ਜਗਤਾਰ ਸਿੰਘ ਸਿੱਧੂ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਲੜਾਈ ਦੀ ਲਕੀਰ ਖਿੱਚ ਦਿੱਤੀ ਹੈ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪਹਿਲਾਂ ਵਿਰੋਧੀ ਆਖਦੇ ਸਨ ਕਿ ਨਸ਼ਿਆਂ ਵਿਰੁੱਧ ਯੁੱਧ ਵਿੱਚ ਛੋਟੀਆਂ ਮੱਛੀਆਂ ਨੂੰ ਹੱਥ ਪਾਇਆ ਜਾ ਰਿਹਾ ਹੈ ਪਰ ਹੁਣ ਤਾਂ ਜਰਨੈਲ ਅੰਦਰ ਜਾ ਰਹੇ ਹਨ।ਇਹ ਕਿਹਾ ਗਿਆ ਹੈ ਕਿ ਪੱਕੇ ਪੈਰੀਂ ਹੱਥ ਪਾਇਆ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਹੈ ਕਿ ਹੁਣ ਤਾਂ ਆਪ ਅਤੇ ਵਿਰੋਧੀ ਧਿਰਾਂ ਆਹਮੋ ਸਾਹਮਣੇ ਹਨ। ਇਸ ਟਿੱਪਣੀ ਦੀ ਅਹਿਮੀਅਤ ਹੋਰ ਵੀ ਵਧੇਰੇ ਹੈ ਕਿਉਂਕਿ ਇਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਦਾਲਤ ਵਲੋਂ 7 ਦਿਨ ਦਾ ਰਿਮਾਂਡ ਦੇਣ ਬਾਅਦ ਆਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਅਤੇ ਹੋਰਨਾਂ ਨੇ ਕਿਹਾ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਸਾਰਾ ਜਾਅਲੀ ਮਾਮਲਾ ਤਿਆਰ ਕੀਤਾ ਗਿਆ ਹੈ। ਸਰਕਾਰ ਨੂੰ ਨਸ਼ੇ ਦੇ ਦਰਜ ਕੇਸ ਵਿੱਚ ਕੁਝ ਨਹੀਂ ਮਿਲਿਆ ਤਾਂ ਹੁਣ ਇਹ ਕੇਸ ਵੀ ਟਿਕਣ ਵਾਲਾ ਨਹੀਂ ਹੈ।
ਇਸ ਤਰ੍ਹਾਂ ਦੀ ਸਥਿਤੀ ਵਿੱਚ ਹਾਕਮ ਧਿਰ ਵਲੋਂ ਲਗਾਤਾਰ ਤੱਥਾਂ ਨਾਲ ਜਾਣਕਾਰੀ ਦੇਣ ਵਾਲੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਨੇਤਾ ਮਜੀਠੀਆ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਇੱਕਠੇ ਦਸ ਸਾਲ ਦੇ ਸਮੇਂ ਵਿੱਚ ਕਈ ਕੰਪਨੀਆਂ ਖੜ੍ਹੀਆਂ ਕੀਤੀਆਂ ਅਤੇ ਕਰੋੜਾਂ ਰੁਪਏ ਦਾ ਲੈਣ-ਦੇਣ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਹ ਕਿਹਾ ਗਿਆ ਹੈ ਕਿ ਮੁਢਲੀ ਜਾਂਚ ਵਿੱਚ ਜੋ ਸਾਹਮਣੇ ਆਇਆ ਹੈ ਉਸ ਅਨੁਸਾਰ 540 ਕਰੋੜ ਦੀ ਰਕਮ ਅਜਿਹੀ ਹੈ ਜਿਸ ਦੇ ਸਾਧਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਕਿਧਰੋਂ ਆਈ ਹੈ। ਇਸ ਵਿਚ ਕਈ ਅਜਿਹੀਆਂ ਕੰਪਨੀਆਂ ਰਾਹੀਂ ਪੈਸੇ ਦੀ ਵਰਤੋਂ ਦੀ ਜਾਣਕਾਰੀ ਮਿਲਦੀ ਹੈ ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਦਾ ਕੰਮ ਕਰਨ ਲਈ ਜਾਣੀਆਂ ਜਾਂਦੀਆਂ ਹਨ।ਇਸ ਵਿੱਚ ਵਿਦੇਸ਼ੀ ਫੰਡਾਂ ਦਾ ਮਾਮਲਾ , 29 ਮੋਬਾਈਲ ਫੋਨ ਅਤੇ ਹੋਰ ਸਮਾਨ ਸ਼ਾਮਲ ਹੈ ਜਿਸ ਨਾਲ ਹੋਰ ਤੱਥ ਸਾਹਮਣੇ ਆ ਸਕਦੇ ਹਨ।
ਇਸ ਸਾਰੇ ਮਾਮਲੇ ਬਾਰੇ ਵਿਰੋਧੀ ਧਿਰਾਂ ਦੇ ਆਗੂਆਂ, ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ।ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਲਈ ਬਣੀ ਕਮੇਟੀ ਦੇ ਤਿਖੇ ਮਤਭੇਦ ਹਨ ਪਰ ਇਸ ਕਮੇਟੀ ਦੇ ਆਗੂਆਂ ਨੇ ਵੀ ਮਜੀਠੀਆ ਉੱਪਰ ਕਾਰਵਾਈ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਨਸ਼ਿਆਂ ਵਿਰੁੱਧ ਲੜਾਈ ਨੂੰ ਸਖਤੀ ਨਾਲ ਲੜਨ ਦਾ ਨਿਸ਼ਚਾ ਦੁਹਰਾਉਂਦਿਆਂ ਕਿਹਾ ਹੈ ਕਿ ਕਿਸੇ ਦਾ ਘਰ ਉਜਾੜਕੇ ਧਨ ਇੱਕਠਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਮੇਰਾ ਬੇਸ਼ੱਕ ਕੋਈ ਨੁਕਸਾਨ ਹੋ ਜਾਵੇ ਪਰ ਉਹ ਪੰਜਾਬ ਲਈ ਖੜੇ ਹਨ ਅਤੇ ਰੰਗਲਾ ਪੰਜਾਬ ਬਣੇਗਾ।
ਸੰਪਰਕ 9814002186