ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਭਾਰਤ ਵਿੱਚ ਸਿੱਖਾਂ ਦੇ ਮਹਿਫੂਜ਼ ਨਾ ਹੋਣ ਬਾਰੇ ਕੀਤੀ ਟਿੱਪਣੀ ਉਪਰ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਅਕਾਲੀਆਂ ‘ਤੇ ਕੇਂਦਰ ਦੇ ਸੱਤਾਧਾਰੀ ਗੱਠਜੋੜ ਨਾਲ ਆਪਣੇ ਸਾਰੇ ਨਾਤੇ ਤੋੜ ਲੈਣ ਲਈ ਦਬਾਅ ਪਾਇਆ ਜਾਵੇ ਕਿਉਂਕਿ ਮੁਲਕ ਵਿੱਚ ਘੱਟ-ਗਿਣਤੀਆਂ ਦਰਮਿਆਨ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਵਿੱਚ ਕੇਂਦਰ ਸਰਕਾਰ ਨਾਕਾਮ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਇਸ ਕਥਨ ਨਾਲ ਸਹਿਮਤ ਨਹੀਂ ਹਨ ਕਿ ਭਾਰਤ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ ਪਰ ਜੇਕਰ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਕੋਲ ਉਠਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਸਾਹਿਬ ਅਕਾਲੀਆਂ ਨੂੰ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਾਲੋਂ ਗੱਠਜੋੜ ਦਾ ਸਬੰਧ ਤੋੜਣ ਲਈ ਕਹਿਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਉਲਟ ਭਾਰਤ ਨੂੰ ਹਮੇਸ਼ਾ ਹੀ ਇਕ ਨਿਰਪੱਖ ਰਾਸ਼ਟਰ ਹੋਣ ਦਾ ਮਾਣ ਰਿਹਾ ਹੈ ਅਤੇ ਇੱਥੇ ਧਾਰਮਿਕ ਆਧਾਰ ‘ਤੇ ਕੋਈ ਵਿਤਕਰੇਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਦੇ ਮਨਾਂ ਵਿੱਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਉਹ ਇੱਥੇ ਸੁਰੱਖਿਅਤ ਨਹੀਂ ਹਨ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਇਸ ਮੁਲਕ ਵਿੱਚ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ, ਤਾਂ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਿਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਪਣੇ ਆਪ ਨੂੰ ਸਿੱਖ ਧਰਮ ਅਤੇ ਭਾਈਚਾਰੇ ਦੇ ਹਿੱਤਾਂ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਹਨ ਤਾਂ ਇਨ੍ਹਾਂ ਨੂੰ ਇਸ ਮਸਲੇ ‘ਤੇ ਸਟੈਂਡ ਲੈਣਾ ਚਾਹੀਦਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਧਰ-ਉਧਰ ਵਾਪਰਦੀਆਂ ਕੁਝ ਘਟਨਾਵਾਂ ਤੋਂ ਭਾਵੇਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਭਾਰਤ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ ਪਰ ਧਾਰਨਾ ਦਾ ਮਹੱਤਵ ਵੀ ਹਕੀਕਤ ਜਿੰਨਾ ਹੀ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ 1980ਵੇਂ ਵਿੱਚ ਸਿੱਖ ਬਹੁਤ ਕਾਲੇ ਦੌਰ ਵਿੱਚੋਂ ਗੁਜ਼ਰੇ ਹਨ ਅਤੇ ਇਸ ਤਰ੍ਹਾਂ ਦਾ ਕੋਈ ਵੀ ਅਹਿਸਾਸ ਉਨ੍ਹਾਂ ਵਿੱਚ ਮੁੜ ਡਰ ਦੀ ਭਾਵਨਾ ਪੈਦਾ ਕਰੇਗਾ ਜੋ ਭਾਈਚਾਰੇ ਦੇ ਹਿੱਤਾਂ ਦੇ ਨਾਲ-ਨਾਲ ਮੁਲਕ ਲਈ ਘਾਤਕ ਸਿੱਧ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਬਹੁ-ਗਿਣਤੀ ਵਾਲੇ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਾ ਸਿਰਫ ਪੰਜਾਬ ਵਿੱਚ ਸਗੋਂ ਦੂਜੇ ਸੂਬਿਆਂ ਵਿੱਚ ਵੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਨੇ ਜਿੱਥੇ ਕਿਤੇ ਵੀ ਸਿੱਖਾਂ ਨੂੰ ਕੋਈ ਦੁੱਖ-ਤਕਲੀਫ ਪਹੁੰਚੀ ਤਾਂ ਉਨ੍ਹਾਂ ਮਾਮਲਿਆਂ ਵਿੱਚ ਦਿੱਤੇ ਨਿੱਜੀ ਦਖ਼ਲ ਨੂੰ ਵੀ ਚੇਤੇ ਕੀਤਾ।
ਨਾਗਰਿਕਤਾ ਸੋਧ ਐਕਟ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਖੰਡਪੁਣੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਆਖਿਆ ਕਿ ਉਹ ਅਜਿਹੇ ਮਾਮਲਿਆਂ ‘ਤੇ ਦੂਹਰੀ ਖੇਡ ਖੇਡਣ ਦੀ ਬਜਾਏ ਭਾਰਤ ਵਿੱਚ ਘੱਟ-ਗਿਣਤੀਆਂ ਨਾਲ ਸਬੰਧਤ ਮਾਮਲਿਆਂ ‘ਤੇ ਸਪੱਸ਼ਟ ਸਟੈਂਡ ਲੈਣ। ਉਨ੍ਹਾਂ ਕਿਹਾ ਕਿ ਇਹ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਕੇਂਦਰ ਵਿੱਚ ਗੱਠਜੋੜ ਦਾ ਹਿੱਸਾ ਬਣੇ ਰਹਿਣਾ ਜਾਰੀ ਨਹੀਂ ਰੱਖ ਸਕਦੇ ਕਿਉਂ ਜੋ ਕੇਂਦਰ ਸਰਕਾਰ ਮੁਲਕ ਵਿੱਚ ਘੱਟ-ਗਿਣਤੀਆਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ ਪਰ ਫਿਰ ਵੀ ਇਨ੍ਹਾਂ ਘੱਟ-ਗਿਣਤੀਆਂ ਦੇ ਰਾਖੇ ਹੋਣ ਦਾ ਦਾਅਵਾ ਕਰਦੇ ਹਨ।
Tags aam aadmi party aam aadmi party punjab amrarinder singh raja Captain Amarinder Singh Parkash Singh Badal politics Punjab government punjab police Sukhbir Badal
Check Also
ਸਰਕਾਰੀ ਡਾਇਰੀ ‘ਤੇ ਮੁੱਖ ਮੰਤਰੀ ਮਾਨ ਦੀ ਲੱਗੀ ਫੋਟੋ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ
ਚੰਡੀਗੜ੍ਹ: ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ‘ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ …