ਕੌਮਾਂਤਰੀ ਬਾਲ ਮਜ਼ਦੂਰੀ ਵਿਰੋਧੀ ਦਿਵਸ – ਸ਼ੌਕ ਨਹੀਂ ਮਜਬੂਰੀ ਹੈ ਬਾਲ ਮਜ਼ਦੂਰੀ

TeamGlobalPunjab
6 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਕਿਸੇ ਵੀ ਬੱਚੇ ਦਾ ਖੇਤ, ਕਾਰਖਾਨੇ ਜਾਂ ਦੁਕਾਨ ਆਦਿ ਵਿੱਚ ਮਜ਼ਦੂਰੀ ਲਈ ਪਹੁੰਚਣਾ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਉਸਦੇ ਪਰਿਵਾਰ ਦੀ ਮਾਲੀ ਹਾਲਤ ਇਸ ਕਦਰ ਪੇਤਲੀ ਹੈ ਕਿ ਖਿਡੌਣਿਆਂ ਨਾਲ ਖੇਡਦਿਆਂ ਤੇ ਕਿਤਾਬਾਂ ਨੂੰ ਪੜ੍ਹਦਿਆਂ ਬਚਪਨ ਬਤੀਤ ਕਰਨ ਦੀ ਥਾਂ ਉਸਨੂੰ ਹੱਥਾਂ ਵਿੱਚ ਛਾਲੇ ਲੈ ਕੇ ਨਿੱਕੀ ਉਮਰੇ ਹੀ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਪੈਂਦਾ ਹੈ। ਕਰੋਨਾ ਕਾਲ ਵਿੱਚ ਬਿਮਾਰੀ ਅਤੇ ਲਾਕਡਾਊਨ ਜਾਂ ਕਰਫ਼ਿਊ ਦੇ ਚਲਦਿਆਂ ਸਭ ਦੇ ਸਿਰਾਂ ‘ਤੇ ਆਣ ਪਏ ਵਿੱਤੀ ਸੰਕਟ ਨੇ ਗ਼ਰੀਬ ਤਬਕੇ ਦੀ ਹਾਲਤ ਬੇਹੱਦ ਤਰਸਯੋਗ ਕਰ ਦਿੱਤੀ ਹੈ। ਬੇਕਾਰੀ ਅਤੇ ਮਹਿੰਗਾਈ ਵਿੱਚ ਵੱਡਾ ਵਾਧਾ ਹੋਣ ਕਰਕੇ ਗ਼ਰੀਬ ਤੇ ਮੱਧਵਰਗ ਦੇ ਲੋਕਾਂ ਦਾ ਤਾਂ ਲੱਕ ਹੀ ਟੁੱਟ ਗਿਆ ਹੈ। ਮਜ਼ਦੂਰ ਪਰਿਵਾਰਾਂ ਵਿੱਚ ਤੇ ਬਾਲ ਮਜ਼ਦੂਰੀ ਵਾਲੇ ਪਰਿਵਾਰਾਂ ਵਿੱਚ ਤਾਂ ਫ਼ਾਕੇ ਕੱਟਣ ਦੀ ਨੌਬਤ ਆ ਗਈ ਹੈ। ਕਰੋਨਾ ਹੱਥੋਂ ਬਚ ਜਾਣ ਵਾਲੇ ਗ਼ਰੀਬ ਤੇ ਮਜ਼ਦੂਰ ਲੋਕ ਸ਼ਾਇਦ ਹੁਣ ਗ਼ਰੀਬੀ,ਮਹਿੰਗਾਈ ਤੇ ਬੇਕਾਰੀ ਹੱਥੋਂ ਜ਼ਰੂਰ ਮਰ ਜਾਣਗੇ।

