ਨਿਊਜ਼ ਡੈਸਕ: ਅਮਰੀਕਾ ਵਿਚ ਠੰਡ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਰਫਬਾਰੀ ਵੀ ਲੋਕਾਂ ਲਈ ਮੁਸੀਬਤ ਬਣ ਗਈ ਹੈ। ਇਸ ਦੌਰਾਨ, ਸੀਜ਼ਨ ਵਿੱਚ ਪਹਿਲੀ ਵਾਰ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ, ਭਾਰੀ ਬਰਫਬਾਰੀ ਅਤੇ ਠੰਢੇ ਤਾਪਮਾਨ ਕਾਰਨ 2,300 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਲਗਾਤਾਰ ਬਰਫਬਾਰੀ, ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਸੀਤ ਲਹਿਰਾਂ ਕਾਰਨ ਪੂਰੇ ਅਮਰੀਕਾ ਵਿਚ ਹਵਾਈ ਯਾਤਰਾ ਤੋਂ ਇਲਾਵਾ ਸੜਕ ਅਤੇ ਰੇਲ ਆਵਾਜਾਈ (ਐਮਟਰੈਕ ਯਾਤਰੀ ਰੇਲ ਸੇਵਾ) ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਲਾਈਟ ਟ੍ਰੈਕਿੰਗ ਸਾਈਟ FlightAware ਦੇ ਮੁੁਤਾਬਿਕ, ਦੇਸ਼ ਦੀਆਂ ਸਾਰੀਆਂ ਏਅਰ ਟ੍ਰੈਫਿਕ ਕੰਪਨੀਆਂ ਨੇ ਬੀਤੀ ਸ਼ਾਮ 7 ਵਜੇ ਤੱਕ 2270 ਤੋਂ ਜ਼ਿਆਦਾ ਅਮਰੀਕੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਅੱਜ ਅਤੇ ਸ਼ੁੱਕਰਵਾਰ ਲਈ ਲਗਭਗ 1000 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਲਈ 85 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਰਿਪੋਰਟ ਮੁੁਤਾਬਿਕ ਵੀਰਵਾਰ ਸ਼ਾਮ 6 ਵਜੇ ਤੱਕ ਇਸ ਸੀਜ਼ਨ ‘ਚ 7500 ਤੋਂ ਜ਼ਿਆਦਾ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸ਼ਿਕਾਗੋ ਅਤੇ ਡੇਨਵਰ ਵਿੱਚ ਸਥਿਤੀ ਸਭ ਤੋਂ ਮਾੜੀ ਹੈ, ਜਿੱਥੇ ਇੱਕ ਚੌਥਾਈ ਤੋਂ ਵੱਧ ਉਡਾਣਾਂ ਦੀ ਟੇਕ-ਆਫ ਅਤੇ ਲੈਂਡਿੰਗ ਰੱਦ ਕਰ ਦਿੱਤੀ ਗਈ ਹੈ। ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਖੇਤਰ ਵਿੱਚ, ਪਾਰਾ ਇੰਨ੍ਹਾਂ ਘਟ ਗਿਆ ਕਿ ਸ਼ਾਮ 5 ਵਜੇ ਹਵਾਈ ਅੱਡੇ ‘ਤੇ ਜ਼ੀਰੋ ਵਿਜ਼ੀਬਿਲਟੀ ਅਤੇ ਤਾਪਮਾਨ -13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਅਨੁਸਾਰ ਵੀਰਵਾਰ ਨੂੰ ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਔਸਤਨ 159 ਮਿੰਟ ਦੀ ਦੇਰੀ ਨਾਲ ਚੱਲੀਆਂ ਹਨ।
ਰਾਸ਼ਟਰੀ ਮੌਸਮ ਏਜੰਸੀ ਨੇ ਭਿਆਨਕ ਧੁੰਦ ਦੀ ਚਾਦਰ ਦੇ ਨਾਲ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਅਲਰਟ ਤੋਂ ਬਾਅਦ ਅਮਰੀਕਾ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ‘ਚ ਬਰਫ ਪਿਘਲਣ ਵਾਲੇ ਰਸਾਇਣਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਸੇ ਸਮੇਂ, ਗ੍ਰੇਹੌਂਡ ਨੇ ਵੀਰਵਾਰ ਨੂੰ ਇੱਕ ਸੇਵਾ ਚੇਤਾਵਨੀ ਜਾਰੀ ਕੀਤੀ, ਯਾਤਰੀਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਮੱਧ ਪੱਛਮੀ ਵਿੱਚ ਯਾਤਰਾ ਕਰਨ ਵਾਲਿਆਂ ਲਈ ਯਾਤਰਾ ਵਿੱਚ ਦੇਰੀ ਜਾਂ ਉਡਾਣਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ।
Bomb Cyclone ਕਾਰਨ ਏਅਰਪੋਰਟ ਤੋਂ ਲੈ ਕੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਤੱਕ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਦੂਜੇ ਪਾਸੇ, ਦੁਨੀਆ ਭਰ ਵਿੱਚ ਕੋ+ਰੋ+ਨਾ ਦੇ ਵਧਦੇ ਪ੍ਰਕੋਪ ਦੇ ਕਾਰਨ, ਰਾਸ਼ਟਰਪਤੀ ਜੋ ਬਾਇਡਨ ਨੇ ਭੀੜ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਵਿਭਾਗ ਦੁਆਰਾ ਜਾਰੀ ਕੋਵਿਡ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।