ਜਗਤਾਰ ਸਿੰਘ ਸਿੱਧੂ;
ਅੱਜ ਮੁਹਾਲੀ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦੇਸ਼ ਦੀ ਖੁਸ਼ਹਾਲੀ ਅਤੇ ਬਹੁਪੱਖੀ ਵਿਕਾਸ ਨੂੰ ਸਮਰਪਿਤ ਸੋਚ ਦੇ ਅਧਾਰ ਉਤੇ ਲਿਖੀ ਕੇਜਰੀਵਾਲ ਮਾਡਲ ਪੁਸਤਕ ਜਾਰੀ ਕਰਨ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਤੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੇ ਇਲਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕਈ ਕੈਬਨਿਟ ਮੰਤਰੀ ਵੀ ਪੁੱਜੇ ਹੋਏ ਸਨ। ਇਹ ਕਿਤਾਬ ਪਹਿਲਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਜਾਰੀ ਹੋ ਚੁੱਕੀ ਹੈ! ਕਿਤਾਬ ਦੇ ਲੇਖਕ ਜੈਸਮੀਨ ਸ਼ਾਹ ਹਨ ਅਤੇ ਉਨਾਂ ਨੇ ਕੇਜਰੀਵਾਲ ਦੇ ਰਾਜਸੀ ਅਤੇ ਸਹਕਾਰ ਚਲਾਉਣ ਦੇ ਤਜਰਬੇ ਨੂੰ ਪਹਿਲਾਂ ਨਜਦੀਕ ਤੋਂ ਵੇਖਿਆ ਅਤੇ ਫਿਰ ਇਸ ਨੂੰ ਕਿਤਾਬੀ ਰੂਪ ਦਿੱਤਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸ ਤਰ੍ਹਾਂ ਭਾਜਪਾ ਅਤੇ ਕਾਂਗਰਸ ਵਹਗੀਆਂ ਰਵਾਇਤੀ ਪਾਰਟੀਆਂ ਨੇ ਆਪ ਨੂੰ ਅੱਗੇ ਵਧਣ ਤੋਂ ਰੋਕਿਆ। ਕੇਜਰੀਵਾਲ ਨੇ ਦੇਸ ਲਈ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ। ਇਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਕੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੀ ਦਿਸ਼ਾ ਦਿੱਤੀ ਹੈ। ਇਸ ਤੋਂ ਪਹਿਲੀਆਂ ਸਰਕਾਰਾਂ ਤਾਂ ਹੁਣ ਤੱਕ ਗ੍ਰਾਂਟਾਂ ਵੀ ਨਾਲੀਆਂ ਅਤੇ ਹੋਰ ਅਜਿਹੇ ਕੰਮਾਂ ਲਈ ਬਰਬਾਦ ਹੁੰਦੀਆਂ ਰਹੀਆਂ ਪਰ ਵਿਕਾਸ ਨਹੀਂ ਹੋਇਆ।ਮੁੱਖ ਮੰਤਰੀ ਨੇ ਦਿਲ ਖੋਲ੍ਹ ਕੇ ਵਿਕਾਸ ਬਾਰੇ ਪਿਛਲੀਆਂ ਸਰਕਾਰਾਂ ਦੇ ਤਜਰਬੇ ਸਾਂਝੇ ਕੀਤੇ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੌਕਾ ਮਿਲਿਆ ਤਾਂ ਉਹ ਵੀ ਕਿਤਾਬ ਲਿਖਣਗੇ। ਮੁੱਖ ਮੰਤਰੀ ਨੇ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਬਹੁਪੱਖੀ ਵਿਕਾਸ ਦੀ ਸ਼ਲਾਘਾ ਕੀਤੀ। ਆਪ ਆਗੂ ਸਿਸੋਦੀਆ ਨੇ ਵੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ।
ਆਪ ਦੇ ਜਨਰਲ ਸਕੱਤਰ ਅਤੇ ਸਭਿਆਚਾਰਕ, ਸਮਾਜਿਕ ਖੇਤਰ ਦੀ ਜਾਣੀ ਪਹਿਚਾਣੀ ਹਸਤੀ ਦੀਪਕ ਬਾਲੀ ਨੇ ਬਾਖੂਬੀ ਸਟੇਜ ਦਾ ਸੰਚਾਲਨ ਕੀਤਾ।
ਵਿਕਸਿਤ ਭਾਰਤ ਦੇ ਨਿਰਮਾਣ ਲਈ ਦਲੇਰਾਨਾ ਪਹੁੰਚ ਵਾਲਾ ਨਵਾਂ ਨਕਸ਼ਾ ਰਾਜਸੀ ਖੇਤਰ ਲਈ ਨਵੀਂ ਚਰਚਾ ਹੈ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੌਮੀ ਪੱਧਰ ਦੀ ਰਾਜਨੀਤੀ ਵਿੱਚ ਨਵੀਆਂ ਲੀਹਾਂ ਪਾ ਰਹੇ ਹਨ ਪਰ ਪੰਜਾਬੀਆਂ ਦੇ ਮਨਾਂ ਅੰਦਰ ਉਨਾਂ ਨੇ ਖਾਸ ਥਾਂ ਬਣਾ ਲਈ ਹੈ । ਉਹ ਪੰਜਾਬ ਦੀਆਂ ਵਿਕਾਸ ਸਰਗਰਮੀਆਂ ਨਾਲ ਜੁੜੇ ਹਰ ਵੱਡੇ ਸਮਾਗਮ ਨਾਲ ਜੁੜਨਾ ਇਕ ਮਾਣ ਸਮਝਦੇ ਹਨ। ਇਹ ਅਤਿਕਥਨੀ ਨਹੀਂ ਹੈਂ ਸਗੋਂ ਜਮੀਨੀ ਹਕੀਕਤ ਹੈ ਕਿ ਪੰਜਾਬ ਤੋਂ ਬਾਹਰ ਦਾ ਸ਼ਾਇਦ ਹੀ ਕੋਮੀ ਪੱਧਰ ਦਾ ਕੋਈ ਰਾਜਸੀ ਨੇਤਾ ਐਨੇ ਥੋੜ੍ਹੇ ਜਿਹੇ ਸਮੇਂ ਵਿੱਚ ਪੰਜਾਬੀਆਂ ਅੰਦਰ ਆਪਣੀ ਥਾਂ ਬਣਾ ਸਕਿਆ ਹੋਵੇਗਾ ਜਿਵੇਂ ਕਿ ਕੇਜਰੀਵਾਲ ਨੇ ਬਣਾਈ ਹੈ।
ਸੰਪਰਕ 9814002186