ਘਰ ਦੀ ਗ਼ਰੀਬੀ ਤੇ ਹੋਰ ਮਜਬੂਰੀਆਂ ਕਰਕੇ 5 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ ਅਣਭੋਲ ਬਾਲਾਂ ਨੂੰ ਕਠਿਨ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਫਿਰ ਆਖ਼ਰੀ ਸਾਹ ਤੱਕ ਮਜ਼ਦੂਰੀ ਹੀ ਉਨ੍ਹਾ ਦਾ ਮੁਕੱਦਰ ਹੋ ਨਿੱਬੜਦੀ ਹੈ। ਸਮੁੱਚੇ ਵਿਸ਼ਵ ਵਿੱਚ 217 ਮਿਲੀਅਨ ਬੱਚਿਆਂ ਦਾ ਬਚਪਨ ਬਾਲ ਮਜ਼ਦੂਰੀ ਦੀਆਂ ਬੇੜੀਆਂ ਵਿੱਚ ਜਕੜਿਆ ਪਿਆ ਹੈ ਤੇ ਇਨ੍ਹਾ ਵਿੱਚੋਂ ਅਧਿਕਤਰ ਤਾਂ ਖ਼ਤਰਨਾਕ ਕਿਸਮ ਦੇ ਉਦਯੋਗਾਂ ਜਾਂ ਹੋਰ ਕਾਰਜਾਂ ਨੂੰ ਆਪਣੀ ਸਿਹਤ ਤੇ ਜਾਨ ਤਲੀ ‘ਤੇ ਰੱਖ ਕੇ ਕਰਦੇ ਹਨ। ਸਾਲ 2011 ਵਿੱਚ ਕੀਤੇ ਗਏ ਇੱਕ ਸਰਵੇ ਅਨੁਸਾਰ ਭਾਰਤ ਵਿੱਚ ਬੱਚਿਆਂ ਦੀ ਕੁੱਲ ਸੰਖਿਆ 259.64 ਮਿਲੀਅਨ ਸੀ ਜਿਨ੍ਹਾ ਵਿੱਚੋਂ 10.1 ਮਿਲੀਅਨ ਬਾਲ ਮਜ਼ਦੂਰੀ ਦੀ ਦਲਦਲ ਵਿੱਚ ਧੱਸੇ ਹੋਏ ਸਨ।

‘ਕੌਮਾਂਤਰੀ ਮਜ਼ਦੂਰ ਸੰਘ’ ਭਾਵ ਆਈ.ਐਲ.ਓ.ਨੇ ਬਾਲ ਮਜ਼ਦੂਰੀ ਵੱਲ ਵੱਖ ਵੱਖ ਮੁਲਕਾਂ ਦਾ ਧਿਆਨ ਦੁਆਉਣ,ਬਾਲ ਮਜ਼ਦੂਰੀ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਤੇ ਇਸਦੇ ਖ਼ਾਤਮੇ ਲਈ ਯਤਨ ਕਰਨ ਦੇ ਮੰਤਵ ਨਾਲ ਸਾਲ 2002 ਵਿੱਚ 12 ਜੂਨ ਦੇ ਦਿਨ ‘ ਕੌਮਾਂਤਰੀ ਬਾਲ ਮਜ਼ਦੂਰੀ ਵਿਰੋਧੀ ਦਿਵਸ ’ ਮਨਾਉਣਾ ਅਰੰਭ ਕੀਤਾ ਸੀ। ਆਈ.ਐਲ.ਓ. ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ‘ਤੇ ਕਰੋੜਾਂ ਬੱਚੇ-ਬੱਚੀਆਂ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹਨ ਜਿਸ ਕਰਕੇ ਉਨ੍ਹਾ ਨੂੰ ਸਿੱਖਿਆ,ਸਿਹਤ,ਆਰਾਮ ਅਤੇ ਆਜ਼ਾਦੀ ਨਹੀਂ ਮਿਲ ਪਾਉਂਦੇ ਹਨ ਜਿਸ ਕਰਕੇ ਉਨ੍ਹਾ ਨੂੰ ਹਾਸਿਲ ਕਈ ਮੂਲ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਕਾਰਖ਼ਾਨਿਆਂ ਅਤੇ ਦੁਕਾਨਾਂ ਆਦਿ ਵਿੱਚ ਕੰਮ ਕਰਨ ਤੋਂ ਇਲਾਵਾ ਮਾਸੂਮ ਬਾਲਾਂ ਨੂੰ ਗ਼ੁਲਾਮੀ, ਬੰਧੂਆ ਮਜ਼ਦੂਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਜਾਂ ਵੇਸਵਾਗਮਨੀ ਜਿਹੇ ਗ਼ੈਰ ਕਾਨੂੰਨੀ ਕੰਮਾਂ ਵਿੱਚ ਵਰਤ ਕੇ ਉਨ੍ਹਾ ਦਾ ਬਚਪਨ ਹੀ ਨਹੀਂ ਸਗੋਂ ਸਮੁੱਚਾ ਜੀਵਨ ਬਰਬਾਦ ਕਰ ਦਿੱਤਾ ਜਾਂਦਾ ਹੈ। ਕੁਝ ਮੁਲਕਾਂ ਵਿੱਚ ਅੱਤਵਾਦੀ ਸੰਗਠਨਾਂ ਵੱਲੋਂ ਖ਼ੂਨੀ ਸੰਘਰਸ਼ਾਂ ਵਿੱਚ ਬੱਚਿਆਂ ਨੂੰ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਬੇਹੱਦ ਖ਼ਤਰਨਾਕ ਤੇ ਵਿਨਾਸ਼ਕਾਰੀ ਰੁਝਾਨ ਹੈ।

- Advertisement -

ਭਾਰਤ ਵਿੱਚ 17 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਕੋਲੋਂ ਪੈਸੇ ਅਦਾ ਕਰ ਕੇ ਜਾਂ ਬਿਨਾ ਪੈਸੇ ਦਿੱਤਿਆਂ ਸ਼ਰੀਰਕ ਜਾਂ ਦਿਮਾਗੀ ਕੰਮ ਕਰਵਾਉਣ ਨੂੰ ਬਾਲ ਮਜ਼ਦੂਰੀ ਮੰਨਿਆ ਜਾਂਦਾ ਹੈ। ਭਾਰਤ ਦਾ ਫੈਕਟਰੀ ਐਕਟ-1948 ਤਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਫੈਕਟਰੀ ‘ਚ ਕੰਮ ਕਰਨ ਤੋਂ ਮਨ੍ਹਾ ਕਰਦਾ ਹੈ। ਇਸੇ ਤਰ੍ਹਾਂ ਮਾਈਨਜ਼ ਐਕਟ-1952 ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚੇ ਮਾਈਨਜ਼ ਭਾਵ ਕੋਲੇ,ਲੋਹੇ,ਹੀਰੇ ਆਦਿ ਦੀਆਂ ਖਾਣਾਂ ਵਿੱਚ ਕੰਮ ਨਹੀਂ ਕਰ ਸਕਦੇ ਹਨ। ਚਾਈਲਡ ਐਂਡ ਐਡੋਲਸੈਂਟ ਲੇਬਰ ਐਕਟ-1986 ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰੇਲੂ ਨੌਕਰ ਵਜੋਂ ਵਰਤਣਾ ਅਤੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਖ਼ਤਰੇ ਵਾਲੇ ਉਦਯੋਗਾਂ ਜਾਂ ਕੰਮਾਂ ਵਿੱਚ ਵਰਤਣਾ ਗ਼ੈਰਕਾਨੂੰਨੀ ਹੈ। ਜੁਵੀਨਾਈਲ ਜਸਟਿਸ ਐਕਟ ਆਫ਼ ਚਿਲਡਰਨ ਐਕਟ-2015 ਤਾਂ ਮਜ਼ਦੂਰੀ ਖ਼ਾਤਿਰ ਕਿਸੇ ਬੱਚੇ ਨੂੰ ਬੰਧੂਆ ਬਣਾ ਕੇ ਰੱਖਣ ਨੂੰ ਸਜ਼ਾਯੋਗ ਅਪਰਾਧ ਮੰਨਦਾ ਹੈ। ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ-2009 ਤਾਂ 6 ਤੋਂ 14 ਸਾਲ ਦੀ ਉਮਰ ਦੇ ਹਰੇਕ ਬੱਚੇ ਲਈ ਮਜ਼ਦੂਰੀ ਦੀ ਥਾਂ ਲਾਜ਼ਮੀ ਤੇ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੀ ਗੱਲ ਕਰਦਾ ਹੈ।

