ਨਵੀਂ ਦਿੱਲੀ: ਰਾਜਧਾਨੀ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਮਾਮੂਲੀ ਵਾਧਾ ਹੁੰਦਿਆਂ ਦੇਖ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਮਰਜੈਂਸੀ ਬੈਠਕ ਬੁਲਾਈ। ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਦਿੱਲੀ ਦੇ ਅੰਦਰ ਰੋਜ਼ਾਨਾ ਕੋਵਿਡ-19 ਦੀ ਜਾਂਚ ਸਮਰੱਥਾ ਦੁੱਗਣੀ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਅਗਲੇ ਹਫਤੇ ਤੋਂ ਰੋਜ਼ਾਨਾ 40 ਹਜ਼ਾਰ ਟੈਸਟ ਕੀਤੇ ਜਾਣਗੇ। ਜਿਸ ਨਾਲ ਵੱਧ ਤੋਂ ਵੱਧ ਲੋਕਾਂ ਦੇ ਪੀੜਤ ਹੋਣ ਬਾਰੇ ਜਾਣਕਾਰੀ ਮਿਲ ਸਕੇਗੀ। ਇਸ ਸਮੇਂ ਦਿੱਲੀ ਵਿੱਚ ਰੋਜ਼ਾਨਾ 20 ਹਜ਼ਾਰ ਟੈਸਟ ਹੋ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਆਉਣ ਵਾਲੇ ਹਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਸਪਤਾਲ ਵਿੱਚ 10 ਹਜ਼ਾਰ ਤੋਂ ਵੱਧ ਬੈੱਡ ਖਾਲੀ ਹਨ, ਐਂਬੂਲਸ ਦੀ ਵੀ ਕਮੀ ਨਹੀਂ ਹੈ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ, ਹਾਲਾਂਕਿ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਲਈ ਦਿੱਲੀ ਸਰਕਾਰ ਲੋਕਾਂ ਨੂੰ ਕਰੋਨਾ ਨਾਲ ਜੁੜੀ ਹਰ ਗਾਈਡਲਾਈਨ ਨੂੰ ਸਖ਼ਤੀ ਨਾਲ ਮੰਨਣ ਦੀ ਅਪੀਲ ਕਰ ਰਹੀ ਹੈ।
17 ਅਗਸਤ ਤੋਂ ਬਾਅਦ ਦਿੱਲੀ ਵਿੱਚ 1200 ਤੋਂ 1400 ਨਵੇਂ ਮਾਮਲੇ ਆ ਰਹੇ ਹਨ, ਪਿਛਲੇ ਦਿਨ 1544 ਨਵੇਂ ਮਾਮਲੇ ਸਾਹਮਣੇ ਆਏ। ਕੇਸਾਂ ਵਿੱਚ ਹੋਏ ਮਾਮੂਲੀ ਵਾਧੇ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਨੇ ਟੈਸਟਿੰਗ ਦੀ ਸਮਰਥਾ ਨੂੰ ਦੁੱਗਣਾ ਕਰਨ ਦਾ ਫੈਸਲਾ ਲਿਆ।