ਨਿਊਜ਼ ਡੈਸਕ : ਇਸ ਸਮੇਂ ਕੋਰੋਨਾਵਾਇਰਸ ਵਰਗੀ ਜਾਨਲੇਵਾ ਬਿਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਜਿਸ ਦੇ ਚੱਲਦਿਆਂ ਭਾਰਤ ਵਿੱਚ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਕਈ ਵੱਡੀਆਂ ਹਸ਼ਤੀਆਂ ਗਰੀਬ ਲੋਕਾਂ ਦੀ ਹਰ ਸੰਭਵ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਵਿੱਚ ਹੀ ਮਸ਼ਹੂਰ ਕਾਮੇਡੀਅਨ ਅਦਾਕਾਰ ਕਪਿਲ ਸ਼ਰਮਾ ਨੇ ਪਹਿਲਕਦਮੀ ਕਰਦੇ ਹੋਏ ਕੋਰੋਨਾ ਦੇ ਵਿਰੁੱਧ ਜੰਗ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 50 ਲੱਖ ਰੁਪਏ ਦਾਨ ਵਜੋਂ ਦਿੱਤੇ ਹਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, ਇਹ ਸਮਾਂ ਉਨ੍ਹਾਂ ਲੋਕਾਂ ਨਾਲ ਖੜ੍ਹੇ ਹੋਣ ਦਾ ਹੈ, ਜਿਨ੍ਹਾਂ ਨੂੰ ਸਾਡੀ ਲੋੜ ਹੈ। ਕੋਰੋਨਾ ਵਿਰੁੱਧ ਲੜਾਈ ਲਈ ਮੈਂ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 50 ਲੱਖ ਰੁਪਏ ਦਾਨ ਕਰ ਰਿਹਾ ਹਾਂ। ਨਾਲ ਹੀ ਕਪਿਲ ਸ਼ਰਮਾ ਨੇ ਸਭ ਨੂੰ ਆਪਣੇ ਘਰਾਂ ਅੰਦਰ ਹੀ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ।
It's time to stand together with the ones who need us. Contributing Rs.50 lakhs to the PM relief fund towards the #fightagainstcorona. Request everyone to #stayhome #staysafe #jaihind #PMrelieffund @narendramodi 🙏 🇮🇳
— Kapil Sharma (@KapilSharmaK9) March 26, 2020
ਇਸ ਤੋਂ ਇਲਾਵਾ ਕਪਿਲ ਸ਼ਰਮਾ ਆਰਟ ਆਫ ਲਿਵਿੰਗ ਮੁਹਿੰਮ ਵਿੱਚ ਵੀ ਸਹਿਯੋਗ ਕਰ ਰਹੇ ਹਨ। ਜਿਸ ਵਿੱਚ ਉਨ੍ਹਾਂ ਵੱਲੋਂ ਇੱਕ-ਇੱਕ ਮਜ਼ਦੂਰ ਨੂੰ 10 ਦਿਨ ਦਾ ਰਾਸ਼ਨ ਮੁੱਫਤ ਦਿੱਤਾ ਜਾ ਰਿਹਾ ਹੈ। ਕਪਿਲ ਸ਼ਰਮਾ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਨੇ ਵੀ ਕੋਰੋਨਾ ਵਿਰੁੱਧ ਜੰਗ ਲੜਨ ਲਈ ਮੁੰਬਈ ਨਗਰਪਾਲਿਕਾਂ ਦੇ ਕਰਮਚਾਰੀਆਂ ਨੂੰ ਮਾਸਕ ਖਰੀਦ ਕੇ ਦਿੱਤੇ ਹਨ। ਜਿਨ੍ਹਾਂ ਦੀ ਅੰਦਾਜ਼ਨ ਕੀਮਤ 20 ਲੱਖ ਰੁਪਏ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 730 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ 16 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਟੱਪ ਗਈ ਹੈ ਤੇ 5 ਲੱਖ 15 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।