ਸ੍ਰੀ ਮੁਕਤਸਰ ਸਾਹਿਬ: ਪੰਜਾਬ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਤੇ ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦੇ ਹੋਏ ਜ਼ਿਲ੍ਹਾ ਮੰਡੀ ਗਿੱਦੜਬਾਹਾ ਨੂੰ 30 ਜੂਨ ਤੱਕ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਦਸ ਦਈਏ ਗਿੱਦੜਬਾਹਾ ‘ਚ ਇੱਕ ਹੀ ਪਰਿਵਾਰ ਦੇ ਅੱਠ ਮੈਬਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਉੱਥੇ ਹੀ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੇ ਆਦੇਸ਼ਾਂ ‘ਤੇ ਗਿੱਦੜਬਾਹਾ 26 ਜੂਨ ਦੁਪਹਿਰ 12 ਵਜੇ ਤੋਂ ਲੈ ਕੇ 30 ਜੂਨ ਨੂੰ ਸਵੇਰੇ 5 ਵਜੇ ਤੱਕ ਮੁਕੰਮਲ ਲਾਕਡਾਊਨ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਿੱਦੜਬਾਹਾ ਦੇ ਐਸਡੀਐਮ ਨੇ ਦੱਸਿਆ ਕਿ ਗਿੱਦੜਬਾਹਾ ‘ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਕਾਰਨ ਸਾਵਧਾਨੀ ਦੇ ਤੌਰ ‘ਤੇ ਲਾਕਡਾਊਨ ਕੀਤਾ ਗਿਆ ਹੈ ਤਾਂਕਿ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਐਮਰਜੈਂਸੀ, ਦੁੱਧ ਦੀ ਸਪਲਾਈ ਅਤੇ ਆਰਓ ਪਾਣੀ ਵਾਲੇ ਆਪਣੀ ਸੇਵਾਵਾਂ ਦੇ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇੱਕ ਹੀ ਪਰਿਵਾਰ ਦੇ ਅੱਠ ਮੈਬਰਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਨਾਲ ਸੁਭਾਸ਼ ਨਗਰ ਦੀ ਗਲੀ ਨੰਬਰ 3 ਅਤੇ 4 ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ।