ਮੁੱਖ ਮੰਤਰੀ ਚੰਨੀ ਵਲੋਂ ਰਮਾਇਣ, ਮਹਾਂਭਾਰਤ ਅਤੇ ਸ਼੍ਰੀਮਦ ਭਗਵਦ ਗੀਤਾ ‘ਤੇ ਖੋਜ ਕੇਂਦਰ ਸਥਾਪਿਤ ਕਰਨ ਦਾ ਐਲਾਨ

TeamGlobalPunjab
5 Min Read

 ਪੰਜਾਬੀ ਯੂਨੀਵਰਸਿਟੀ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਲਈ ਸਾਲਾਨਾ 2 ਕਰੋੜ ਰੁਪੈ ਦੇਣ ਦਾ ਐਲਾਨ

ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀਂ

ਫਗਵਾੜਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਰਮਾਇਣ, ਮਹਾਂਭਾਰਤ ਤੇ ਸ੍ਰੀਮਦ ਭਗਵਦ ਗੀਤਾ ਉੱਪਰ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਐਤਵਾਰ ਨੂੰ ਫਗਵਾੜਾ ਨੇੜੇ ਭਗਵਾਨ ਪਰਸ਼ੂਰਾਮ ਜੀ ਦੀ ਤਪਸ ਸਥਲੀ ਵਿਖੇ ਨਤਮਸਤਕ ਹੋਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਰਚਨਾਵਾਂ ਉੱਪਰ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਵਿਸ਼ਵ ਪੱਧਰੀ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।

- Advertisement -

 ਉਨ੍ਹਾਂ ਕਿਹਾ ਕਿ ਰਮਾਇਣ, ਮਹਾਂਭਾਰਤ ਤੇ ਸ਼੍ਰੀਮਦ ਭਗਵਦ ਗੀਤਾ ਸਦੀਆਂ ਤੋਂ ਮਨੁੱਖਤਾ ਲਈ ਪ੍ਰੇਰਨਾ ਦਾ ਸ੍ਰੋਤ ਹਨ ਜਿਸ ਕਰਕੇ ਖੋਜ ਕੇਂਦਰ ਨਾਲ ਇਨ੍ਹਾਂ ਗ੍ਰੰਥਾਂ ਦਾ ਸੰਦੇਸ਼ ਭਵਿੱਖੀ ਨਸਲਾਂ ਤੱਕ ਹੋਰ ਅਸਰਦਾਰ ਤਰੀਕੇ ਨਾਲ ਪੁੱਜਦਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਾਬਤ ਸ਼ੰਕਰਾਚਾਰੀਆਵਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਪਰਸ਼ੂਰਾਮ ਜੀ ਦੇ ਤਪਸ ਸਥਾਨ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ। ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਭਗਵਾਨ ਪਰਸ਼ੂਰਾਮ ਦੇ ਮੰਦਿਰ ਦੇ ਵਿਕਾਸ ਲਈ 10 ਕਰੋੜ ਰੁਪੈ ਦਾ ਚੈਕ ਵੀ ਸੌਂਪਿਆ।

ਇਸ ਤੋਂ ਇਲਾਵਾ ਭਗਵਾਨ ਪਰਸ਼ਰਾਮ ਦੇ ਮਾਤਾ ਰੇਣੂਕਾ ਜੀ ਦੇ ਸਥਾਨ ਲਈ ਵੀ 75 ਲੱਖ ਰੁਪੈ ਦੇਣ ਦਾ ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਗਊ ਧੰਨ ਦੀ ਸਹੀ ਸਾਂਭ ਸੰਭਾਲ ਲਈ ਬ੍ਰਾਹਮਣ ਭਲਾਈ ਬੋਰਡ ਨੂੰ ਇਸਦੀ ਜਿੰਮੇਵਾਰੀ ਸੌਪੀ ਜਾਵੇਗੀ ਅਤੇ ਇਸ ਲਈ ਬੋਰਡ ਨੂੰ ਬਕਾਇਦਾ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ।

- Advertisement -

 

ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਕੌਰਵਾਂ ਦਾ ਨਾਸ ਧ੍ਰਿਤਰਾਸ਼ਟਰ ਦੇ ਪੁੱਤਰ ਮੋਹ ਕਾਰਨ ਹੋਇਆ ਸੀ ਅਤੇ ਇਸ਼ੇ ਤਰ੍ਹਾਂ ਹੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਪੁੱਤਰ ਦੇ ਮੋਹ ਕਾਰਨ ਅਕਾਲੀ ਦਲ ਔਖੇ ਵਕਤ ਦਾ ਸਾਹਮਣਾ ਕਰ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਬਾਰੇ ਕੁਝ ਨਹੀਂ ਜਾਣਗੇ ਬਲਕਿ ਹਰ ਮਸਲੇ ’ਤੇ ਨਿਰਆਧਾਰ ਬੋਲਦੇ ਹਨ।

