ ਕਰ ਰਹੇ ਹਨ, ਚੰਗੀ ਗੱਲ ਹੈ। ਆਮ ਤੌਰ ’ਤੇ ਲੋਕਾਂ, ਖਾਸ ਤੌਰ ’ਤੇ ਜੱਟਾਂ ਦੀ ਬਦੌਲਤ ਸ਼ੋਹਰਤ ਤੇ ਦੌਲਤ ਪ੍ਰਾਪਤ ਕਰਨ ਵਾਲਿਆਂ ਦਾ ਇਹ ਫਰਜ਼ ਵੀ ਹੈ। ਸਮਾਜ ਦਾ ਵੱਡਾ ਵਰਗ ਖਾਸ ਕਰਕੇ ਨੌਜਵਾਨ ਇਹਨਾਂ ਤੋਂ ਚੰਗੇ/ਮਾੜੇ ਤਰੀਕੇ ਨਾਲ ਪ੍ਰਭਵਿਤ ਵੀ ਹੁੰਦੇ ਹਨ। ਪਰ ਕਈ ਵਾਰ ਕੁੱਝ ਗਾਇਕ ਕਲਾਕਾਰ ਦੀ ਮੀਡੀਆ ਵਿਚ ਗੱਲਬਾਤ ਤੋਂ ਇਸ ਤਰ੍ਹਾਂ ਦਾ ਪ੍ਰਭਾਵ ਵੀ ਪੈਂਦਾ ਹੈ ਕਿ ਇਨ੍ਹਾਂ ਦੀ ਸ਼ਮੂਲੀਅਤ ਕਿਤੇ ਇਨ੍ਹਾਂ ਦੀ ਪੇਸ਼ਾਵਰ ਮਜਬੂਰੀ ਤਾਂ ਨਹੀਂ, ਕਿਤੇ ਕਿਸਾਨਾਂ ਦੀ ਖੁਸ਼ਹਾਲੀ ਇਨ੍ਹਾਂ ਦੀ ਗਾਇਕੀ (ਚਾਹੇ ਜਿਹੋ-ਜਿਹੀ ਵੀ ਹੋਵੇ) ਦਾ ਧੁਰਾ/ਅਧਾਰ ਤਾਂ ਨਹੀਂ।

ਕਮਾਲ ਦੀ ਗੱਲ ਤਾਂ ਇਹ ਹੈ, ਜਿਹੜੇ ਗਾਇਕਾਂ-ਗੀਤਕਾਰਾਂ ਨੇ ਆਪਣੇ ਗੀਤਾਂ ਵਿਚ ਜੱਟ ਦੇ ਕਿਰਦਾਰ ਦਾ ਨਾਸ਼ ਮਾਰਨ ਵਿਚ ਕਦੇ ਕੋਈ ਕਸਰ ਨਹੀਂ ਛੱਡੀ, ਜੱਟ ਨੂੰ ਸਿਰੇ ਦਾ ਵੈਲੀ, ਨਸ਼ੇੜੀ, ਪੰਗੇਬਾਜ਼ ਤੇ ਕੁੜੀਆਂ ਨੂੰ ਸ਼ਰੇਆਮ ਹਿੱਕ ਦੇ ਜ਼ੋਰ ਨਾਲ ਚੱਕ ਕੇ ਲੈ ਜਾਣ ਵਾਲਾ ਹੋਰ ਪਤਾ ਨੀ ਕੀ ਕੀ ਗਰਦਾਨਣ ਵਿਚ ਕਦੇ ਕੋਈ ਕਸਰ ਨਹੀਂ ਛੱਡੀ। ਉਹ ਵੀ ਹੁਣ ਇਕ-ਦੂਜੇ ਦੇ ਪੈਰ ਮਿੱਧਕੇ, ਮੂਹਰੇ ਹੋ ਹੋ ਕਿਸਾਨ ਹਿਤੈਸ਼ੀ ਹੋਣ ਦਾ ਦਮ ਭਰ ਰਹੇ ਹਨ।

