ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਵਿੱਚ 17 ਸਾਲਾ ਲੜਕੇ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ

TeamGlobalPunjab
3 Min Read

ਜਲੰਧਰ: ਸੋਮਵਾਰ ਸ਼ਾਮ ਛਾਉਣੀ ਖੇਤਰ ਵਿੱਚ ਲਾਲ ਕੁਰਤੀ ਮਾਰਕੀਟ ਵਿਚ ਹੋਏ 17 ਸਾਲਾ ਲੜਕੇ ਦੇ ਕਤਲ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਉਂਦਿਆਂ ਮੰਗਲਵਾਰ ਨੂੰ ਇਸ ਕੇਸ ਵਿੱਚ ਮ੍ਰਿਤਕ ਦੇ ਨਾਬਾਲਿਗ ਦੋਸਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਛਾਉਣੀ ਪੁਲਿਸ ਵੱਲੋਂ ਅਸ਼ੋਕ ਕੁਮਾਰ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 302, 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੋਤਾ ਅਰਮਾਨ ਛਾਉਣੀ ਵਿਖੇ ਸਥਾਨਕ ਕੇਵੀ -4 ਵਿਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਦਾ ਪਿਤਾ ਫਰਾਂਸ ਸਥਿਤ ਐਨਆਰਆਈ ਹੈ ਅਤੇ ਧੀ ਨਾਲ ਮਾਂ ਹਿਮਾਚਲ ਪ੍ਰਦੇਸ਼ ਗਈ ਹੋਈ ਸੀ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸ਼ੋਕ ਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਦੀ ਸ਼ਾਮ ਨੂੰ ਅਰਮਾਨ ਨੂੰ ਆਪਣੇ ਘਰ ਮਿਲਣ ਗਿਆ ਤਾਂ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਚਿਹਰੇ ਅਤੇ ਸਿਰ ‘ਤੇ ਡੂੰਘੀਆਂ ਸੱਟਾਂ ਸਨ।

ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਜਾਣਕਾਰੀ ਮਿਲਣ ‘ਤੇ ਡੀਸੀਪੀ ਬਲਕਾਰ ਸਿੰਘ, ਏਡੀਸੀਪੀ ਅਸ਼ਵਨੀ ਕੁਮਾਰ, ਏਸੀਪੀ ਮੇਜਰ ਸਿੰਘ, ਏਸੀਪੀ ਕੰਵਲਜੀਤ ਸਿੰਘ, ਸੀਆਈਏ ਦੇ ਮੁਖੀ ਹਰਮਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਕੇਸ ਵਿੱਚ ਵਿਸਥਾਰਤ ਪੜਤਾਲ ਕੀਤੀ ਅਤੇ ਇਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ, ਜੋ ਅਰਮਾਨ ਦਾ ਦੋਸਤ ਹੈ।

- Advertisement -

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਅਰਮਾਨ ਅਤੇ ਮੁਲਜ਼ਮ ਦੋਵੇਂ ਪਹਿਲਾਂ ਇਕੱਠੇ ਪੜ੍ਹਦੇ ਸਨ ਅਤੇ ਮ੍ਰਿਤਕ ਦੀ ਇਕ ਲੜਕੀ ਨਾਲ ਦੋਸਤੀ ਸੀ, ਜਿਹੜੀ ਕਿ ਨਾਬਾਲਿਗ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੀ ਇਸ ਲੜਕੀ ਪ੍ਰਤੀ ਭਾਵਨਾਵਾਂ ਰੱਖਦਾ ਸੀ, ਜਿਸ ਕਾਰਨ ਉਹ ਮ੍ਰਿਤਕ ਤੋਂ ਈਰਖਾ ਕਰਦਾ ਸੀ ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਅਰਮਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਯੋਜਨਾਬੱਧ ਤਰੀਕੇ ਨਾਲ ਜੁਰਮ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਮ੍ਰਿਤਕ ਦੇ ਸਿਰ ਅਤੇ ਚਿਹਰੇ ‘ਤੇ ਕ੍ਰਿਕਟ ਬੈਟ ਨਾਲ ਹਮਲਾ ਕੀਤਾ ਅਤੇ ਉਸ ਦਾ ਗਲ਼ ਘੁੱਟਿਆ।

ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਇਸ ਮੌਕੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਢੁੱਕਵਾਂ ਇਨਾਮ ਦੇਣ ਦਾ ਐਲਾਨ ਵੀ ਕੀਤਾ।

Share this Article
Leave a comment