ਉਨ੍ਹਾਂ ਕਿਹਾ ਕਿ ਉਹ ਕਾਂਗਰਸ ਲੀਡਰਸ਼ਿਪ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਦੇ ਹਨ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ 1500 ਕਰੋੜ ਰੁਪੈ ਦੇ ਬਿਜਲੀ ਦੇ ਬਿੱਲਾਂ ਦੇ ਬਕਾਏ ਮਾਫ ਕੀਤੇ ਗਏ ਹਨ ਅਤੇ ਬਿਜਲੀ 3 ਰੁਪੈ ਪ੍ਰਤੀ ਯੂਨਿਟ ਸਸਤੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਜਿੱਥੇ ਰੇਤ ਦੇ ਭਾਅ ਨੂੰ ਸਾਢੇ 5 ਰੁਪੈ ਪ੍ਰਤੀ ਫੁੱਟ ਕੀਤਾ ਗਿਆ ਹੈ ਉੱਥੇ ਹੀ ਸ਼ਹਿਰੀ ਖੇਤਰਾਂ ਲਈ ਪਾਣੀ ਦੇ ਬਿੱਲ ਵੀ 50 ਰੁਪੈ ਤੱਕ ਕਰ ਦਿੱਤੇ ਗਏ ਹਨ।

ਉਨ੍ਹਾਂ ਭਗਵਾਨ ਪਰਸ਼ੂਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਰਾਜਿਆਂ ਦੇ ਪਾਪਾਂ ਦਾ ਅੰਤ ਕੀਤਾ ਅਤੇ ਆਮ ਆਦਮੀ ਦਾ ਰਾਜ ਸਥਾਪਿਤ ਕੀਤਾ। ਉਨ੍ਹਾਂ ਬ੍ਰਾਹਮਣ ਸਮਾਜ ਦੇ ਨਾਲ ਆਪਣੀ ਨਿੱਜੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਰੜ ਤੋਂ ਕੌਂਸਲਰ ਬਣਨ ਵੇਲੇ ਬ੍ਰਾਹਮਣ ਸਮਾਜ ਵਲੋਂ ਉਨ੍ਹਾਂ ਦਾ ਵੱਡਾ ਸਾਥ ਦਿੱਤਾ ਗਿਆ।

 

ਮੁੱਖ ਮੰਤਰੀ ਵਲੋਂ ਇਸ ਮੌਕੇ ਭਗਵਾਨ ਪਰਸ਼ੂਰਾਮ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਚੇਅਰ ਲਈ 2 ਕਰੋੜ ਰੁਪੈ ਸਾਲਾਨਾ ਦੇਣ ਦਾ ਐਲਾਨ ਕੀਤਾ। ਇਸ ਤੋ ਇਲਾਵਾ ਖਾਟੀ ਪਿੰਡ ਲਈ 21 ਲੱਖ ਰੁਪੈ ਦੇਣ ਦਾ ਵੀ ਐਲਾਨ ਕੀਤਾ ਗਿਆ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਾਂਗਰਸ ਪਾਰਟੀ ਦੀ ਲੋਕ ਪੱਖੀ ਤੇ ਵਿਕਾਸਮੁਖੀ ਸੋਚ ਦੇ ਧਾਰਨੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸਾਰੇ ਧਰਮਾਂ ਦੇ ਵਿਕਾਸ ਲਈ ਯਤਨਸ਼ੀਲ ਹਨ। ਕੈਬਨਿਟ ਮੰਤਰੀ ਵਲੋਂ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਬ੍ਰਾਹਮਣ ਸਮਾਜ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ।

ਇਸੇ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸੂਬਾ ਸਰਕਾਰ ਨੇ ਬ੍ਰਾਹਮਣ ਭਲਾਈ ਬੋਰਡ ਬਣਾਕੇ ਸਮਾਜ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਭਗਵਾਨ ਪਰਸ਼ੂਰਾਮ ਦੇ ਮੰਦਿਰ ਲਈ 10 ਕਰੋੜ ਰੁਪੈ ਦੇਣ ਬਦਲੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਫਗਵਾੜਾ ਹਲਕੇ ਲਈ ਮੰਗਾਂ ਰੱਖੀਆਂ, ਜਿਸ ਵਿਚ ਉਨ੍ਹਾਂ ਫਗਵਾੜਾ ਨੂੰ ਜਿਲ੍ਹੇ ਦਾ ਰੁਤਬਾ ਦੇਣ ਦੀ ਮੰਗ ਕੀਤੀ।

ਇਸ ਮੌਕੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਬੀਰ ਰਾਣੀ ਸੋਢੀ, ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਐਡਵੋਕੇਟ ਸ਼ੇਖਰ ਸ਼ੁਕਲਾ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਹਿਕਾਰੀ ਬੈਂਕ ਦੇ ਚੇਅਰਮੈਨ ਹਰਜੀਤ ਸਿੰਘ ਪਰਮਾਰ, ਚੇਅਰਮੈਨ ਪੰਜਾਬ ਖਾਦੀ ਬੋਰਡ ਮਮਤਾ ਦੱਤਾ, ਆਈ.ਜੀ. ਜਲੰਧਰ ਰੇਂਜ਼ ਜੀ.ਐਸ. ਢਿੱਲੋਂ, ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ, ਚੇਅਰਮੈਨ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਗੀਤਾ ਸ਼ਰਮਾ, ਜਿਲ੍ਹਾ ਕੋਆਰਡੀਨੇਟਰ ਦਲਜੀਤ ਸਿੰਘ ਰਾਜੂ, ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂਰ ਸਿੰਘ ਹਾਜ਼ਰ ਸਨ।

Share this Article
Leave a comment