ਹੁਣ ਚੀਨ ‘ਚ ਦਸਤਾਰ ਦੀ ਜੰਗ, ਇੱਥੇ ਰਹਿਣ ਲਈ ਸਿਖਾਂ ਨੂੰ ਉਤਾਰਨੀ ਪਵੇਗੀ ਪੱਗ ?

TeamGlobalPunjab
2 Min Read

ਦਸਤਾਰ ਇੱਕ ਸਿੱਖ ਦਾ ਤਾਜ਼ ਹੁੰਦੀ ਹੈ ਅਤੇ ਹਰ ਇੱਕ ਸਿੱਖ ਨੂੰ ਦਸਤਾਰ ਸਜਾਉਣ ਦੀ ਹਿਦਾਇਤ ਵੀ ਹੁੰਦੀ ਹੈ ਪਰ ਹੁਣ ਖ਼ਬਰ ਹੈ ਕਿ ਗੁਆਂਢੀ ਮੁਲਕ ਚੀਨ ਦੀ ਸਰਕਾਰ ਨੇ ਸਿੱਖਾਂ ਨੂੰ ਦਸਤਾਰ ਬੰਨਣ ‘ਤੇ ਹੀ ਪਾਬੰਦੀ ਲਗਾ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਉੱਥੇ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਵੀ ਨਹੀਂ ਮਿਲ ਰਹੀ।

ਮੀਡੀਆ ਰਿਪੋਰਟਾਂ ਮੁਤਾਬਿਕ ਝਿਜਿਆਂਗ ਸੂਬੇ ਦੇ ਯੀਯੂ ਸ਼ਹਿਰ ਦੇ ਰਵਿੰਦਰ ਸਿੰਘ ਵੱਲੋਂ ਇਹ ਦੱਸਿਆ ਗਿਆ ਹੈ ਕਿ ਚੀਨ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਸਿੱਖ ਵਿਅਕਤੀ ਨੇ ਮੋਬਾਇਲ ਸਿੰਮ ਵੀ ਲੈਣਾ ਹੈ ਤਾਂ ਉਸ ਨੂੰ ਪਹਿਲਾਂ ਆਪਣੀ ਦਸਤਾਰ ਵੀ ਉਤਾਰਨੀ ਪਵੇਗੀ ਅਤੇ ਕੇਸ ਵੀ ਖੋਲ੍ਹਣੇ ਪੈਣਗੇ।

ਜਾਣਕਾਰੀ ਮੁਤਾਬਕ ਚੀਨ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਸ਼ਨਾਖਤੀ ਦਸਤਾਵੇਜ਼ ਜਿਵੇਂ ਲਾਈਸੈਂਸ, ਵੀਜ਼ਾ ਵਧਾਉਣ ਆਦਿ ਬਣਵਾਉਣ ਲਈ ਦਸਤਾਵੇਜ਼ਾਂ ‘ਤੇ ਜਿਹੜੀ ਫੋਟੋ ਲਗਾਉਣੀ ਹੈ ਉਹ ਵੀ ਬਿਨਾਂ ਪੱਗ ਜਾਂ ਫਿਰ ਬਿਨਾਂ ਪਟਕੇ ਤੋਂ ਹੋਣੀ ਚਾਹੀਦੀ ਹੈ।

ਖ਼ਬਰ ਇਹ ਵੀ ਹੈ ਕਿ ਮੀਡੀਆ ਨਾਲ ਰਵਿੰਦਰ ਸਿੰਘ ਨਾਮਕ ਵਿਅਕਤੀ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਬਿਨਾਂ ਦਸਤਾਰ ਤੋਂ ਅਤੇ ਕੇਸ ਖੋਲ੍ਹ ਕੇ ਆਪਣੀ ਫੋਟੋ ਨਹੀਂ ਖਿੱਚਵਾਏਗਾ ਤਾਂ ਉਸ ਨੂੰ ਸਿੰਮ ਕਾਰਡ ਨਹੀਂ ਮਿਲੇਗਾ। ਰਵਿੰਦਰ ਸਿੰਘ ਅਨੁਸਾਰ ਜਿਹੜੇ ਵਿਅਕਤੀ ਜ਼ੈਡ ਵੀਜ਼ਾ (ਵਰਕ ਵੀਜ਼ਾ) ਲੈ ਕੇ ਚੀਨ ਜਾਂਦੇ ਹਨ ਉਹ ਲੰਬਾ ਸਮਾਂ ਉੱਥੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਆਪਣੀਆਂ ਗੱਡੀਆਂ ਹਨ ਪਰ ਉੱਥੇ ਲਾਈਸੈਂਸ ਲੈਣ ਲਈ ਉਨ੍ਹਾਂ ਨੂੰ ਆਪਣੀ ਦਸਤਾਰ ਉਤਾਰਨੀ ਪੈ ਰਹੀ ਹੈ।

- Advertisement -

ਜਾਣਕਾਰੀ ਮੁਤਾਬਕ ਰਵਿੰਦਰ ਸਿੰਘ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਜੇਕਰ ਉਸ ਨੂੰ ਚੀਨ ਅੰਦਰ ਰਹਿਣਾ ਪੈਂਦਾ ਹੈ ਤਾਂ ਇਸ ਲਈ ਉਸ ਨੂੰ ਆਪਣੀ ਦਸਤਾਰ ਉਤਾਰ ਕੇ ਦਾੜ੍ਹੀ ਵੀ ਸ਼ੇਵ ਕਰਾਉਣੀ ਪਵੇਗੀ। ਰਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਚੀਨ ਵਿਚ ਰਹਿੰਦੇ ਦਸਤਾਰ ਅਤੇ ਦਾੜ੍ਹੀ ਦੇ ਮੁੱਦੇ ਨੂੰ ਵੀਚੈਟ ਸਮੂਹ ਦੇ ਜ਼ਰੀਏ ਸ਼ੰਘਾਈ ਵਿਚ ਸਥਿਤ ਭਾਰਤੀ ਕੌਂਸਲੇਟ ਨੂੰ ਵੀ ਦੱਸਿਆ ਸੀ ਪਰ ਕੋਈ ਲਾਭ ਨਹੀਂ ਹੋਇਆ।

Share this Article
Leave a comment