ਸੰਨ 1979 ਵਿੱਚ ਗੁਰੂਪਦਸੁਆਮੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਬਾਲ ਮਜ਼ਦੂਰੀ ਦੇ ਵੱਖ ਵੱਖ ਕਾਰਨਾਂ,ਪ੍ਰਭਾਵਾਂ ਤੇ ਖ਼ਤਮ ਕਰਨ ਦੇ ਉਪਾਵਾਂ ਬਾਰੇ ਕਦਮ ਚੁੱਕੇ ਜਾ ਸਕਣ। ਸੰਨ 1986 ਵਿੱਚ ਇਸ ਕਮੇਟੀ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ‘ਤੇ ਹੀ ਚਾਈਲਡ ਲੇਬਰ ਐਂਡ ਰੈਗੂਲੇਸ਼ਨ ਐਕਟ ਤਿਆਰ ਕੀਤਾ ਗਿਆ ਸੀ। ਖ਼ਤਰੇ ਵਾਲੇ ਉਦਯੋਗਾਂ ਤੇ ਹੋਰ ਧੰਦਿਆਂ ਵਿੱਚ ਲੱਗੇ ਬਾਲ ਮਜ਼ਦੂਰਾਂ ਦੇ ਮੁੜਵਸੇਬੇ ਲਈ ਸੰਨ 1987 ਵਿੱਚ ਕੌਮੀ ਨੀਤੀ ਵੀ ਤਿਆਰ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਗ਼ੈਰ-ਸਰਕਾਰੀ ਸਗਠਨ ਜਿਵੇਂ ਕਿ ‘ ਬਚਪਨ ਬਚਾਓ ਅੰਦੋਲਨ,ਚਾਈਲਡ ਫੰਡ,ਕੇਅਰ,ਤਲਾਸ਼,ਚਾਈਲਡ ਰਾਈਟਸ ਐਂਡ ਯੂ,ਗਲੋਬਲ ਮਾਰਚ ਅਗੇਂਸਟ ਚਾਈਲਡ ਲੇਬਰ,ਰਾਈਡ ਇੰਡੀਆ ਅਤੇ ਚਾਈਲਡਹੁੱਡ’ ਆਦਿ ਨਿਰੰਤਰ ਹੀ ਬਾਲ ਮਜ਼ਦੂਰਾਂ ਦੀ ਭਲਾਈ ਲਈ ਕਾਰਜਸ਼ੀਲ ਹਨ।

ਦੁਨੀਆ ਭਰ ਵਿੱਚ ਬਾਲ ਮਜ਼ਦੂਰੀ ਖ਼ਤਮ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਤੇ ਅੰਕੜਿਆਂ ਮੁਤਾਬਕ ਬਾਲ ਮਜ਼ਦੂਰਾਂ ਦੀ ਸੰਖਿਆ ਵਿੱਚ ਗਿਰਾਵਟ ਆ ਵੀ ਰਹੀ ਹੈ। ਸੰਨ 2000 ਵਿੱਚ 246 ਮਿਲੀਅਨ ਬਾਲ ਮਜ਼ਦੂਰ ਸਨ ਤੇ ਸੰਨ 2016 ਵਿੱਚ ਇਹ ਸੰਖਿਆ 152 ਮਿਲੀਅਨ ਰਹਿ ਗਈ ਸੀ ਭਾਵ 94 ਮਿਲੀਅਨ ਬੱਚੇ ਬਾਲ ਮਜ਼ਦੂਰੀ ਦੇ ਚੁੰਗਲ ਤੋਂ ਮੁਕਤ ਹੋ ਗਏ ਸਨ। ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੇ ਸਾਲ 2025 ਤੱਕ ਵਿਸ਼ਵ ਵਿੱਚੋਂ ਬਾਲ ਮਜ਼ਦੂਰੀ ਖ਼ਤਮ ਕਰਨ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਇੱਕ ਉਹ ਵੀ ਦਿਨ ਆਏਗਾ ਜਦੋਂ ਹਰ ਬੱਚੇ ਨੂੰ ਆਪਣਾ ਬਚਪਨ ਹੰਢਾਉਣ ਦਾ ਮੌਕਾ ਮਿਲੇਗਾ ਤੇ ਬਾਲ ਮਨਾਂ ਦੇ ਸੁਪਨੇ ਪੂਰੇ ਹੋ ਸਕਣਗੇ।

Share this Article
Leave a comment