ਰਾਜਨੀਤੀਕ ਧਿਰਾਂ (ਕੁੱਝ ਕੁ ਨੂੰ ਛੱਡ ਕੇ) ਦਾ ਮੁੱਖ ਤੇ ਅੰਤਿਮ ਟੀਚਾ ਸੱਤਾ ਪ੍ਰਾਪਤੀ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ। ਸੱਤਾ ਪ੍ਰਾਪਤੀ ਦੀ ਪਹਿਲੀ ਸ਼ਰਤ ਚੋਣ ਲੜਨਾ ਹੈ, ਚੋਣ ਲੜਣ ਲਈ ਮਾਇਆ ਦੀ ਲੋੜ ਹੁੰਦੀ ਹੈ, ਵੋਟਰ ਭਗਵਾਨ ਨੂੰ ਨਕਦ-ਨਰਾਇਣ ਚੜਾਉਣ ਲਈ, ਸੋਮਰਸ ਨਾਲ ਮਦਮਸਤ ਕਰਨ ਲਈ, ਵਗੈਰਾ-ਵਗੈਰਾ। ਜਨਤਾ-ਜਨਾਰਦਨ ਤਾਂ ਵੋਟ ਦੇ ਸਕਦੀ ਹੈ ਪਰ ਧਨ ਦੀ ਪੂਰਤੀ ਹੁੰਦੀ ਹੈ ਵੱਡੇ-ਵੱਡੇ ਅਮੀਰ ਘਰਾਣਿਆਂ ਤੋਂ, ਹਰ ਕਿਸਮ ਦੇ ਮਾਫੀਆ ਤੋਂ, ਕਾਰੋਪੋਰੇਟ ਸੈਕਟਰ ਤੋਂ। ਸੱਤਾ ’ਤੇ ਕਾਬਿਜ਼ ਹੋਣ ਤੋਂ ਬਾਅਦ ਉਹਨਾਂ ਦੇ ਪੱਖ ਤੇ ਹੱਕ ਦੀ ਗੱਲ ਵੀ ਕਰਨੀ ਪਊ। ਉਨ੍ਹਾਂ ਦੇ ਵਪਾਰਕ ਹਿੱਤਾਂ ਦਾ ਖ਼ਿਆਲ ਵੀ ਰੱਖਣਾ ਪਊ।

ਪਰ ਜੇ ਸਿਆਸੀ ਦੋਸਤ, ਲੋਕਾਈ ਦੀ ਗੱਲ ਕਰਨ, ਲੋਕਾਂ ਦੇ ਮਸਲੇ ਹੱਲ ਕਰਨ, ਅਵਾਮ ਦੇ ਦੁੱਖ-ਦਰਦਾਂ ਨੂੰ ਸਮਝਣ ਤੇ ਦੂਰ ਕਰਨ ਤਾਂ ਰਾਜਨੀਤਿਕ ਦੋਸਤਾਂ ਨੂੰ ਸੱਤਾ ਪ੍ਰਾਪਤੀ ਲਈ ਇੰਨੇ ਪਾਪੜ ਹੀ ਨਾ ਵੇਲਣੇ ਪੈਣ, ਆਪਣੀ ਜ਼ਮੀਰ ਤੇ ਮੁਲਕ ਦਾ ਸੌਦਾ ਹੀ ਨਾ ਕਰਨਾ ਪਵੇ। ਲੋਕਾਂ ਨੇ ਤਾਂ ਸੱਤਾ ਇਨ੍ਹਾਂ ਨੂੰ ਮੁਫਤੋ-ਮੁਫਤੀ ਹੀ ਦੇ ਦੇਣੀ ਹੈ।ਹਿੰਗ ਲਗੇ ਨਾ ਫਟਕੜੀ, ਰੰਗ ਚੌਖਾ।

