ਨਿਊਜ਼ ਡੈਸਕ: ਪੰਜਾਬੀ ਮਨੋਰੰਜਨ ਜਗਤ ਨੂੰ ਅੱਜ ਇਕ ਹੋਰ ਘਾਟਾ ਪਿਆ ਹੈ। ਪੰਜਾਬੀ ਅਦਾਕਾਰ ਤੇ ਕਾਮੇਡੀਅਨ ਅੰਮ੍ਰਿਤਪਾਲ ਛੋਟੂ ਦਾ 17 ਫਰਵਰੀ 2023 ਨੂੰ ਦੇਹਾਂਤ ਹੋ ਗਿਆ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ।ਇਸ ਗੱਲ ਦੀ ਜਾਣਕਾਰੀ PFTAA Punjabi Film and TV Actors Assocation’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ ਕਿ, “ਅਸੀਂ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਅਦਾਕਾਰ ਅੰਮ੍ਰਿਤਪਾਲ ਛੋਟੂ ਨਹੀਂ ਰਹੇ। “ਅੰਮ੍ਰਿਤਪਾਲ ਛੋਟੂ ਪੰਜਾਬੀ ਅਤੇ ਬਾਲੀਵੁੱਡ ਕਾਮੇਡੀਅਨ ਅਤੇ ਅਦਾਕਾਰ ਸਨ। ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸੀ। ਅੰਮ੍ਰਿਤਪਾਲ ਛੋਟੂ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਕਾਮੇਡੀਅਨ ਵਜੋਂ ਆਪਣੀ ਭੂਮਿਕਾ ਲਈ ਮਸ਼ਹੂਰ ਸਨ। ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਸੀ ਤੇ ਸ਼ੁੱਕਰਵਾਰ ਸਵੇਰੇ ਰਾਮ ਦਰਬਾਰ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਅੰਮ੍ਰਿਤਪਾਲ ਛੋਟੂ ਨੇ ਵਿਆਹ 70 ਕਿੱਲੋਮੀਟਰ, ਦਿਲਜੀਤ ਦੁਸਾਂਝ ਨਾਲ ਸਰਦਾਰ ਜੀ, ਸਰਦਾਰੀ-2 ਸਮੇਤ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਨੇ ਇਕ ਸਟੈਂਡਿੰਗ ਕਾਮੇਡੀ ਸ਼ੋਅ ‘ਚ ਵੀ ਕੰਮ ਕੀਤਾ ਹੈ। ਅੰਮ੍ਰਿਤਪਾਲ ਛੋਟੂ ਦੀ ਮੌਤ ਨਾਲ ਪੰਜਾਬੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੀਐੱਫਟੀਏਏ ਦੇ ਪ੍ਰਧਾਨ ਕਰਮਜੀਤ ਅਨਮੋਲ, ਅਦਾਕਾਰ ਮਲਕੀਤ ਰੌਣੀ, ਜਸਵੀਰ ਗਿੱਲ, ਮੈਡਮ ਗੁਰਪ੍ਰੀਤ ਭੰਗੂ, ਸਤਵੰਦ ਕੌਰ, ਰੁਪਿੰਦਰ ਰੂਪੀ, ਤਰਸੇਮ ਪਾਲ, ਗੱਗੂ ਗਿੱਲ ਆਦਿ ਨੇ ਅਦਾਕਾਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।