ਇਕ ਈਸਟ ਇੰਡੀਆਂ ਕੰਪਨੀ ਦੀ ਜਕੜ ਤੇ ਪਕੜ ਤੋਂ ਖਹਿੜਾ ਛਡਵਾਉਣ ਲਈ ਦੋ ਸੌ ਸਾਲ ਲੱਗ ਗਏ, ਉਹ ਵੀ ਅਨੇਕਾਂ ਸੂਰਬੀਰਾਂ, ਦੇਸ਼ ਭਗਤਾਂ ਤੇ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਨ ਤੋਂ ਬਾਅਦ। ਹੁਣ ਜਿਸ ਹਿਸਾਬ ਨਾਲ ਦੇਸੀ/ਵਿਦੇਸੀ ਕਾਰਪੋਰੇਟ ਸੈਕਟਰਾਂ ਦੀ ਧਾੜਾਂ ਦੀਆਂ ਧਾੜਾਂ ਤੁਰੀਆਂ ਆ ਰਹੀਆ ਨੇ, ਉਹਨਾਂ ਦਾ ਮਨਸੂਬਾ ਸਾਡੀ ਸਮਾਜਿਕ ਤਾਣੇ-ਬਾਣੇ, ਆਰਥਿਕਤਾ, ਵਿਰਸੇ, ਭਾਸ਼ਾ, ਸਭਿਆਚਾਰ ਨੂੰ ਦੋ ਹਜ਼ਾਰ ਸਾਲ ਆਪਣੀ ਜਕੜ ਵਿਚ ਜਕੜਣ ਦਾ ਲੱਗ ਰਿਹਾ ਹੈ।

ਹੈ ਤਾਂ ਇਹ ਨਾਮੁਕਿਨ ਪਰ ਫੇਰ ਵੀ ਸਾਨੂੰ ਆਪਣੀਆਂ ਸਰਹੱਦਾਂ ਉਪਰ ਦੁਸ਼ਮਣਾ ਦੇ ਨਾਲ-ਨਾਲ ਦੇਸ ਵਿਚਲੇ ਅੰਦੂਰਨੀ ਦੁਸ਼ਮਣਾਂ ਨਾਲ ਵੀ ਦਲੇਰੀ ਨਾਲ ਇਕ-ਜੁੱਟ ਤੇ ਇਕ-ਮੁੱਠ ਹੋ ਕੇ ਹੱਥਾਂ ਦੇ ਹਥੌੜੇ ਬਣਾ ਕੇ ਸਖ਼ਤੀ ਸਿੱਜਣਾ ਪਵੇਗਾ।

ਕਿਸਾਨ/ਇਨਸਾਨ ਵਿਰੋਧੀ ਕਾਲੇ ਕਾਨੂੰਨ ਦੀ ਮੁਖ਼ਾਲਫ਼ਤ ਦੌਰਾਨ ਲੋਕਾਈ ਦੇ ਤਿੱਖੇ ਤੇ ਬਾਗੀ ਤੇਵਰਾਂ ਤੋਂ ਪਹਿਲਾਂ ਸਿਆਸੀ ਮਿੱਤਰ-ਪਿਆਰੇ ਪਹਿਲਾਂ ਸਾਨੂੰ ਸਿਰਫ ਡੰਡੇ ਸਮਝਦੇ ਸਨ। ਡੰਡਿਆਂ ਵਿਚ ਝੰਡਾ ਜਿਹੜੇ ਮਰਜ਼ੀ ਰੰਗ ਦਾ ਪਾ ਲੈਂਦੇ। ਪਰ ਹੁਣ ਡੰਡਾ ਵੀ ਸਾਡਾ ਹੋਵੇਗਾ ਤੇ ਝੰਡਾ ਵੀ, ਬਸ਼ਰਤੇ ਲੋਕ ਵਿਦਰੋਹ ਤੇ ਕਹਿਰ ਦੇ ਰਹਿਨੁਮਾ ਕਿਸੇ ਭੁਚਲਾਵੇ ਵਿਚ ਨਾ ਆਉਣ, ਕਿਸੇ ਬਹਿਕਾਵੇ ਵਿਚ ਨਾ ਆਉਣ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.